ਜੇਐੱਨਐੱਨ, ਨਵੀਂ ਦਿੱਲੀ : ਪਿਛਲੇ 10 ਦਿਨਾਂ ਤੋਂ ਕੋਰੋਨਾ ਦੇ ਰੋਜ਼ਾਨਾ 20 ਹਜ਼ਾਰ ਤੋਂ ਘੱਟ ਨਵੇਂ ਕੇਸ ਮਿਲ ਰਹੇ ਹਨ। ਰੋਜ਼ਾਨਾ ਨਵੇਂ ਮਾਮਲਿਆਂ ਤੋਂ ਜ਼ਿਆਦਾ ਮਰੀਜ਼ਾਂ ਦੇ ਠੀਕ ਹੋਣ ਦਾ ਸਿਲਸਿਲਾ ਵੀ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਬਣਿਆ ਹੋਇਆ ਹੈ। ਇਸਦੇ ਨਤੀਜੇ ਵਜੋਂ ਸਰਗਰਮ ਮਾਮਲਿਆਂ 'ਚ ਲਗਾਤਾਰ ਕਮੀ ਆ ਰਹੀ ਹੈ ਤੇ ਮੌਜੂਦਾ ਸਮੇਂ ਇਹ ਦੋ ਲੱਖ ਤੋਂ ਨੇੜੇ ਪਹੁੰਚ ਗਏ ਹਨ ਜੋ ਕੁੱਲ ਮਾਮਲਿਆਂ ਦਾ ਦੋ ਫ਼ੀਸਦੀ ਤੋਂ ਵੀ ਘੱਟ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਦੇਸ਼ 'ਚ ਪਹਿਲੀ ਵਾਰ ਸਰਗਰਮ ਮਾਮਲਿਆਂ ਦਾ ਅੰਕੜਾ ਕੁੱਲ ਪੀੜਤਾਂ ਦੇ ਦੋ ਫ਼ੀਸਦੀ ਤੋਂ ਘੱਟ ਕੇ 1.98 ਫ਼ੀਸਦੀ 'ਤੇ ਆ ਗਿਆ ਹੈ। ਮੌਜੂਦਾ ਸਮੇਂ 208826 ਸਰਗਰਮ ਮਾਮਲੇ ਹਨ।

ਪਿਛਲੇ 10 ਦਿਨਾਂ ਤੋਂ ਰੋਜ਼ਾਨਾ 20 ਹਜ਼ਾਰ ਤੋਂ ਘੱਟ ਕੇਸ ਮਿਲ ਰਹੇ ਹਨ। ਸਰਗਰਮ ਮਾਮਲਿਆਂ ਤੇ ਠੀਕ ਹੋ ਚੁੱਕੇ ਮਰੀਜ਼ਾਂ ਵਿਚਾਲੇ ਫ਼ਰਕ 99.88 ਲੱਖ ਹੋ ਗਿਆ ਹੈ। ਮੰਤਰਾਲੇ ਮੁਤਾਬਕ ਪਿਛਲੇ 23 ਦਿਨਾਂ ਤੋਂ ਦੇਸ਼ 'ਚ ਰੋਜ਼ਾਨਾ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੀ 300 ਤੋਂ ਹੇਠ ਬਣੀ ਹੋਈ ਹੈ। ਹਾਲ ਦੇ ਕੁਝ ਦਿਨਾਂ ਤੋਂ ਤਾਂ ਮਿ੍ਤਕਾਂ ਦਾ ਰੋਜ਼ਾਨਾ ਅੰਕੜਾ ਦੋ ਸੌ ਤੋਂ ਵੀ ਹੇਠਾਂ ਆ ਗਿਆ ਹੈ।

ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ 'ਚ ਵੀ 15144 ਨਵੇਂ ਕੇਸ ਮਿਲੇ ਹਨ, 17170 ਮਰੀਜ਼ ਠੀਕ ਹੋਏ ਹਨ ਤੇ 181 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਦੇ ਨਾਲ ਹੀ ਕੁੱਲ ਪੀੜਤਾਂ ਦਾ ਅੰਕੜਾ ਇਕ ਕਰੋੜ ਪੰਜ ਲੱਖ 57 ਹਜ਼ਾਰ ਤੋਂ ਵੱਧ ਹੋ ਗਿਆ ਹੈ। ਇਨ੍ਹਾਂ 'ਚੋਂ ਇਕ ਕਰੋੜ ਇਕ ਲੱਖ 96 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ ਤੇ 152274 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵੱਧ ਕੇ 96.58 ਫ਼ੀਸਦੀ ਹੋ ਗਈ ਤੇ ਮੌਤ ਦਰ 1.44 ਫ਼ੀਸਦੀ 'ਤੇ ਬਣੀ ਹੋਈ ਹੈ।

ਸ਼ਨਿਚਰਵਾਰ ਨੂੁੰ 7.79 ਲੱਖ ਟੈਸਟ

ਭਾਰਤੀ ਮੈਡੀਕਲ ਖੋਜ ਪ੍ਰਰੀਸ਼ਦ (ਆਈਸੀਐੱਮਆਰ) ਮੁਤਾਬਕ ਕੋਰੋਨਾ ਇਨਫੈਕਸ਼ਨ ਦਾ ਪਤਾ ਲਗਾਉਣ ਲਈ ਦੇਸ਼ ਭਰ 'ਚ ਹੁਣ ਤਕ 18.56 ਕਰੋੜ ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਨ੍ਹਾਂ 'ਚ 7.79 ਲੱਖ ਸੈਂਪਲਾਂ ਦੀ ਜਾਂਚ ਸ਼ਨਿਚਰਵਾਰ ਨੂੰ ਕੀਤੀ ਗਈ।

ਕੋਰੋਨਾ ਦੀ ਨਵੀਂ ਕਿਸਮ ਦਾ ਨਹੀਂ ਮਿਲਿਆ ਕੋਈ ਨਵਾਂ ਕੇਸ

ਮੰਤਰਾਲੇ ਨੇ ਦੱਸਿਆ ਕਿ ਬਰਤਾਨੀਆ 'ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦਾ ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਈ ਨਵਾਂ ਕੇਸ ਨਹੀਂ ਮਿਲਿਆ ਹੈ। ਸ਼ਨਿਚਰਵਾਰ ਤਕ ਇਸ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 116 ਸੀ।