ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੀ ਰਫ਼ਤਾਰ ਰੁਕਦੀ ਨਜ਼ਰ ਨਹੀਂ ਆ ਰਹੀ ਹੈ। ਅਜਿਹੇ ਸਮੇਂ ਇਕ ਜੂਨ ਤੋਂ ਪਾਬੰਦੀਆਂ ਵਿਚ ਜ਼ਿਆਦਾ ਢਿੱਲ ਦੇ ਨਾਲ ਇਨਫੈਕਸ਼ਨ ਦੇ ਹੋਰ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਦਿੱਲੀ ਦੇ ਨਾਲ ਹੀ ਤਾਮਿਲਨਾਡੂ ਵਿਚ ਨਵੇਂ ਮਾਮਲੇ ਰੋਜ਼ਾਨਾ ਵੱਧ ਰਹੇ ਹਨ। ਮਹਾਰਾਸ਼ਟਰ, ਗੁਜਰਾਤ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿਚ ਤਾਂ ਪਹਿਲੇ ਤੋਂ ਹੀ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ। ਇਨ੍ਹਾਂ ਸਭ ਨੂੰ ਮਿਲਾ ਕੇ ਦੇਸ਼ ਵਿਚ ਇਨਫੈਕਸ਼ਨ ਦਾ ਗ੍ਰਾਫ਼ ਤੇਜ਼ੀ ਨਾਲ ਉਪਰ ਚੜ੍ਹ ਰਿਹਾ ਹੈ। ਐਤਵਾਰ ਨੂੰ ਵੀ ਛੇ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਅਤੇ 150 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ, ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ 8,380 ਨਵੇਂ ਮਾਮਲੇ ਸਾਹਮਣੇ ਆਏ ਅਤੇ 193 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਪ੍ਰਭਾਵਿਤ ਦਾ ਅੰਕੜਾ 1,82,143 'ਤੇ ਪੁੱਜ ਗਿਆ ਹੈ ਜਦਕਿ 5,164 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਅਤੇ ਹੋਰ ਸਰੋਤਾਂ ਤੋਂ ਮਿਲੇ ਅੰਕੜਿਆਂ ਵਿਚ ਅੰਤਰ ਦਾ ਕਾਰਨ ਰਾਜਾਂ ਤੋਂ ਕੇਂਦਰੀ ਏਜੰਸੀ ਨੂੰ ਅੰਕੜੇ ਮਿਲਣ ਵਿਚ ਹੋਣ ਵਾਲੀ ਦੇਰੀ ਹੈ। ਇਸ ਦੇ ਇਲਾਵਾ ਕਈ ਏਜੰਸੀਆਂ ਰਾਜਾਂ ਤੋਂ ਸਿੱਧੇ ਅੰਕੜੇ ਇਕੱਠੇ ਕਰਦੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਵਿਚ ਇਕ ਦਿਨ ਪਹਿਲੇ ਹੀ ਦੇਰ ਰਾਤ ਤਕ ਦੇ ਮਾਮਲੇ ਸ਼ਾਮਲ ਹੁੰਦੇ ਹਨ।

ਰਾਜਾਂ ਅਤੇ ਕੇਂਦਰ ਸ਼ਾਸਿਤ ਰਾਜਾਂ ਤੋਂ ਮਿਲੀਆਂ ਸੂਚਨਾਵਾਂ ਅਨੁਸਾਰ ਐਤਵਾਰ ਨੂੰ 6,211 ਨਵੇਂ ਮਾਮਲੇ ਸਾਹਮਣੇ ਆਏ ਅਤੇ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ 1,83,003 ਹੋ ਗਈ। ਸਰਗਰਮ ਕੇਸ 89,400 ਹਨ। ਹੁਣ ਤਕ 88,335 ਲੋਕ ਪੂਰੀ ਤਰ੍ਹਾਂ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ। ਹੁਣ ਤਕ 5,268 ਮਰੀਜ਼ਾਂ ਦੀ ਜਾਨ ਵੀ ਜਾ ਚੁੱਕੀ ਹੈ। ਐਤਵਾਰ ਨੂੰ ਵੀ 168 ਲੋਕਾਂ ਦੀ ਮੌਤ ਹੋਈ ਜਿਸ ਨਾਲ ਸਭ ਤੋਂ ਵੱਧ ਮਹਾਰਾਸ਼ਟਰ ਵਿਚ 89, ਦਿੱਲੀ ਵਿਚ 57, ਤਾਮਿਲਨਾਡੂ ਵਿਚ 13, ਬੰਗਾਲ ਵਿਚ ਅੱਠ ਅਤੇ ਰਾਜਸਥਾਨ ਵਿਚ ਇਕ ਮੌਤ ਸ਼ਾਮਲ ਹੈ।

ਮਹਾਰਾਸ਼ਟਰ 'ਚ ਘੱਟ ਹੋਏ ਨਵੇਂ ਮਾਮਲੇ

ਮਹਾਰਾਸ਼ਟਰ ਵਿਚ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਐਤਵਾਰ ਨੂੰ ਨਵੇਂ ਮਾਮਲੇ ਕੁਝ ਘੱਟ 2,487 ਸਾਹਮਣੇ ਆਏ। ਸ਼ਨਿਚਰਵਾਰ ਨੂੰ ਕਰੀਬ ਤਿੰਨ ਹਜ਼ਾਰ ਕੇਸ ਮਿਲੇ ਸਨ। ਰਾਜ ਵਿਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਵੱਧ ਕੇ 67,655 ਹੋ ਗਈ ਹੈ। ਹੁਣ ਤਕ ਰਾਜ ਵਿਚ 2,286 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਵੀ ਹੋ ਚੁੱਕੀ ਹੈ।

