ਨਵੀਂ ਦਿੱਲੀ (ਏਜੰਸੀਆਂ) : ਕੋਰੋਨਾ ਦੀ ਰੋਕਥਾਮ, ਜਾਂਚ, ਕੁਆਰੰਟਾਈਨ ਤੇ ਇਲਾਜ ਲਈ ਅਪਣਾਏ ਜਾ ਰਹੇ ਪ੍ਰਭਾਵੀ ਉਪਾਵਾਂ ਕਾਰਨ ਇਸ ਬਿਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਦਰ ਹੋਰ ਬਿਹਤਰ ਹੋ ਕੇ 68.32 ਫ਼ੀਸਦੀ 'ਤੇ ਪੁੱਜ ਗਈ ਹੈ ਜਦਕਿ ਮੌਤ ਦੀ ਦਰ ਡਿੱਗ ਕੇ 2.04 ਫ਼ੀਸਦੀ ਰਹਿ ਗਈ ਹੈ। ਹਾਲਾਂਕਿ ਜਾਂਚ ਤੇਜ਼ ਹੋਣ ਨਾਲ ਨਵੇਂ ਮਾਮਲਿਆਂ ਵੀ ਤੇਜ਼ੀ ਸਾਹਮਣੇ ਆ ਰਹੇ ਹਨ। ਪੀਟੀਆਈ ਅਨੁਸਾਰ ਸ਼ਾਮ 9.20 ਤਕ ਦੇਸ਼ 'ਚ 64,973 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਨਫੈਕਟਿਡਾਂ ਦੀ ਗਿਣਤੀ 21,16,315 ਹੋ ਗਈ। ਇਸ ਦੌਰਾਨ 50,210 ਲੋਕਾਂ ਦੀ ਹਸਪਤਾਲ ਤੋਂ ਛੁੱਟੀ ਵੀ ਮਿਲੀ। ਇਸ ਤਰ੍ਹਾਂ ਹੁਣ ਤਕ 14,69,284 ਲੋਕ ਸਿਹਤਮੰਦ ਹੋ ਚੁੱਕੇ ਸਨ ਉਥੇ 874 ਹੋਰ ਲੋਕਾਂ ਦੀ ਮੌਤ ਨਾਲ ਇਸ ਬਿਮਾਰੀ ਨਾਲ ਮਰਨ ਵਾਲਿਆਂ ਦਾ ਅੰਕੜਾ ਵੱਧ ਕੇ 43,384 ਹੋ ਗਿਆ ਹੈ।

ਹਾਲਾਂਕਿ ਸਿਹਤ ਮੰਤਰਾਲੇ ਨੇ ਸਵੇਰੇ ਅੱਠ ਵਜੇ ਜੋ ਅੰਕੜੇ ਜਾਰੀ ਕੀਤੇ ਉਨ੍ਹਾਂ ਮੁਤਾਬਕ ਸ਼ਨਿਚਰਵਾਰ ਨੂੰ 61,537 ਹੋਰ ਮਰੀਜ਼ਾਂ ਦੇ ਮਿਲਣ ਨਾਲ ਇਨਫੈਕਟਿਡਾਂ ਦੀ ਕੁਲ ਗਿਣਤੀ ਵੱਧ ਕੇ 20,88,611 ਹੋ ਗਈ ਹੈ ਤੇ 933 ਹੋਰ ਮਰੀਜ਼ਾਂ ਦੀ ਮੌਤ ਨਾਲ ਇਸ ਬਿਮਾਰੀ ਨਾਲ ਜਾਨ ਗੁਆਉਣ ਵਾਲਿਆਂ ਦਾ ਅੰਕੜਾ 42,518 ਹੋ ਗਿਆ ਹੈ। ਸਿਹਤ ਮੰਤਰਾਲੇ ਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ 'ਚ ਫਰਕ ਦਾ ਕਾਰਨ ਸੂਬਿਆਂ ਤੋਂ ਕੇਂਦਰ ਨੂੰ ਮਿਲਣ ਵਾਲਿਆਂ ਸੂਚਨਾਵਾਂ 'ਚ ਦੇਰੀ ਹੈ। ਇਸ ਤੋਂ ਇਲਾਵਾ ਕਈ ਏਜੰਸੀਆਂ ਸਿੱਧਾ ਸੂਬਿਆਂ ਤੋਂ ਅੰਕੜੇ ਲੈ ਕੇ ਜਾਰੀ ਕਰਦੀਆਂ ਹਨ।

