ਏਐੱਨਆਈ, ਨਵੀਂ ਦਿੱਲੀ : ਦੇਸ਼ ’ਚ ਜਾਰੀ ਤੀਸਰੇ ਫੇਜ਼ ਦੀ ਵੈਕਸੀਨੇਸ਼ਨ ਦੌਰਾਨ ਕੇਂਦਰੀ ਸਿਹਤ ਮੰਤਰਾਲਿਆਂ ਨੇ ਤਿੰਨ ਦਿਨਾਂ ਅੰਦਰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੈਕਸੀਨ ਦੀ 38 ਲੱਖ ਡੋਜ਼ ਵਾਲੀ ਅਗਲੀ ਖੇਪ ਮਿਲਣ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਸੰਕ੍ਰਮਣ ਦੇ ਮਾਮਲਿਆਂ ਦੀ ਰਫ਼ਤਾਰ ਦੇਸ਼ ’ਚ ਹੁਣ ਘੱਟ ਹੁੰਦੀ ਜਾ ਰਹੀ ਹੈ ਪਰ ਮਿ੍ਰਤਕਾਂ ਦਾ ਅੰਕੜਾ ਹਾਲੇ ਵੀ ਜ਼ਿਆਦਾ ਹੈ। ਇਸ ਕ੍ਰਮ ’ਚ ਦੇਸ਼ ’ਚ ਕੋਰੋਨਾ ਵੈਕਸੀਨੇਸ਼ਨ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

ਹੁਣ ਤਕ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੁੱਲ 25.60 ਕਰੋੜ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੀਆਂ ਗਈਆਂ। ਵੈਕਸੀਨ ਦੀ ਇਸ ਖੇਪ ਨੂੰ ਭਾਰਤ ਸਰਕਾਰ ਤੇ ਸਿੱਧੀ ਸੂਬਿਆਂ ਦੀ ਵੈਕਸੀਨ ਕੈਟੇਗਿਰੀ ’ਚ ਭੇਜਿਆ ਗਿਆ। ਇਸ ’ਚ ਕੁੱਲ ਖਪਤ ਤੇ ਨੁਕਸਾਨ ਹੋਏ ਖ਼ੁਰਾਕਾਂ ਦਾ ਅੰਕੜਾ 24,44,06,096 ਹੈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ (Union Health Ministry) ਨੇ ਸ਼ੁੱਕਰਵਾਰ ਨੂੰ ਦਿੱਤੀ। ਮੰਤਰਾਲੇ ਨੇ ਦੱਸਿਆ ਕਿ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਹਾਲੇ 1.17 ਕਰੋੜ ਤੋਂ ਵੱਧ ਖ਼ੁਰਾਕਾਂ ਬਚੀਆਂ ਹਨ। 38 ਲੱਖ ਤੋਂ ਵੱਧ ਵੈਕਸੀਨ ਦੀ ਖੇਪ ਅਗਲੇ 3 ਦਿਨਾਂ ਅੰਦਰ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮਿਲੇਗੀ।

ਇਸਤੋਂ ਪਹਿਲਾਂ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿਹਤ ਮਾਹਰਾਂ ਵੱਲੋਂ ਸਲਾਹ ਦਿੱਤੀ ਗਈ ਕਿ ਜੋ ਲੋਕ ਕੋਰੋਨਾ ਸੰਕ੍ਰਮਿਤ ਸਨ ਅਤੇ ਹੁਣ ਠੀਕ ਹੋ ਗਏ ਹਨ, ਤਾਂ ਉਨ੍ਹਾਂ ਨੂੰ ਵੈਕਸੀਨ ਲੈਣ ਦੀ ਜ਼ਰੂਰਤ ਨਹੀਂ ਹੈ।

ਮਾਹਰਾਂ ਨੇ ਦੱਸਿਆ ਕਿ ਵਿਆਪਕ ਪੈਮਾਨੇ ’ਤੇ ਅਪੂਰਨ ਵੈਕਸੀਨੇਸ਼ਨ ਵੀ ਖ਼ਤਰਨਾਕ ਕੋਰੋਨਾ ਵਾਇਰਸ ਦੇ ਮਿਊਟੈਂਟ ਸਵਰੂਪਾਂ ਦਾ ਕਾਰਨ ਹੋ ਸਕਦਾ ਹੈ। ਇਹ ਰਿਪੋਰਟ ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ, ਇੰਡੀਅਨ ਐਸੋਸੀਏਸ਼ਨ ਆਫ ਐਪਿਡੇਮੋਲਾਜਿਸਟਸ ਅਤੇ ਇੰਡੀਅਨ ਐਸੋਸੀਏਸ਼ਨ ਆਫ ਪਿ੍ਰਵੇਂਟਿਵ ਐਂਡ ਸੋਸ਼ਲ ਮੈਡੀਸਨ ਦੇ ਮਾਹਰਾਂ ਨੇ ਤਿਆਰ ਕੀਤਾ ਹੈ। ਦਿੱਤੀ ਗਈ ਸਲਾਹ ਅਨੁਸਾਰ ਸੰਕ੍ਰਮਣ ਦੇ ਆਧਾਰ ’ਤੇ ਹੀ ਵੈਕਸੀਨੇਸ਼ਨ ਕੀਤੀ ਜਾਵੇ।

ਵੀਰਵਾਰ ਨੂੰ ਮੰਤਰਾਲੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹੁਣ ਤਕ ਦੇਸ਼ ’ਚ ਵੈਕਸੀਨ ਦੀ ਕੁੱਲ 24.58 ਕਰੋੜ ਤੋਂ ਵੱਧ ਖੁਰਾਕ ਦਿੱਤੀ ਜਾ ਚੁੱਕੀ ਹੈ।

Posted By: Ramanjit Kaur