ਡਰਾਉਣ ਲੱਗੇ ਦਿੱਲੀ ਦੇ ਹਾਲਾਤ

ਰਾਜਧਾਨੀ ਦਿੱਲੀ ਵਿਚ ਵੱਧਦਾ ਇਨਫੈਕਸ਼ਨ ਡਰਾਉਣ ਲੱਗਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਸਾਰੀਆਂ ਪਾਬੰਦੀਆਂ ਅਤੇ ਕੰਟੇਨਮੈਂਟ ਜ਼ੋਨ ਬਣਾਏ ਜਾਣ ਦੇ ਬਾਵਜੂਦ ਇਨਫੈਕਸ਼ਨ ਦੇ ਫੈਲਣ 'ਤੇ ਰੋਕ ਨਹੀਂ ਲੱਗ ਸਕੀ। ਨਵੇਂ ਮਾਮਲਿਆਂ ਵਿਚ ਰੋਜ਼ਾਨਾ ਵਾਧਾ ਹੀ ਹੋ ਰਿਹਾ ਹੈ। ਐਤਵਾਰ ਨੂੰ 1,295 ਨਵੇਂ ਮਾਮਲੇ ਸਾਹਮਣੇ ਆਏ ਜੋ ਹੁਣ ਤਕ ਇਕ ਦਿਨ ਵਿਚ ਆਏ ਸਭ ਤੋਂ ਜ਼ਿਆਦਾ ਮਾਮਲੇ ਹਨ। ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 19,844 ਹੋ ਗਈ ਹੈ। ਹੁਣ ਤਕ 473 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

ਤਾਮਿਲਨਾਡੂ 'ਚ ਵੀ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ

ਤਾਮਿਲਨਾਡੂ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਐਤਵਾਰ ਨੂੰ ਰਿਕਾਰਡ 1,149 ਨਵੇਂ ਮਾਮਲੇ ਸਾਹਮਣੇ ਆਏ ਅਤੇ ਕੋਰੋਨੋਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ 22,333 ਹੋ ਗਈ। ਕੇਰਲ ਵਿਚ ਵੀ 61 ਨਵੇਂ ਕੇਸ ਮਿਲੇ ਹਨ ਅਤੇ ਅੰਕੜਾ 1,269 ਤਕ ਪੁੱਜ ਗਿਆ ਹੈ। ਆਂਧਰ ਪ੍ਰਦੇਸ਼ ਵਿਚ ਵੀ ਇਕ ਦਿਨ ਵਿਚ ਹੁਣ ਤਕ ਸਭ ਤੋਂ ਜ਼ਿਆਦਾ 110 ਨਵੇਂ ਮਾਮਲੇ ਮਿਲੇ ਹਨ ਅਤੇ ਮਰੀਜ਼ਾਂ ਦੀ ਗਿਣਤੀ ਵੱਧ ਕੇ 3,571 ਹੋ ਗਈ ਹੈ।

ਬੰਗਾਲ-ਉੱਤਰ ਪ੍ਰਦੇਸ਼ 'ਚ ਵੀ ਨਹੀਂ ਰੁਕ ਰਹੇ ਮਾਮਲੇ

ਬੰਗਾਲ ਅਤੇ ਉੱਤਰ ਪ੍ਰਦੇਸ਼ ਵਿਚ ਵੀ ਨਵੇਂ ਮਾਮਲਿਆਂ ਵਿਚ ਕਮੀ ਨਹੀਂ ਆ ਰਹੀ ਹੈ। ਐਤਵਾਰ ਨੂੰ ਬੰਗਾਲ ਵਿਚ ਰਿਕਾਰਡ 371 ਨਵੇਂ ਮਾਮਲੇ ਸਾਹਮਣੇ ਆਏ ਅਤੇ ਕੋਰੋਨਾ ਪ੍ਰਭਾਵਿਤ ਦੀ ਗਿਣਤੀ ਵੱਧ ਕੇ 5,501 ਹੋ ਗਈ ਜਦਕਿ 122 ਨਵੇਂ ਮਾਮਲਿਆਂ ਨਾਲ ਉੱਤਰ ਪ੍ਰਦੇਸ਼ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 7,823 ਤਕ ਪੁੱਜ ਗਈ ਹੈ। ਜੰਮੂ-ਕਸ਼ਮੀਰ ਵਿਚ 105 ਨਵੇਂ ਕੇਸ ਮਿਲੇ ਹਨ ਅਤੇ ਹੁਣ ਤਕ 2,446 ਲੋਕ ਪ੍ਰਭਾਵਿਤ ਹੋ ਚੁੱਕੇ ਹਨ। 168 ਨਵੇਂ ਮਾਮਲਿਆਂ ਨਾਲ ਹਰਿਆਣਾ ਵਿਚ ਵੀ ਕੋਰੋਨਾ ਪਾਜ਼ੇਟਿਵ 2,091 ਤਕ ਪੁੱਜ ਗਏ ਹਨ।