ਜੇਐੱਨਐੱਨ, ਬਰੇਲੀ : ਕੋਰੋਨਾ ਜਾਂਚ 'ਚ ਇਕ ਵੱਡਾ ਫਰਜ਼ੀਵਾੜਾ ਸਾਹਮਣੇ ਆਇਆ ਹੈ। ਕੋਰੋਨਾ ਜਾਂਚ ਦੀ ਗਿਣਤੀ ਵਧਾਉਣ ਲਈ 7017....31 ਮੋਬਾਈਲ ਨੰਬਰ 'ਤੇ ਜਨਵਰੀ ਤੋਂ ਹੁਣ ਤਕ 7343 ਰਜਿਸਟ੍ਰੇਸ਼ਨ ਦਿਖਾਏ ਗਏ। ਇਨ੍ਹਾਂ ਵਿਚੋਂ ਜ਼ਿਆਦਾਤਰ ਦੀ ਐਂਟੀਜਨ ਜਾਂਚ ਦਰਸਾਈ ਹੈ, ਤਾਂ ਕੁਝ ਆਰਟੀਪੀਸੀਆਰ (ਰਿਵਰਸ ਟਰਾਂਕ੍ਰਿਪਸ਼ਨ ਪਾਲਿਮਰੇਸ ਚੇਨ ਰਿਐਕਸ਼ਨ) ਹੈ। ਹੈਰਾਨੀਜਨਕ ਇਹ ਹੈ ਕਿ ਇਨ੍ਹਾਂ ਵਿਚੋਂ ਹਾਲੇ ਤਕ ਕਿਸੇ ਦੀ ਰਿਪੋਰਟ ਪਾਜ਼ੇਟਿਵ ਨਹੀਂ ਆਈ ਹੈ। ਇਹ ਜਾਂਚ ਦੇ ਨਾਂ 'ਤੇ ਹੋ ਰਹੇ ਫਰਜ਼ੀਵਾੜੇ ਦੇ ਸਬੂਤ ਹੋਰ ਪੁਖ਼ਤਾ ਕਰਦਾ ਹੈ।

ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ 'ਚ ਕੋਰੋਨਾ ਇਨਫੈਕਸ਼ਨ ਦਾ ਪਹਿਲਾ ਮਾਮਲਾ 28 ਮਾਰਚ, 2020 ਨੂੰ ਮਿਲਿਆ ਸੀ। ਜੂਨ ਦੀ ਸ਼ੁਰੂਆਤ ਤਕ ਲਾਕਡਾਊਨ ਰਿਹਾ। ਜੁਲਾਈ ਤੋਂ ਅਕਤੂਬਰ ਤਕ ਇਨਫੈਕਸ਼ਨ ਦੇ ਕਰੀਬ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ 'ਚ ਲਿਆ। ਇਸ ਤੋਂ ਬਾਅਦ ਇਨਫੈਕਸ਼ਨ ਦਾ ਪ੍ਰਭਾਵ ਘੱਟ ਹੋਣਾ ਸ਼ੁਰੂ ਹੋਇਆ। ਇਸ ਕਾਰਨ ਲੋਕਾਂ ਨੇ ਜਾਂਚ ਬਹੁਤ ਘੱਟ ਕਰਵਾਈ ਪਰ ਵਿਭਾਗ ਹਰੇਕ ਦਿਨ ਜਾਂਚ 'ਚ ਆਪਣੇ ਅੰਕੜਿਆਂ ਦੀ ਖੇਡ ਖੇਡਦਾ ਰਿਹਾ। ਜਾਂਚ ਦਾ ਟੀਚਾ ਪੂਰਾ ਕਰਨ ਲਈ ਵਿਭਾਗੀ ਮੁਲਾਜ਼ਮਾਂ ਨੇ ਫਰਜ਼ੀ ਨਾਂ ਜਾਂ ਪੁਰਾਣੀਆਂ ਫਾਈਲਾਂ 'ਚੋਂ ਨਾਮ ਕੱਢ ਕੇ ਪੋਰਟਲ 'ਤੇ ਦਰਜ ਕਰ ਕੇ ਸੂਚਨਾ ਸ਼ਾਸਨ ਨੂੰ ਭੇਜੀ। ਸੂਤਰਾਂ ਅਨੁਸਾਰ ਅੱਠ ਦਿਨ ਪਹਿਲਾਂ ਵਿਭਾਗ 'ਚ ਇਹ ਮਸਲਾ ਗੱਲਾਂ 'ਚ ਉਠਾਇਆ ਗਿਆ। ਜਾਗਰਣ ਨੇ ਪੜਤਾਲ ਸ਼ੁਰੂ ਕੀਤੀ ਤਾਂ 7017....31 ਮੋਬਾਈਲ ਨੰਬਰ ਸਾਹਮਣੇ ਆਇਆ, ਜਿਸ 'ਤੇ ਸਭ ਤੋਂ ਜ਼ਿਆਦਾ ਗੜਬੜੀ ਕੀਤੀ ਗਈ। ਇਸ ਨੰਬਰ ਨੂੰ ਪੋਰਟਲ 'ਤੇ ਪਾ ਕੇ ਚੈੱਕ ਕੀਤਾ ਗਿਆ ਤਾਂ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਜਨਵਰੀ ਤੋਂ ਹੁਣ ਤਕ ਇਸ ਮੋਬਾਈਲ ਨੰ. 7343 ਲੋਕਾਂ ਦੀ ਜਾਂਚ ਕੀਤੀ ਗਈ ਸੀ, ਜਿਸ 'ਚੋਂ ਕੋਈ ਪਾਜ਼ੇਟਿਵ ਨਹੀਂ ਹੈ। ਇਸ ਸਬੰਧੀ ਜਦੋਂ ਜ਼ਿੰਮੇਵਾਰ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਤਰਕ ਦਿੱਤਾ ਕਿ ਜਿਨ੍ਹਾਂ ਕੋਲ ਮੋਬਾਈਲ ਨੰਬਰ ਨਹੀਂ ਹੁੰਦੇ ਉਨ੍ਹਾਂ ਦੇ ਨੰਬਰ 'ਤੇ ਉਹ ਆਪਣੇ ਕਿਸੇ ਵਿਅਕਤੀ ਦਾ ਨੰਬਰ ਪਾ ਦਿੱਤੇ ਹਨ ਪਰ ਜਦੋਂ ਇਕ ਵਰਗੇ ਪਤੇ ਬਰੇਲੀ (ਬੀਐੱਲਵਾਈ ਦਰਸਾਇਆ) 'ਤੇ ਸਵਾਲ ਕੀਤਾ ਤਾਂ ਉਹ ਵੀ ਚੱਕਰ 'ਚ ਪੈ ਗਏ। ਜਾਗਰਣ ਨੇ ਪੰਜ ਮਹੀਨੇ ਪਹਿਲਾਂ ਵੀ ਇਸ ਤਰ੍ਹਾਂ ਦੇ ਫਰਜ਼ੀਵਾੜੇ ਦਾ ਪਰਦਾਫਾਸ਼ ਕੀਤਾ ਸੀ।

ਫਰਜ਼ੀ ਰਜਿਸਟ੍ਰੇਸ਼ਨ ਕਰਨ ਦੀ ਵਿਭਾਗ ਦੀ ਕੋਈ ਮਨਸ਼ਾ ਨਹੀਂ ਹੁੰਦੀ। ਕਿਸੇ ਇਕ ਮੋਬਾਈਲ ਨੰਬਰ 'ਤੇ ਕਈ ਲੋਕਾਂ ਦੇ ਨਾਂ ਦਰਜ ਹੋਣਾ ਗ਼ਲਤ ਹੈ। ਜੇ ਅਜਿਹਾ ਹੈ ਤਾਂ ਇਸ ਦੀ ਜਾਂਚ ਕਰਵਾ ਕੇ ਸਬੰਧਤ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। -ਡਾ. ਐੱਸ ਕੇ ਗਰਗ, ਸੀਐੱਮਓ