ਜੇਐੱਨਐੱਨ, ਨਵੀਂ ਦਿੱਲੀ : ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਕਾਰਨ ਸਥਿਤੀ ਬੇਹੱਦ ਗੰਭੀਰ ਹੁੰਦੀ ਜਾ ਰਹੀ ਹੈ। ਸੂਬੇ 'ਚ ਇਕ ਦਿਨ 'ਚ ਹੁਣ ਤਕ ਸਭ ਤੋਂ ਜ਼ਿਆਦਾ 116 ਮੌਤਾਂ ਹੋਈਆਂ ਹਨ ਤੇ ਢਾਈ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ ਪਰ ਚੰਗੀ ਗੱਲ ਇਹ ਹੈ ਕਿ ਇਕ ਦਿਨ 'ਚ ਸਭ ਤੋਂ ਜ਼ਿਆਦਾ 8,381 ਲੋਕ ਸਿਹਤਮੰਦ ਵੀ ਹੋਏ ਹਨ। ਦਿੱਲੀ 'ਚ ਵੀ ਰਿਕਾਰਡ 1,106 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਇਕ ਹਜ਼ਾਰ ਤੋਂ ਜ਼ਿਆਦਾ ਮਾਮਲੇ ਮਿਲੇ ਹਨ, ਵੀਰਵਾਰ ਨੂੰ 1024 ਨਵੇਂ ਕੇਸ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਪੂਰੇ ਦੇਸ਼ 'ਚ ਸੱਤ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਤੇ 150 ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਇਨਫੈਕਟਿਡਾਂ ਦਾ ਅੰਕੜਾ ਵਧ ਕੇ ਇਕ ਲੱਖ 65 ਹਜ਼ਾਰ ਨੂੰ ਪਾਰ ਕਰ ਗਿਆ ਹੈ।

ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ 'ਚ 7,466 ਨਵੇਂ ਮਾਮਲੇ ਮਿਲੇ ਹਨ ਤੇ 175 ਲੋਕਾਂ ਦੀ ਜਾਨ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਨਾਲ ਹੁਣ ਤਕ ਇਨਫੈਕਟਿਡਾਂ ਦਾ ਅੰਕੜਾ 1,65,799 ਤੇ ਮਿ੍ਤਕਾਂ ਦਾ ਅੰਕੜਾ 4,706 'ਤੇ ਪੁੱਜ ਗਿਆ ਹੈ।

ਸਿਹਤ ਮੰਤਰਾਲੇ ਤੇ ਹੋਰ ਵਸੀਲਿਆਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ 'ਚ ਹੋਣ ਵਾਲੀ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸੂਬਿਆਂ ਤੋਂ ਸਿੱਧੇ ਅੰਕੜੇ ਇਕੱਠੀਆਂ ਕਰਦੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ 'ਚ ਇਕ ਦਿਨ ਪਹਿਲਾਂ ਦੀ ਦੇਰ ਰਾਤ ਤਕ ਦੇ ਮਾਮਲੇ ਸ਼ਾਮਲ ਹੁੰਦੇ ਹਨ।

ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਤੋਂ ਮਿਲੀਆਂ ਸੂਚਨਾਵਾਂ ਮੁਤਾਬਕ ਦੇਸ਼ 'ਚ 7,061 ਨਵੇਂ ਮਾਮਲੇ ਸਾਹਮਣੇ ਆਏ ਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 1,67,727 ਹੋ ਗਈ ਹੈ। ਸਰਗਰਮ ਮਾਮਲੇ ਸਿਰਫ 83,069 ਹੀ ਹੈ। ਹੁਣ ਤਕ 79,850 ਲੋਕ ਸਿਹਤਮੰਦ ਹੋਏ ਹਨ ਤੇ 4,808 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ 174 ਲੋਕਾਂ ਦੀ ਜਾਨ ਗਈ, ਜਿਸ 'ਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ 'ਚ 116, ਗੁਜਰਾਤ 'ਚ 20, ਦਿੱਲੀ 'ਚ 13, ਤਾਮਿਲਨਾਡੂ 'ਚ ਨੌਂ, ਬੰਗਾਲ 'ਚ ਸੱਤ, ਰਾਜਸਥਾਨ 'ਚ ਚਾਰ ਤੇ ਜੰਮੂ-ਕਸ਼ਮੀਰ, ਕਰਨਾਟਕ, ਕੇਰਲ, ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ 'ਚ ਇਕ-ਇਕ ਮੌਤ ਸ਼ਾਮਲ ਹੈ। ਉਂਜ ਦਿੱਲੀ 'ਚ ਸ਼ੁੱਕਰਵਾਰ ਨੂੰ ਕੁਲ 82 ਮੌਤਾਂ ਦਰਜ ਕੀਤੀ ਗਈਆਂ ਪਰ 13 ਨੂੰ ਛੱਡ ਕੇ ਬਾਕੀ ਪਿਛਲੇ 34 ਦਿਨਾਂ ਦੌਰਾਨ ਹੋਈਆਂ ਸਨ ਪਰ ਉਨ੍ਹਾਂ ਨੂੰ ਕੋਰੋਨਾ ਨਾਲ ਮੌਤ ਵਜੋਂ ਸ਼ੁੱਕਰਵਾਰ ਨੂੰ ਦਰਜ ਕੀਤਾ ਗਿਆ।

ਮਹਾਰਾਸ਼ਟਰ 'ਚ 33 ਹਜ਼ਾਰ ਤੋਂ ਸਰਗਰਮ ਕੇਸ

ਮਹਾਰਾਸ਼ਟਰ 'ਚ ਤੇਜ਼ੀ ਨਾਲ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਲੋਕ ਸਿਹਤਮੰਦ ਵੀ ਹੋ ਰਹੇ ਹਨ। ਸ਼ੁੱਕਰਵਾਰ ਨੂੰ ਜਿਥੇ 2,682 ਨਵੇਂ ਮਾਮਲੇ ਤੇ 116 ਲੋਕਾਂ ਦੀ ਮੌਤ ਹੋਈ ਤਾਂ ਰਿਕਾਰਡ 8,381 ਲੋਕ ਸਿਹਤਮੰਦ ਵੀ ਹੋਏ। ਸੂਬੇ 'ਚ ਹਾਲੇ ਤਕ 26,998 ਲੋਕ ਸਿਹਤਮੰਦ ਹੋ ਚੁੱਕੇ ਹਨ ਤੇ 2,098 ਲੋਕਾਂ ਦੀ ਮੌਤ ਹੋਈ ਹੈ। ਸਰਗਰਮ ਕੇਸ 33,133 ਰਹਿ ਗਏ ਹਨ।

ਦਿੱਲੀ 'ਚ ਗੰਭੀਰ ਹੁੰਦਾ ਜਾ ਰਿਹੈ ਸੰਕਟ

ਮੁੰਬਈ ਤੋਂ ਬਾਅਦ ਰਾਜਧਾਨੀ ਦਿੱਲੀ 'ਚ ਕੋਰੋਨਾ ਕਾਰਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ 1,106 ਨਵੇਂ ਕੇਸ ਸਾਹਮਣੇ ਆਏ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 17,387 ਹੋ ਗਈ ਹੈ। ਰਾਜਧਾਨੀ 'ਚ ਮਰਨ ਵਾਲਿਆਂ ਦਾ ਅੰਕੜਾ ਵੀ 400 ਦੇ ਨੇੜੇ ਪੁੱਜ ਗਿਆ ਹੈ। ਹੁਣ ਤਕ 398 ਲੋਕਾਂ ਦੀ ਮੌਤ ਹੋਈ ਹੈ।

