ਸਟੇਟ ਬਿਊਰੋ, ਕੋਲਕਾਤਾ : ਕਲਕੱਤਾ ਮੈਡੀਕਲ ਕਾਲਜ ਹਸਪਤਾਲ ਨੇ ਦੁਰਗਾ ਪੂਜਾ 'ਤੇ ਕੋਰੋਨਾ ਦੇ ਮਰੀਜ਼ਾਂ ਦੇ ਖਾਣ-ਪੀਣ ਦੇ ਖ਼ਾਸ ਪ੍ਰਬੰਧ ਕੀਤੇ ਹਨ। ਉਨ੍ਹਾਂ ਨੂੰ ਮਟਨ ਤੇ ਚਿਕਨ ਸਮੇਤ ਤਰ੍ਹਾਂ-ਤਰ੍ਹਾਂ ਦੇ ਲਜ਼ੀਜ਼ ਖਾਣੇ ਪਰੋਸੇ ਜਾ ਰਹੇ ਹਨ। ਉਨ੍ਹਾਂ ਦੇ ਮੈਨਿਊ (ਖਾਣੇ ਦੀ ਸੂਚੀ) ਨੂੰ ਦੇਖ ਕੇ ਕੋਈ ਵੀ ਦੰਗ ਰਹਿ ਜਾਵੇਗਾ।

ਦਰਅਸਲ, ਬੰਗਾਲ ਵਿਚ ਪੇਟ ਪੂਜਾ (ਭੋਜਨ ਕਰਨਾ) ਦੇ ਬਿਨਾਂ ਦੁਰਗਾ ਪੂਜਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਹੈ। ਲੋਕ ਹਰ ਰੋਜ਼ ਵੱਖ-ਵੱਖ ਤਰ੍ਹਾਂ ਦੇ ਵਿਅੰਜਨਾਂ ਦਾ ਲੁਤਫ਼ ਉਠਾਉਂਦੇ ਹਨ। ਅਜਿਹੇ ਸਮੇਂ ਕਲਕੱਤਾ ਮੈਡੀਕਲ ਕਾਲਜ ਕੋਰੋੋਨਾ ਦੇ ਮਰੀਜ਼ਾਂ ਲਈ ਦੁਰਗਾ ਪੂਜਾ ਦੇ ਚਾਰ ਦਿਨਾਂ ਵਿਚ ਵਿਸ਼ੇਸ਼ ਖਾਣੇ ਪੇਸ਼ ਕਰ ਰਿਹਾ ਹੈ।

ਛਠੀ ਦੇ ਮੌਕੇ ਵੀਰਵਾਰ ਤੋਂ ਵਿਸ਼ੇਸ਼ ਵਿਅੰਜਨ ਦੀ ਸਹੂਲਤ ਸ਼ੁਰੂ ਹੋ ਗਈ ਹੈ। ਦੁਸਹਿਰੇ ਤਕ ਸਵੇਰੇ, ਦੁਪਹਿਰ ਅਤੇ ਰਾਤ ਨੂੰ ਮਰੀਜ਼ਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਜ਼ੀਜ਼ ਵਿਅੰਜਨ ਪਰੋਸੇ ਜਾਣਗੇ। ਖਾਣਿਆਂ ਦੀ ਸੂਚੀ ਵਿਚ ਪੂੜੀ, ਦਮਆਲੂ, ਮੋਤੀ ਪਾਕ, ਬੂੰਦੀਆ, ਬਾਸਮਤੀ ਚਾਵਲ, ਮੱਛੀ ਦੇ ਸਿਰ ਦੇ ਨਾਲ ਮੂੰਗ ਦਾਲ, ਸ਼ੁਕਤੋ (ਸੁੱਕੀ ਮੱਛੀ), ਪਾਬਦਾ ਮੱਛੀ, ਬੱਕਰੇ ਅਤੇ ਮੁਰਗੇ ਦਾ ਮੀਟ, ਰੋਹੂ ਮੱਛੀ ਦਾ ਕਾਲੀਆ, ਪਨੀਰ ਦਾ ਕੋਰਮਾ, ਚਿਕਨ ਸੂਪ, ਬਰਾਊਨ ਬਰੈੱਡ, ਨਵਰਤਨ ਪਨੀਰ ਦਾ ਕੋਰਮਾ, ਬੱਕਰੇ ਦੇ ਮੀਟ ਦਾ ਸੂਪ, ਵੈਜੀਟੇਬਲ ਕਰੀ, ਭੇਟਕੀ ਮੱਛੀ, ਕਤਲਾ ਮੱਛੀ ਦਾ ਸੂਪ, ਖੀਰ, ਮਿੱਠਾ ਦਹੀਂ, ਚਟਨੀ ਤੇ ਪਾਪੜ ਆਦਿ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਕਲਕੱਤਾ ਮੈਡੀਕਲ ਕਾਲਜ ਹਸਪਤਾਲ ਵਿਚ ਕੋਰੋਨਾ ਦੇ ਕਰੀਬ 800 ਮਰੀਜ਼ ਭਰਤੀ ਹਨ।

ਹਸਪਤਾਲ ਸੁਪਰਡੈਂਟ ਦੇ ਤਰਕ

ਇਸ ਸਿਲਸਿਲੇ ਵਿਚ ਮੈਡੀਕਲ ਹਸਪਤਾਲ ਦੇ ਸੁਪਰਡੈਂਟ ਡਾਕਟਰ ਜਯੰਤ ਸਾਨਿਆਲ ਦਾ ਕਹਿਣਾ ਹੈ ਕਿ ਕੋਰੋਨਾ ਮਰੀਜ਼ਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਡਾਕਟਰਾਂ ਦੇ ਨਿਰਦੇਸ਼ 'ਤੇ ਅਨੁਭਵੀ ਰਸੋਈਆਂ ਤੋਂ ਖਾਣੇ ਬਣਵਾਏ ਜਾ ਰਹੇ ਹਨ। ਇਨ੍ਹਾਂ ਵਿਚ ਤੇਲ-ਮਸਾਲਿਆਂ ਦਾ ਘੱਟ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂਕਿ ਖਾਣਾ ਪੌਸ਼ਟਿਕ ਹੋਣ ਦੇ ਨਾਲ-ਨਾਲ ਪਚਣਯੋਗ ਵੀ ਹੋਵੇ। ਇਸ ਦੇ ਇਲਾਵਾ ਮਰੀਜ਼ਾਂ ਦੇ ਮੈਨਿਊ ਵਿਚ ਰੋਜ਼ ਬਦਲਾਅ ਵੀ ਕੀਤਾ ਜਾ ਰਿਹਾ ਹੈ।