ਜਾਗਰਣ ਟੀਮ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਨਾਲ ਮੌਤਾਂ ਦਾ ਅੰਕੜਾ ਕਈ ਦਿਨਾਂ ਤੋਂ ਕਰੀਬ ਦੋ ਹਜ਼ਾਰ ਹਰ ਰੋਜ਼ 'ਤੇ ਲਗਪਗ ਸਥਿਰ ਹੋਣ ਤੋਂ ਬਾਅਦ ਨੌਂ ਜੂਨ ਨੂੰ ਅਚਾਨਕ ਛੇ ਹਜ਼ਾਰ ਤੋਂ ਪਾਰ ਪੁੱਜ ਗਿਆ। ਇਸ ਦਾ ਮੁੱਖ ਕਾਰਨ ਬਿਹਾਰ 'ਚ ਕੋਰੋਨਾ ਕਾਰਨ ਮੌਤਾਂ ਦੇ ਅੰਕੜੇ 'ਚ ਕਰੀਬ 73 ਫ਼ੀਸਦੀ ਦਾ ਵੱਡਾ ਬਦਲਾਅ ਹੋਣਾ ਰਿਹਾ। ਸਰਕਾਰੀ ਅੰਕੜਿਆਂ ਮੁਤਾਬਕ, ਸੱਤ ਜੂਨ 2021 ਤਕ ਬਿਹਾਰ 'ਚ ਕੋਰੋਨਾ ਨਾਲ 5,424 ਲੋਕਾਂ ਦੀ ਮੌਤ ਹੋਈ ਸੀ (ਮਾਰਚ 2020 ਤੋਂ ਮਾਰਚ 2021 ਦੀਆਂ 1,600 ਮੌਤਾਂ ਸ਼ਾਮਲ) ਪਰ ਹਸਪਤਾਲ ਤੇ ਜ਼ਿਲ੍ਹਾ ਪੱਧਰ 'ਤੇ ਤਸਦੀਕ ਤੋਂ ਪਤਾ ਲੱਗਾ ਕਿ ਕੋਰੋਨਾ ਨਾਲ ਸੂਬੇ 'ਚ ਹੁਣ ਤਕ 5,424 ਨਹੀਂ ਬਲਕਿ 9,375 ਲੋਕਾਂ ਦੀ ਮੌਤ ਹੋਈ। ਯਾਨੀ ਬਿਹਾਰ ਸਰਕਾਰ ਕੋਲ 3,941 ਲੋਕਾਂ ਦੀ ਕੋਰੋਨਾ ਨਾਲ ਮੌਤ ਦਾ ਅੰਕੜਾ ਹੀ ਨਹੀਂ ਸੀ। ਇਸ ਸਬੰਧੀ ਪਟਨਾ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਬਣਾਈਆਂ ਗਈਆਂ ਦੋ ਕਮੇਟੀਆਂ ਦੀ ਰਿਪੋਰਟ 'ਚ ਮੌਤਾਂ ਦਾ ਨਵਾਂ ਅੰਕੜਾ ਸਾਹਮਣੇ ਆਇਆ ਹੈ। ਮਾਮਲੇ 'ਚ ਵਿਵਾਦ ਵਧਣ 'ਤੇ ਬਿਹਾਰ ਦੇ ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਪਿੰਡਾਂ ਤੇ ਪੇਂਡੂ ਇਲਾਕਿਆਂ 'ਚ ਮੌਤਾਂ ਦਾ ਅੰਕੜਾ ਅਪਡੇਟ ਨਹੀਂ ਹੋ ਸਕਿਆ ਸੀ। ਹੁਣ ਇਹੀ ਅੰਕੜਾ ਸਾਹਮਣੇ ਆਇਆ ਹੈ ਜਿਸ ਕਾਰਨ ਵਾਧਾ ਦਿਸ ਰਿਹਾ ਹੈ।

