ਜੇਐੱਨਐੱਨ, ਜੈਪੁਰ : ਰਾਜਸਥਾਨ 'ਚ ਕੋਰੋਨਾ ਇਨਫੈਕਸ਼ਨ ਲਗਾਤਾਰ ਵਧ ਰਿਹਾ ਹੈ। ਇਨਫੈਕਟਿਡ ਪੀੜਤਾਂ ਦੀ ਗਿਣਤੀ 'ਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਬੀਤੇ ਦੋ ਦਿਨਾਂ ਦੇ ਅੰਕੜਿਆਂ ਨੂੰ ਦੇਖਦੇ ਹੋਏ ਪ੍ਰਤੀ ਘੰਟੇ 'ਚ 200 ਤੋਂ 250 ਨਵੇਂ ਮਰੀਜ਼ ਮਿਲ ਰਹੇ ਹਨ। ਤੇਜ਼ੀ ਨਾਲ ਫੈਲਦੇ ਇਨਫੈਕਸ਼ਨ ਨੂੰ ਦੇਖਦਿਆਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਪੂਰੇ ਸੂਬੇ 'ਚ ਕਰਫ਼ਿਊ ਲਗਾਉਣ ਦਾ ਫ਼ੈਸਲਾ ਕੀਤਾ ਹੈ। ਕਰਫ਼ਿਊ ਤੇ ਤੈਅ ਗਾਈਡਲਾਈਨਜ਼ ਦੀ ਪਾਲਣਾ ਕਰਵਾਉਣ ਸਬੰਧੀ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤੀ ਕਰਨ ਲਈ ਕਿਹਾ ਗਿਆ ਹੈ। ਅਚਾਨਕ ਮੰਗ ਵਧਣ ਤੋਂ ਬਾਅਦ ਸਰਕਾਰ ਨੇ ਰੈਮਡੇਸਿਵਰ ਇੰਜੈਕਸ਼ਨ ਜ਼ਿਲ੍ਹਿਆਂ 'ਚ ਭੇਜੇ ਹਨ। ਹਸਪਤਾਲਾਂ 'ਚ 44 ਨਵੀਆਂ ਆਰਟੀਪੀਸੀਆਰ ਮਸ਼ੀਨਾਂ ਤੇ 28 ਨਵੀਆਂ ਆਰਐੱਨਏ ਐਕਸਟ੍ਰੈਸ਼ਨ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਹਨ। ਆਕਸੀਜਨ ਮੁਹੱਈਆ ਕਰਵਾਉਣ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।

ਸੂਬੇ ਦੇ ਸਾਰੇ ਜ਼ਿਲ੍ਹਿਆਂ 'ਚ ਇਨਫੈਕਟਿਡ ਮਿਲਣ ਨਾਲ ਚਿੰਤਤ ਸਰਕਾਰ ਨੇ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਸ਼ਨਿਚਰਵਾਰ ਨੂੰ ਤਿੰਨ ਵਿਧਾਨ ਸਭਾ ਹਲਕਿਆਂ ਰਾਜਸਮੰਦ, ਸੁਜਾਨਗੜ੍ਹ ਤੇ ਸਹਾੜਾ 'ਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਪੋਲਿੰਗ ਦੇ ਸਮੇਂ 'ਚ ਕਰਫ਼ਿਊ ਦੀ ਛੋਟ ਦਿੱਤੀ ਗਈ ਹੈ।

Posted By: Seema Anand