ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ 'ਚ ਗਿਰਾਵਟ ਦੇਖੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਿਕ ਦੇਸ਼ ਦੇ 11 ਸੂਬਿਆਂ 'ਚ 1 ਲੱਖ ਤੋਂ ਜ਼ਿਆਦਾ ਮਾਮਲੇ ਐਕਟਿਵ ਹਨ। 8 ਸੂਬਿਆਂ 'ਚ 50,000 ਤੋਂ 1 ਲੱਖ ਵਿਚਕਾਰ ਕੋਰੋਨਾ ਦੇ ਐਕਟਿਵ ਮਾਮਲੇ ਹਨ। ਦੇਸ਼ ਦੇ 17 ਸੂਬਿਆਂ 'ਚ 50,000 ਤੋਂ ਘੱਟ ਕੋਰੋਨਾ ਦੇ ਐਕਟਿਵ ਮਾਮਲੇ ਹਨ। ਮਹਾਰਾਸ਼ਟਰ, ਯੂਪੀ, ਗੁਜਰਾਤ ਤੇ ਛੱਤੀਸਗੜ੍ਹ ਜਿੱਥੇ ਜ਼ਿਆਦਾ ਗਿਣਤੀ 'ਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਵੀ ਹੁਣ ਐਕਟਿਵ ਮਾਮਲਿਆਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਨਾਲ ਹੀ ਮੰਤਰਾਲੇ ਨੇ ਦੱਸਿਆ ਕਿ ਚਿੰਤਾ ਦਾ ਕਾਰਨ ਤਮਿਲਨਾਡੂ ਹੈ ਜਿੱਥੇ ਪਿਛਲੇ ਇਕ ਹਫ਼ਤੇ 'ਚ ਐਕਟਿਵ ਮਾਮਲਿਆਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਮੁਤਾਬਿਕ ਦੇਸ਼ 'ਚ ਐਕਟਿਵ ਮਾਮਲਿਆਂ 'ਚ ਕਮੀ ਦੇਖੀ ਜਾ ਰਹੀ ਹੈ। 3 ਮਈ ਨੂੰ ਰਿਕਵਰੀ ਰੇਟ 81.3 ਫੀਸਦੀ ਸੀ ਜਿਸ ਤੋਂ ਬਾਅਦ ਰਿਕਵਰੀ 'ਚ ਸੁਧਾਰ ਹੋਇਆ ਹੈ। ਹੁਣ ਰਿਕਵਰੀ ਰੇਟ 83.83 ਫੀਸਦੀ ਹੈ। 75 ਫੀਸਦੀ ਮਾਮਲੇ 10 ਸੂਬਿਆਂ ਤੋਂ ਆ ਰਹੇ ਹਨ ਤੇ ਕੁੱਲ ਐਕਟਿਵ ਮਾਮਲਿਆਂ ਦਾ 80 ਫੀਸਦੀ ਸਿਰਫ਼ 12 ਸੂਬਿਆਂ 'ਚ ਹਨ।

ਸਿਹਤ ਸਕੱਤਰ ਨੇ ਦੱਸਿਆ ਕਿ ਦੇਸ਼ 'ਚ 24 ਸੂਬੇ ਤੇ ਕੇਂਦਰ ਸ਼ਾਸਿਤ ਸੂਬੇ ਅਜਿਹੇ ਹਨ ਜਿੱਥੇ 15 ਫੀਸਦੀ ਤੋਂ ਜ਼ਿਆਦਾ ਪਾਜ਼ੇਟਿਵਿਟੀ ਰੇਟ ਹੈ। 5 ਤੋਂ 15 ਫੀਸਦੀ ਪਾਜ਼ੇਟਿਵਿਟੀ ਰੇਟ 10 ਸੂਬਿਆਂ 'ਚ ਹੈ। 5 ਫੀਸਦੀ ਤੋਂ ਘੱਟ ਪਾਜ਼ੇਟਿਵਿਟੀ ਰੇਟ 3 ਸੂਬਿਆਂ 'ਚ ਹੈ। ਪਿਛਲੇ 1 ਹਫ਼ਤੇ 'ਚ 18 ਸੂਬੇ ਤੇ ਕੇਂਦਰ ਸ਼ਾਸਿਤ ਸੂਬੇ ਪਾਜ਼ੇਟਿਵਿਟੀ ਰੇਟ ਘੱਟ ਹੋਈ ਹੈ। ਦੇਸ਼ਭਰ 'ਚ ਪਾਜ਼ੇਟਿਵਿਟੀ ਰੇਟ ਜੋ 21.29 ਫੀਸਦੀ ਸੀ, ਉਹ ਹੁਣ 19.8 ਫੀਸਦੀ ਰਹਿ ਗਈ ਹੈ।

Posted By: Amita Verma