ਅਸਲ 'ਚ ਬਿਹਾਰ ਦੇ ਸਿਹਤ ਵਿਭਾਗ ਦੇ ਜੁਆਇੰਟ ਮੁੱਖ ਸਕੱਤਰ ਪ੍ਰਤਯਯ ਅੰਮਿ੍ਤ ਨੇ ਬੁੱਧਵਾਰ ਨੂੰ ਇਕ ਪ੍ਰਰੈੱਸ ਕਾਨਫਰੰਸ 'ਚ ਕਿਹਾ ਸੀ ਕਿ 18 ਮਈ ਨੂੰ ਮਿ੍ਤਕਾਂ ਦੀ ਪਛਾਣ ਲਈ ਗਠਿਤ ਦੋ ਕਮੇਟੀਆਂ ਨੇ ਅੱਠ ਜੂਨ ਨੂੰ ਆਪਣੀ ਰਿਪੋਰਟ ਸੌਂਪੀ। ਰਿਪੋਰਟ ਮੁਤਾਬਕ, ਕਮੇਟੀ ਨੇ ਕਰੀਬ ਚਾਰ ਹਜ਼ਾਰ ਅਜਿਹੇ ਲੋਕਾਂ ਦੀ ਪੁਸ਼ਟੀ ਕੀਤੀ ਜਿਨ੍ਹਾਂ ਦੀ ਕੋਰੋਨਾ ਨਾਲ ਮੌਤ ਦਾ ਅੰਕੜਾ ਸਰਕਾਰ ਕੋਲ ਨਹੀਂ ਸੀ।

ਮਿ੍ਤਕਾਂ ਦੇ ਆਸ਼ਰਿਤਾਂ ਨੂੰ ਮਿਲੇਗਾ ਮੁਆਵਜ਼ਾ

ਬਿਹਾਰ 'ਚ ਜਿਨ੍ਹਾਂ ਦੀ ਕੋਰੋਨਾ ਨਾਲ ਮੌਤ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਦੇ ਆਸ਼ਰਿਤਾਂ ਨੂੰ ਚਾਰ-ਚਾਰ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਇਸ ਲਈ ਪ੍ਰਕਿਰਿਆ ਸ਼ੁਰੂ ਵੀ ਕਰ ਦਿੱਤੀ ਗਈ ਹੈ। ਹੁਣ ਤਕ 3,737 ਲੋਕਾਂ ਲਈ ਰਕਮ ਜਾਰੀ ਵੀ ਕੀਤੀ ਜਾ ਚੁੱਕੀ ਹੈ। ਸੂਬਾਈ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਹੀ ਕੋਰੋਨਾ ਮਿ੍ਤਕਾਂ ਦੇ ਆਸ਼ਰਿਤਾਂ ਨੂੰ ਮੁਆਵਜ਼ਾ ਦੇਣ ਲਈ 300 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ। ਬਿਹਾਰ ਕੋਰੋਨਾ ਮਿ੍ਤਕਾਂ ਦੇ ਆਸ਼ਰਿਤਾਂ ਨੂੰ ਆਰਥਿਕ ਸਹਾਇਤਾ ਦੇਣ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ। ਜੁਆਇੰਟ ਮੁੱਖ ਸਕੱਤਰ ਨੇ ਕਿਹਾ ਕਿ ਸਰਕਾਰ ਬਹੁਤ ਸੰਵੇਦਨਸ਼ੀਲ ਹੈ ਤੇ ਉਸ ਦੀ ਮਨਸ਼ਾ ਹੈ ਕਿ ਮਹਾਮਾਰੀ ਨਾਲ ਜਿਨ੍ਹਾਂ ਦੀ ਮੌਤ ਹੋਈ, ਉਨ੍ਹਾਂ ਦੇ ਆਸ਼ਰਿਤਾਂ ਨੂੰ ਸਮੇਂ 'ਤੇ ਮੁਆਵਜ਼ਾ ਮਿਲੇ। ਇਸੇ ਕਾਰਨ ਮੌਤਾਂ ਦਾ ਅੰਕੜਾ ਜਾਂਚਣ ਲਈ ਕਮੇਟੀ ਦਾ ਗਠਨ ਵੀ ਕੀਤਾ ਗਿਆ।