ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਨੇ ਹੁਣ ਇਕ ਹੋਰ ਵੱਡਾ ਰਿਕਾਰਡ ਬਣਾਇਆ ਹੈ। ਪਹਿਲੀ ਵਾਰ 24 ਘੰਟਿਆਂ ’ਚ ਦੇਸ਼ ਵਿਚ ਕੋਰੋਨਾ ਦੇ 2.16 ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਨਵੇਂ ਮਾਮਲਿਆਂ ਦੇ ਨਾਲ ਹੁਣ ਤਕ ਸੰਕ੍ਰਮਿਤ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1.42 ਕਰੋੜ ਤੋਂ ਜ਼ਿਆਦਾ ਹੋ ਗਈ ਹੈ। ਫਿਲਹਾਲ ਦੇਸ਼ ’ਚ ਸਰਗਰਮ ਮਾਮਲਿਆਂ ਦੀ ਗਿਣਤੀ 15 ਲੱਖ ਤੋਂ ਜ਼ਿਆਦਾ ਹੈ। ਰਾਤ 12 ਵਜੇ ਤਕ ਵੱਖ-ਵੱਖ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ’ਚ 216,642 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਾਮਲਿਆਂ ਦੀ ਗਿਣਤੀ ਵੱਧ ਕੇ 1,42,87,740 ਹੋ ਗਈ, ਜਦੋਂਕਿ ਸਰਗਰਮ ਮਾਮਲੇ ਵੱਧ ਕੇ 15,63,588 ਹੋ ਗਏ। ਉਥੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 1,182 ਰਹੀ। ਇਸੇ ਤਰ੍ਹਾਂ ਰਾਤ 12 ਵਜੇ ਤਕ ਮਿ੍ਰਤਕਾਂ ਦੀ ਗਿਣਤੀ ਵੱਧ ਕੇ 1,74,335 ਹੋ ਗਈ।


ਪਿਛਲੇ 9 ਦਿਨਾਂ ’ਚ ਕੋਰੋਨਾ ਦੇ 13.8 ਲੱਖ ਮਰੀਜ਼ ਵਧੇ

ਉਥੇ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਅਨੁਸਾਰ 24 ਘੰਟਿਆਂ ’ਚ 2,00,739 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਨੂੰ ਮਿਲਾ ਕੇ ਕੁੱਲ 1,40,74,564 ਲੋਕਾਂ ਸੰਕ੍ਰਮਿਤ ਹੋ ਚੁੱਕੇ ਹਨ। ਇਸ ਦੌਰਾਨ 1,038 ਹੋਰ ਲੋਕਾਂ ਦੀ ਮੌਤ ਦੇ ਨਾਲ ਹੁਣ ਤਕ ਇਸ ਬਿਮਾਰੀ ਨਾਲ 1,73,123 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਕ ਦਿਨ ’ਚ ਮੌਤਾਂ ਦਾ ਇਹ ਅੰਕੜਾ ਤਿੰਨ ਅਕਤੂਬਰ 2020 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਉਸ ਦਿਨ ਦੇਸ਼ ’ਚ 1,069 ਲੋਕਾਂ ਦੀ ਮੌਤ ਹੋਈ ਸੀ। ਪਿਛਲੇ 9 ਦਿਨਾਂ ਤੋਂ ਲਗਾਤਾਰ ਹਰ ਦਿਨ ਇਕ ਲੱਖ ਤੋਂ ਜ਼ਿਆਦਾ ਸੰਕ੍ਰਮਣ ਦੇ ਮਾਮਲੇ ਆ ਰਹੇ ਹਨ। ਇਨ੍ਹਾਂ 9 ਦਿਨਾਂ ’ਚ 13,88,525 ਨਵੇਂ ਮਰੀਜ਼ ਵਧੇ ਹਨ।

Posted By: Sunil Thapa