ਨਵੀਂ ਦਿੱਲੀ (ਏਜੰਸੀਆਂ) : ਭਾਰਤ 'ਚ ਕੋਰੋਨਾ ਦੀ ਹੁਣ ਤਕ ਹੋਈ ਜਾਂਚ ਦਾ ਅੰਕੜਾ ਵੱਧ ਕੇ 90 ਲੱਖ ਤੋਂ ਜ਼ਿਆਦਾ ਹੋ ਗਿਆ ਹੈ। ਪਹਿਲੀ ਜੁਲਾਈ ਤਕ 90 ਲੱਖ 56 ਹਜ਼ਾਰ 173 ਨਮੂਨਿਆਂ ਦੀ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਛੇਤੀ ਹੀ ਇਹ ਅੰਕੜਾ ਇਕ ਕਰੋੜ ਤੋਂ ਪਾਰ ਨਿਕਲ ਜਾਵੇਗਾ।


ਇਸ ਵਿਚਾਲੇ ਇਕ ਦਿਨ 'ਚ ਕੋਰੋਨਾ ਇਨਫੈਕਸ਼ਨ ਦੇ 19,148 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਕੁਲ ਮਾਮਲੇ ਛੇ ਲੱਖ ਤੋਂ ਜ਼ਿਆਦਾ ਹੋ ਗਏ ਹਨ। ਇਸ ਦੌਰਾਨ 534 ਲੋਕਾਂ ਦੀ ਮੌਤ ਹੋ ਗਈ ਜਦਕਿ 11,881 ਲੋਕ ਸਿਹਤਮੰਦ ਹੋ ਕੇ ਘਰ ਚਲੇ ਗਏ ਸਨ। ਲੋਕਾਂ ਦੇ ਤੇਜ਼ੀ ਨਾਲ ਠੀਕ ਹੋਣ ਨਾਲ ਦੇਸ਼ 'ਚ ਸਿਹਤਮੰਦ ਹੋਣ ਦੀ ਦਰ 59.52 ਫ਼ੀਸਦੀ ਹੋ ਗਈ ਹੈ।


ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐੱਮਆਰ) ਦੇ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ 'ਚ ਕੋਰੋਨਾ ਨਮੂਨਿਆਂ ਦੀ ਜਾਂਚ ਲਈ ਫਿਲਹਾਲ 1,065 ਲੈਬਾਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿਚੋਂ 768 ਜਨਤਕ ਖੇਤਰ 'ਚ ਜਦਕਿ 297 ਨਿੱਜੀ ਖੇਤਰ 'ਚ ਹਨ। ਹਰੇਕ ਦਿਨ ਹੋਣ ਵਾਲੀ ਜਾਂਚ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। 25 ਮਾਰਚ ਨੂੰ ਇਹ 1.5 ਲੱਖ ਸੀ ਤੇ ਹੁਣ ਇਹ ਹਰੇਕ ਦਿਨ ਤਿੰਨ ਲੱਖ ਤੋਂ ਜ਼ਿਆਦਾ ਹੈ। ਦੇਸ਼ ਦੀ ਸਿਖਰਲੀ ਖੋਜ ਸੰਸਥਾ ਨੇ ਕਿਹਾ ਕਿ ਬੁੱਧਵਾਰ ਨੂੰ ਕਰੀਬ 2,29,588 ਨਮੂਨਿਆਂ ਦੀ ਜਾਂਚ ਕੀਤੀ। ਇਸ ਤਰ੍ਹਾਂ ਦੀ ਕੁਲ ਗਿਣਤੀ ਵੱਧ ਕੇ 90,56,173 ਹੋ ਗਈ ਹੈ।


ਆਈਸੀਐੱਮਆਰ ਨੇ ਕਿਹਾ ਕਿ ਸਿਰਫ ਇਕ ਲੈਬ, ਪੁਨੇ ਸਥਿਤ ਰਾਸ਼ਟਰੀ ਵਿਸ਼ਾਣੂ ਵਿਗਿਆਨ ਸੰਸਥਾ (ਐੱਨਆਈਵੀ) ਤੋਂ ਜਾਂਚ ਸ਼ੁਰੂ ਹੋਈ ਸੀ। ਲਾਕਡਾਊਨ ਦੀ ਸ਼ੁਰੂਆਤ 'ਚ ਜਾਂਚ ਦਾ ਅੰਕੜਾ ਹਰੇਕ ਦਿਨ 100 ਮਾਮਲਿਆਂ ਦਾ ਸੀ। 23 ਜੂਨ ਨੂੰ ਆਈਸੀਐੱਮਆਰ ਨੇ 1,000 ਜਾਂਚ ਲੈਬਾਂ ਨੂੰ ਮਨਜ਼ੂਰੀ ਦਿੱਤੀ। ਇਸ ਵਿਚਾਲੇ, ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ 'ਚ ਕੋਰੋਨਾ ਦੀ ਜਾਂਚ ਦੀ ਗਿਣਤੀ ਛੇਤੀ ਹੀ ਇਕ ਕਰੋੜ ਦੇ ਅੰਕੜੇ ਨੂੰ ਛੋਹ ਲਵੇਗੀ।


