ਧਰਮਿੰਦਰ ਮਿਸ਼ਰਾ, ਲਖਨਊ : ਕੋਰੋਨਾ ਵਾਇਰਸ ਦਾ ਇਨਫੈਕਸ਼ਨ ਮੁੂੰਹ ਤੇ ਨੱਕ ਤੋਂ ਇਲਾਵਾ ਅੱਖਾਂ ਦੇ ਰਸਤਿਓਂ ਵੀ ਹੁੰਦਾ ਹੈ। ਇਸ ਲਈ ਮੂੰਹ 'ਤੇ ਮਾਸਕ ਲਾਉਣ ਤੋਂ ਇਲਾਵਾ ਅੱਖਾਂ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ। ਅਜਿਹੇ 'ਚ ਹਰੇਕ ਵਿਅਕਤੀ ਨੂੰ ਇਨ੍ਹਾਂ ਦਿਨਾਂ 'ਚ ਐਨਕਾਂ ਵੀ ਲਾਉਣੀਆਂ ਚਾਹੀਦੀਆਂ ਹਨ। ਇਨਫੈਕਸ਼ਨ ਤੋਂ ਬਚਾਅ ਲਈ ਸਿਰਫ਼ ਮਾਸਕ ਹੀ ਢੁੱਕਵਾਂ ਨਹੀਂ ਹੈ।

ਕੇਜੀਐੱਮਯੂ ਲਖਨਊ 'ਚ ਆਪਥੈਲਮੋਲਾਜੀ ਵਿਭਾਗ ਦੇ ਐਸੋਸੀਏਟ ਪ੍ਰਰੋਫੈਸਰ ਡਾ. ਸਿਧਾਰਥ ਅਗਰਵਾਲ ਕਹਿੰਦੇ ਹਨ ਕਿ ਜਦੋਂ ਕੋਈ ਇਨਫੈਕਟਿਡ ਮਰੀਜ਼ ਕਿਸੇ ਸਿਹਤਮੰਦ ਵਿਅਕਤੀ ਕੋਲ ਇਕ ਮੀਟਰ ਤੋਂ ਘੱਟ ਦੂਰੀ 'ਤੇ ਛਿੱਕਦਾ, ਖੰਘਦਾ ਜਾਂ ਥੁੱਕਦਾ ਹੈ ਤਾਂ ਵਾਇਰਸ ਹਵਾ ਕਣਾਂ ਨਾਲ ਮਿਲ ਕੇ ਮੂੰਹ, ਨੱਕ ਤੇ ਅੱਖਾਂ ਕੋਲ ਪੁੱਜ ਸਕਦੇ ਹਨ। ਅਜਿਹੀ ਸਥਿਤੀ 'ਚ ਇਨਫੈਕਸ਼ਨ ਹੋ ਸਕਦਾ ਹੈ। ਆਮ ਤੌਰ 'ਤੇ ਲੋਕ ਮੂੰਹ 'ਤੇ ਮਾਸਕ ਜਾਂ ਰੁਮਾਲ ਬੰਨ੍ਹ ਲੈਂਦੇ ਹਨ ਪਰ ਅੱਖਾਂ ਨੂੰ ਲੈ ਕੇ ਹਾਲੇ ਵੀ ਹਰ ਕੋਈ ਸੰਜੀਦਾ ਨਹੀਂ ਹੈ। ਜੋ ਲੋਕ ਕੰਟੈਕਟ ਲੈਂਸ ਲਾਉਂਦੇ ਹਨ, ਉਹ ਵੀ ਆਪਣੇ-ਆਪ ਨੂੰ ਸੁਰੱਖਿਅਤ ਨਾ ਸਮਝਣ। ਬਿਹਤਰ ਹੈ ਕਿ ਸਾਰੇ ਲੋਕ ਐਨਕਾਂ ਹੀ ਲਾਉਣ, ਜਿਨ੍ਹਾਂ ਨੂੰ ਐਨਕਾਂ ਨਹੀਂ ਲੱਗੀਆਂ ਹਨ, ਉਹ ਧੁੱਪ ਦੀਆਂ ਐਨਕਾਂ ਲਾ ਸਕਦੇ ਹਨ। ਡਾ. ਸਿਧਾਰਥ ਅਨੁਸਾਰ ਕੋਰੋਨਾ ਵਾਇਰਸ ਅੱਖਾਂ 'ਚ ਜਾਣ 'ਤੇ ਅੱਥਰੂਆਂ ਰਾਹੀਂ ਨੱਕ ਤੇ ਗਲੇ ਤਕ ਪੁੱਜ ਸਕਦੇ ਹਨ। ਫਿਰ ਇਹ ਸਾਹ ਨਾੜੀ ਰਾਹੀਂ ਫੇਫੜਿਆਂ ਤਕ ਪੁੱਜ ਜਾਂਦਾ ਹੈ। ਇਹ ਸਥਿਤੀ ਘਾਤਕ ਹੋ ਸਕਦੀ ਹੈ।

ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ

ਘੱਟੋ-ਘੱਟ ਇਕ ਮੀਟਰ ਦੀ ਸਰੀਰਕ ਦੂਰੀ ਦਾ ਖਿਆਲ ਰੱਖੋ। ਅੱਖਾਂ 'ਚ ਕਦੇ ਖਾਜ ਜਾਂ ਜਲਣ ਮਹਿਸੂਸ ਹੋਣ 'ਤੇ ਉਸ ਨੂੰ ਹੱਥਾਂ ਨਾਲ ਨਾ ਮਲੋ, ਬਲਕਿ ਹੱਥ ਸਾਬਣ ਨਾਲ ਧੋਵੋ, ਫਿਰ ਅੱਖਾਂ 'ਚ ਪਾਣੀ ਦੇ ਛਿੱਟੇ ਮਾਰੋ। ਦੂਜੇ ਦਾ ਤੌਲੀਆ ਤੇ ਰੁਮਾਲ ਦੀ ਵਰਤੋਂ ਕਦੇ ਨਾ ਕਰੋ। ਭਰਪੂਰ ਨੀਂਦ ਲਓ। ਹਰੀ ਸ਼ਬਜ਼ੀਆਂ ਖਾਓ। ਆਂਵਲਾ, ਗਾਜਰ, ਮੂਲੀ, ਨਿੰਬੂ ਆਦਿ ਫਾਇਦੇਮੰਦ ਹੈ। ਕਿਸੇ ਤਰ੍ਹਾਂ ਦਾ ਤਣਾਅ ਨਾ ਲਓ।