ਨਵੀਂ ਦਿੱਲੀ, ਏਐੱਨਆਈ : ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR) ਨੇ ਰੈਪਿਟ ਐਂਟੀਜਨ ਟੈਸਟ (Rapid Antigen Tests (RATs)) ਦੀ ਵਰਤੋਂ ਕਰ ਕੇ ਘਰੇਲੂ ਟੈਸਟ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਹੁਣ ਕੋਰੋਨਾ ਟੈਸਟਿੰਗ ਲਈ ਹੋਮ ਬੇਸਡ ਟੈਸਟਿੰਗ ਕਿੱਟ (Home Testing) ਨੂੰ ਮਨਜ਼ੂਰੀ ਮਿਲ ਗਈ ਹੈ। ਐਂਟੀਜਨ ਦੀ ਰਿਪੋਰਟ ਜਿੱਥੇ ਤੁਰੰਤ ਮਿਲ ਜਾਂਦੀ ਹੈ, ਉੱਥੇ ਹੀ ਆਰਟੀਪੀਸੀਆਰ ਜਾਂਚ ਰਿਪੋਰਟ 24 ਘੰਟੇ 'ਚ ਆਉਂਦੀ ਹੈ। ਹੋਮ ਬੇਸਡ ਟੈਸਟਿੰਗ ਕਿੱਟ ਨਾਲ ਜਾਂਚ ਵਿਚ ਤੇਜ਼ੀ ਆਵੇਗੀ, ਨਾਲ ਹੀ ਲੋਕ ਘਰ ਬੈਠੇ ਹੀ ਕੋਰੋਨਾ ਦੀ ਜਾਂਚ ਕਰ ਸਕਦੇ ਹਨ।

ਕੋਰੋਨਾ ਮਹਾਮਾਰੀ ਦੌਰਾਨ ਹੁਣ ਤੁਸੀਂ ਘਰ ਬੈਠੇ ਕੋਵਿਡ-19 ਟੈਸਟ ਕਰ ਸਕਦੇ ਹਨ। ਇਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਕਈ ਵਾਰ ਅਜਿਹਾ ਹੁੰਦਾ ਸੀ ਕਿ ਟੈਸਟ ਵਿਚ ਕਾਫੀ ਸਮਾਂ ਲੱਗ ਜਾਂਦਾ ਸੀ, ਪਰ ਇਹ ਸਮੱਸਿਆ ਹੁਣ ਹੱਲ ਹੋ ਜਾਵੇਗੀ।

ICMR ਨੇ ਕੋਵਿਡ ਲਈ ਹੋਮ ਬੇਸਡ ਟੈਸਟਿੰਗ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇਕ ਹੋਮ ਰੈਪਿਡ ਐਂਟੀਜਨ ਟੈਸਟਿੰਗ (RAT) ਕਿੱਟ ਹੈ। ਇਸ ਦੀ ਵਰਤੋਂ ਕੋਰੋਨਾ ਦੇ ਹਲਕੇ ਲੱਛਣ ਜਾਂ ਇਨਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਏ ਹੋਏ ਲੋਕ ਕਰ ਸਕਦੇ ਹਨ। ਹੋਮ ਬੇਸਡ ਟੈਸਟਿੰਗ ਕਿੱਟ ਨਾਲ ਜ਼ਿਆਦਾ ਟੈਸਟ ਕਰਨ ਦੀ ਸਲਾਹ ਨਹੀਂ ਦਿੱਤੀ ਗਈ ਹੈ।

ICMR ਤੋਂ ਇਲਾਵਾ DGCI ਨੇ ਵੀ ਹੋਮ ਬੇਸਡ ਟੈਸਟਿੰਗ ਕਿੱਟ ਦੀ ਬਾਜ਼ਾਰ 'ਚ ਵਿਕਰੀ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਇਹ ਟੈਸਟਿੰਗ ਕਿੱਟ ਤੁਰੰਤ ਬਾਜ਼ਾਰ ਵਿਚ ਉਪਲਬਧ ਨਹੀਂ ਹੋਵੇਗੀ, ਇਸ ਨੂੰ ਵੱਡੇ ਪੱਧਰ 'ਤੇ ਉਪਲਬਧ ਹੋਣ ਵਿਚ ਕੁਝ ਸਮਾਂ ਲੱਗੇਗਾ।