ਲਗਾਤਾਰ ਛੇਵੇਂ ਦਿਨ 18 ਹਜ਼ਾਰ ਤੋਂ ਜ਼ਿਆਦਾ ਮਾਮਲੇ


ਸਿਹਤ ਮੰਤਰਾਲੇ ਵੱਲੋਂ ਵੀਰਵਾਰ ਦੀ ਸਵੇਰ ਅੱਠ ਵਜੇ ਜਾਰੀ ਅੰਕੜਿਆਂ ਅਨੁਸਾਰ ਹੁਣ ਤਕ ਇਨਫੈਕਟਿਡਾਂ ਦੀ ਗਿਣਤੀ 6,04,641 ਹੋ ਗਈ ਹੈ। ਇਕ ਵਿਅਕਤੀ ਵਿਦੇਸ਼ ਚਲਾ ਗਿਆ ਹੈ। 3,59,859 ਲੋਕ ਸਿਹਤਮੰਦ ਹੋ ਚੁੱਕੇ ਹਨ, ਜਦਕਿ 2,26,947 ਮਾਮਲੇ ਸਰਗਰਮ ਹਨ। ਇਸ ਤਰ੍ਹਾਂ 59.52 ਫ਼ੀਸਦੀ ਲੋਕ ਸਿਹਤਮੰਦ ਹੋ ਚੁੱਕੇ ਹਨ।


ਇਹ ਲਗਾਤਾਰ ਛੇਵਾਂ ਦਿਨ ਹੈ ਜਦੋਂ ਨਵੇਂ ਮਰੀਜ਼ਾਂ ਦੀ ਗਿਣਤੀ 18,000 ਤੋਂ ਉੱਪਰ ਰਹੀ। ਜੂਨ ਦੇ ਮਹੀਨੇ 'ਚ ਕੁਲ 4,14,106 ਇਨਫੈਕਸ਼ਨ ਦੇ ਮਾਮਲੇ ਦਰਜ ਕੀਤੇ ਗਏ। ਇਨਫੈਕਟਿਡਾਂ ਦਾ ਅੰਕੜਾ ਪੰਜ ਲੱਖ ਤੋਂ ਛੇ ਲੱਖ ਪਾਰ ਹੋਣ 'ਚ ਸਿਰਫ ਪੰਜ ਦਿਨ ਦਾ ਸਮਾਂ ਲੱਗਾ। ਦੇਸ਼ 'ਚ ਇਨਫੈਕਟਿਡਾਂ ਦੀ ਗਿਣਤੀ ਇਕ ਲੱਖ ਹੋਣ 'ਚ ਜਿਥੇ 110 ਦਿਨ ਲੱਗੇ ਸਨ, ਉਥੇ ਇਕ ਤੋਂ ਛੇ ਲੱਖ ਹੋਣ 'ਚ 44 ਦਿਨ ਲੱਗੇ।


ਦਿੱਲੀ 'ਚ 61, ਤਾਮਿਲਨਾਡੂ 'ਚ 63 ਲੋਕਾਂ ਦੀ ਮੌਤ


ਕੋਰੋਨਾ ਨਾਲ 24 ਘੰਟਿਆਂ 'ਚ 434 ਲੋਕਾਂ ਦੀ ਮੌਤ ਵੀ ਹੋਈ ਹੈ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਮੌਤਾਂ 198 ਮੌਤਾਂ ਮਹਾਰਾਸ਼ਟਰ 'ਚ ਦਰਜ ਕੀਤੀ ਗਈ। ਇਸ ਤੋਂ ਇਲਾਵਾ ਤਾਮਿਲਨਾਡੂ 'ਚ 63, ਦਿੱਲੀ 'ਚ 61, ਉੱਤਰ ਪ੍ਰਦੇਸ਼ 'ਚ 21, ਗੁਜਰਾਤ 'ਚ 21, ਬੰਗਾਲ 'ਚ 15, ਮੱਧ ਪ੍ਰਦੇਸ਼ 'ਚ 9, ਰਾਜਸਥਾਨ 'ਚ 8, ਆਂਧਰ ਪ੍ਰਦੇਸ਼ 'ਚ 6, ਪੰਜਾਬ 'ਚ 5, ਹਰਿਆਣਾ 'ਚ 4, ਜੰਮੂ-ਕਸ਼ਮੀਰ 'ਚ 4, ਬਿਹਾਰ 'ਚ ਤਿੰਨ ਤੇ ਛੱਤਸੀਗੜ੍ਹ ਤੇ ਗੋਆ 'ਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।