ਭਾਰਤ 'ਚ ਪ੍ਰਤੀ 10 ਲੱਖ 'ਤੇ ਮਾਮਲੇ ਦੁਨੀਆ 'ਚ ਸਭ ਤੋਂ ਘੱਟ

ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ 'ਚ ਪ੍ਰਤੀ 10 ਲੱਖ ਦੀ ਆਬਾਦੀ 'ਤੇ ਇਨਫੈਕਸ਼ਨ ਦੇ ਮਾਮਲੇ ਸਭ ਤੋਂ ਘੱਟ 1,496 ਹੈ ਜਦਕਿ ਕੌਮਾਂਤਰੀ ਔਸਤ 2,425 ਹੈ। ਮੰਤਰਾਲੇ ਮੁਤਾਬਕ, ਪ੍ਰਭਾਵਸ਼ਾਲੀ ਨਿਗਰਾਨੀ ਤੇ ਜਾਂਚ ਨੈੱਟਵਰਕ 'ਚ ਸੁਧਾਰ ਨਾਲ ਮਾਮਲਿਆਂ ਦੇ ਜਲਦੀ ਪਕੜ 'ਚ ਆਉਣ ਦੇ ਨਤੀਜਾ ਵਜੋਂ, ਗੰਭੀਰ ਤੇ ਗੁੰਝਲਦਾਰ ਮਾਮਲਿਆਂ 'ਚ ਸਮੇਂ 'ਤੇ ਲੋਕਾਂ ਨੂੰ ਇਲਾਜ ਮਿਲ ਸਕਿਆ।

ਮੰਤਰਾਲੇ ਨੇ ਕਿਹਾ ਕਿ ਕੌਮਾਂਤਰੀ ਮੁਹਾਂਦਰੇ ਮੁਕਾਬਲੇ ਮੌਤ ਦੀ ਦਰ ਘੱਟ ਰਹੇ। ਮੰਤਰਾਲੇ ਨੇ ਕਿਹਾ, ਇਹ ਲਗਾਤਾਰ ਡਿੱਗ ਰਹੀ ਹੈ ਤੇ ਸ਼ਨਿਚਰਵਾਰ ਨੂੰ 2.04 ਫ਼ੀਸਦੀ ਹੈ। ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਘਟਾਉਣ ਲਈ ਟੀਚਿਆਂ 'ਤੇ ਆਧਾਰਿਤ ਯਤਨਾਂ ਦੀ ਵਜ੍ਹਾ ਨਾਲ ਭਾਰਤ ਪ੍ਰਤੀ 10 ਲੱਖ ਆਬਾਦੀ 'ਤੇ ਮੌਤ ਦੇ ਅੰਕੜਿਆਂ ਨੂੰ ਘਟਾ ਕੇ 30 ਤਕ ਲੈ ਆਇਆ ਹੈ ਜਦਕਿ ਕੌਮਾਂਤਰੀ ਔਸਤਨ ਪ੍ਰਤੀ 10 ਲੱਖ ਦੀ ਆਬਾਦੀ 'ਤੇ 91 ਮੌਤ ਦਾ ਹੈ।

ਠੀਕ ਹੋਣ ਵਾਲਿਆਂ ਦੀ ਗਿਣਤੀ ਵਧੀ

ਕੋਰੋਨਾ ਤੋਂ ਠੀਕ ਵਾਲਿਆਂ ਦੀ ਦਰ 'ਚ ਵੀ ਤੇਜ਼ ਨਾਲ ਵਾਧਾ ਹੋਇਆ ਹੈ। ਬੀਤੇ 24 ਘੰਟਿਆਂ 'ਚ 48,900 ਮਰੀਜ਼ਾਂ ਦੇ ਠੀਕ ਹੋਣ ਨਾਲ ਹੀ ਭਾਰਤ 'ਚ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੀ ਕੁਲ ਗਿਣਤੀ 14,27,005 ਹੋ ਗਈ ਹੈ। ਮੰਤਰਾਲੇ ਨੇ ਕਿਹਾ, ਠੀਕ ਹੋਣ ਦੀ ਦਰ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਫਿਲਹਾਲ ਇਹ 68.32 ਫ਼ੀਸਦੀ ਹੈ। ਸਿਹਤ ਮੰਤਰਾਲੇ ਮੁਤਾਬਕ, ਦੇਸ਼ 'ਚ ਹਾਲੇ 6,19,088 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਸ਼ਨਿਚਰਵਾਰ ਨੂੰ ਕੁਲ ਇਨਫੈਕਟਿਡ ਮਾਮਲਿਆਂ ਦਾ 29.64 ਫ਼ੀਸਦੀ ਹੈ। ਮੰਤਰਾਲੇ ਨੇ ਕਿਹਾ ਕਿ ਹੁਣ ਤਕ 2,33,87,171 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਹੀ 5,98,778 ਮਾਮਲਿਆਂ ਦੀ ਜਾਂਚ ਕੀਤੀ ਗਈ।