ਜ਼ਿਕਰਯੋਗ ਹੈ ਕਿ ICMR ਦੇ ਕੋਵਿਡ ਲਈ ਹੋਮ ਬੇਸਡ ਟੈਸਟਿੰਗ ਕਿੱਟ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਹੁਣ ਕੋਰੋਨਾ ਦੀ ਜਾਂਚ ਕਰਨਾ ਆਸਾਨ ਹੋਵੇਗਾ। ਫਿਲਹਾਲ ਭਾਰਤ ਵਿਚ ਸਿਰਫ਼ ਇਕ ਕੰਪਨੀ ਨੂੰ ਇਸ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਸ ਦਾ ਨਾਂ Mylab Discovery Solutions Ltd (ਮਾਈਲੈਬ ਡਿਸਕਵਰੀ ਸਲਿਊਸ਼ਨਜ਼ ਲਿਮਟਿਡ) ਹੈ।

ਹੋਮ ਟੈਸਟਿੰਗ ਮੋਬਾਈਲ ਐਪ ਗੂਗਲ ਪਲੇਅ ਸਟੋਰ ਤੇ ਐੱਪਲ ਸਟੋਰ 'ਤੇ ਉਪਲਬਧ ਹੈ। ਇਸ ਨੂੰ ਸਾਰੇ ਯੂਜ਼ਰਜ਼ ਡਾਊਨਲੋਡ ਕਰ ਸਕਦੇ ਹਨ। ਮੋਬਾਈਲ ਐਪ ਟੈਸਟਿੰਗ ਪ੍ਰਕਿਰਿਆ ਦਾ ਇਕ ਵਿਆਪਕ ਮਾਰਗਦਰਸ਼ਕ ਹੈ, ਜੋ ਪਾਜ਼ੇਟਿਵ ਜਾਂ ਨੈਗੇਟਿਵ ਰਿਜ਼ਲਟ ਦੇਵੇਗਾ। ਇਸ ਐਪ ਦਾ ਨਾਂ ਮਾਈਲੈਬ ਕੋਵਿਸਸੈਲਫ (Mylab Covisself) ਨਾਂ ਹੈ।

ਅੰਨ੍ਹੇਵਾਹ ਘਰੇਲੂ ਰੈਪਿਡ ਐਂਟੀਜਨ ਟੈਸਟ ਨਾ ਕਰਨ ਦੀ ਸਲਾਹ

ICMR ਨੇ ਬੁੱਧਵਾਰ ਨੂੰ ਕੋਰੋਨਾ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਘਰਾਂ 'ਚ ਅੰਨ੍ਹੇਵਾਹ ਰੈਪਿਡ ਐਂਟੀਜਨ ਟੈਸਟ (RAT) ਜਾਂਚ ਨਾ ਕਰਨ ਦੀ ਸਲਾਹ ਦਿੱਤੀ। ਸੰਗਠਨ ਨੇ ਕਿਹਾ ਕਿ ਲੈਬ ਤੋਂ ਜਿਹੜੇ ਲੋਕਾੰ ਦੇ ਇਨਫੈਕਟਿਡ ਹੋਣ ਦੀ ਪੁਸ਼ਟੀ ਹੋਈ ਹੋਵੇ, ਉਨ੍ਹਾਂ ਦੇ ਨੇੜੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਤੇ ਜਿਨ੍ਹਾਂ ਵਿਚ ਇਨਫੈਕਸ਼ਨ ਦੇ ਲੱਛਣ ਨਜ਼ਰ ਆ ਰਹੇ ਹੋਣ, ਸਿਰਫ ਉਨ੍ਹਾਂ ਲੋਕਾਂ ਦੀ ਹੀ ਰੈਪਿਡ ਕਿੱਟ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।

Posted By: Seema Anand