ਮਹਾਰਾਸ਼ਟਰ ਸਭ ਤੋਂ ਜ਼ਿਆਦਾ ਮੌਤਾਂ


ਉਥੇ ਦੇਸ਼ 'ਚ ਹੁਣ ਤਕ ਹੋਈਆਂ ਕੁਲ 17,834 ਮੌਤਾਂ ਵਿਚੋਂ ਸਭ ਤੋਂ ਜ਼ਿਆਦਾ 8,053 ਮੌਤਾਂ ਮਹਾਰਾਸ਼ਟਰ 'ਚ ਹੋਈਆਂ ਹਨ। ਇਸ ਤੋਂ ਬਾਅਦ ਦਿੱਲੀ 'ਚ 2,803, ਗੁਜਰਾਤ 'ਚ 1867, ਤਾਮਿਲਨਾਡੂ 'ਚ 1264, ਉੱਤਰ ਪ੍ਰਦੇਸ਼ 'ਚ 718, ਬੰਗਾਲ 'ਚ 683, ਮੱਧ ਪ੍ਰਦੇਸ਼ 'ਚ 581, ਰਾਜਸਥਾਨ 'ਚ 421 ਤੇ ਤੇਲੰਗਾਨਾ 'ਚ 267 ਦੀ ਮੌਤ ਹੋਈ ਹੈ। ਇਸ ਤਰ੍ਹਾਂ ਕਰਨਾਟਕ 'ਚ 253, ਹਰਿਆਣਾ 'ਚ 240, ਆਂਧਰ ਪ੍ਰਦੇਸ਼ 'ਚ 193, ਪੰਜਾਬ 'ਚ 149, ਜੰਮੂ-ਕਸ਼ਮੀਰ 'ਚ 105, ਬਿਹਾਰ 'ਚ 70, ਉੱਤਰਾਖੰਡ 'ਚ 41, ਓਡੀਸ਼ਾ 'ਚ 25 ਤੇ ਕੇਰਲਾ 'ਚ 24 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ 'ਚ ਕਰੀਬ 70 ਫ਼ੀਸਦੀ ਲੋਕ ਅਜਿਹੇ ਸਨ ਜਿਨ੍ਹਾਂ ਦੀ ਮੌਤ ਕੋਰੋਨਾ ਕਾਰਨ ਹੋਰ ਬਿਮਾਰੀਆਂ ਦੀ ਗੁੰਝਲ ਵੱਧਣ ਨਾਲ ਹੋਈ।


ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਵੀ ਮਹਾਰਾਸ਼ਟਰ 'ਚ


ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਸੂਬੇ 'ਚ ਹੁਣ ਤਕ 1,80,289 ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਸ ਤੋਂ ਬਾਅਦ ਤਾਮਿਲਨਾਡੂ 'ਚ 94,049, ਦਿੱਲੀ 'ਚ 89,802, ਗੁਜਰਾਤ 'ਚ 33,232, ਉੱਤਰ ਪ੍ਰਦੇਸ਼ 'ਚ 24,056, ਬੰਗਾਲ 'ਚ 19,170, ਰਾਜਸਥਾਨ 'ਚ 18,312, ਤੇਲੰਗਾਨਾ 'ਚ 17,357, ਕਰਨਾਟਕ 'ਚ 16,154, ਆਂਧਰ ਪ੍ਰਦੇਸ਼ 'ਚ 15,252, ਹਰਿਆਣਾ 'ਚ 14,941 ਤੇ ਮੱਧ ਪ੍ਰਦੇਸ਼ 'ਚ 13,861 ਲੋਕ ਇਸ ਬਿਮਾਰੀ ਤੋਂ ਇਨਫੈਕਟਿਡ ਹੋਏ। ਇਸੇ ਤਰ੍ਹਾਂ ਬਿਹਾਰ 'ਚ 10,249, ਅਸਾਮ 'ਚ 8582, ਜੰਮੂ-ਕਸ਼ਮੀਰ 'ਚ 7695, ਓਡੀਸ਼ਾ 'ਚ 716, ਪੰਜਾਬ 'ਚ 5,668 ਤੇ ਕੇਰਲਾ 'ਚ 4593, ਉੱਤਰਾਖੰਡ 'ਚ 2,947, ਛੱਤੀਸਗੜ੍ਹ 'ਚ 2,940, ਝਾਰਖੰਡ 'ਚ 2521 ਮਾਮਲੇ ਦਰਜ ਕੀਤੇ ਗਏ।

Posted By: Rajnish Kaur