ਤਾਮਿਲਨਾਡੂ 'ਚ ਨਹੀਂ ਸੁਧਰ ਰਹੇ ਹਾਲਾਤ

ਤਾਮਿਲਨਾਡੂ 'ਚ ਵੀ ਹਾਲਾਤ ਸੁਧਰ ਨਹੀਂ ਰਹੇ ਹਨ। ਰਿਕਾਰਡ 874 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਮਰੀਜ਼ਾਂ ਦੀ ਗਿਣਤੀ 20,246 ਹੋ ਗਈ ਹੈ। ਹੁਣ ਤਕ 154 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਕਰਨਾਟਕ 'ਚ ਵੀ ਰਿਕਾਰਡ 248 ਨਵੇਂ ਮਾਮਲੇ ਮਿਲੇ ਹਨ ਤੇ ਹੁਣ ਤਕ ਸਾਹਮਣੇ ਆਏ ਮਾਮਲਿਆਂ ਦੀ ਗਿਣਤੀ 2,781 ਹੋ ਗਏ ਹਨ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਤੋਂ ਪਰਤ ਰਹੇ ਲੋਕਾਂ ਕਾਰਨ ਮਾਮਲੇ ਵਧ ਰਹੇ ਹਨ। ਕੇਰਲ 'ਚ ਵੀ 62 ਮਾਮਲੇ ਮਿਲੇ ਹਨ ਤੇ ਅੰਕੜਾ 1,150 'ਤੇ ਪੁੱਜ ਗਿਆ ਹੈ। ਹਾਲਾਂਕਿ, ਸਰਗਰਮ ਕੇਸ 577 ਹੀ ਹਨ।

ਉੱਤਰ ਪ੍ਰਦੇਸ਼ ਤੇ ਬਿਹਾਰ 'ਚ ਵੀ ਤੇਜ਼ੀ ਨਾਲ ਵੱਧ ਰਹੇ ਨੇ ਕੇਸ

ਉਤਰ ਪ੍ਰਦੇਸ਼ ਤੇ ਬਿਹਾਰ 'ਚ ਦੂਜੇ ਸੂਬਿਆਂ ਤੋਂ ਪਰਤੇ ਰਹੇ ਪਰਵਾਸੀਆਂ ਕਾਰਨ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਹਨ। ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ 'ਚ 114 ਨਵੇਂ ਕੇਸ ਮਿਲੇ ਹਨ ਤੇ ਇਨਫੈਕਟਿਡਾਂ ਦੀ ਗਿਣਤੀ ਸੱਤ ਹਜ਼ਾਰ ਨੂੰ ਪਾਰ ਕਰ ਗਈ ਹੈ। 90 ਨਵੇਂ ਮਾਮਲਿਆਂ ਨਾਲ ਬਿਹਾਰ 'ਚ ਵੀ ਕੋਰੋਨਾ ਪਾਜ਼ੇਟਿਵ 3,275 ਹੋ ਗਈ ਹੈ। ਬੰਗਾਲ 'ਚ 277 ਤੇ ਰਾਜਸਥਾਨ 'ਚ 298 ਨਵੇਂ ਮਾਮਲੇ ਸਾਹਮਣੇ ਆਏ ਹਨ। ਦੋਵੇਂ ਸੂਬਿਆਂ 'ਚ ਮਰੀਜ਼ਾਂ ਦਾ ਅੰਕੜਾ ਕ੍ਰਮਵਾਰ 4,813 (ਸਰਗਰਮ 2,736) ਤੇ 8,365 (2,937) 'ਤੇ ਪੁੱਜ ਗਿਆ ਹੈ।

ਗੁਜਰਾਤ 'ਚ ਹਜ਼ਾਰ ਦੇ ਕਰੀਬ ਮੌਤਾਂ

ਗੁਜਰਾਤ 'ਚ ਮਰਨ ਵਾਲਿਆਂ ਦੀ ਗਿਣਤੀ ਇਕ ਹਜ਼ਾਰ ਦੇ ਕਰੀਬ ਪੁੱਜ ਗਈ ਹੈ। ਸ਼ੁੱਕਰਵਾਰ ਨੂੰ 20 ਲੋਕਾਂ ਦੀ ਜਾਨ ਗਈ ਤੇ ਮਰਨ ਵਾਲਿਆਂ ਦਾ ਅੰਕੜਾ 980 'ਤੇ ਪੁੱਜ ਗਿਆ। 372 ਨਵੇਂ ਮਾਮਲੇ ਵੀ ਮਿਲੇ ਤੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 15,944 ਹੋ ਗਈ।