ਸਟੇਟ ਬਿਊਰੋ, ਕੋਲਕਾਤਾ : ਬੰਗਾਲ ਦੇ ਸ਼ੀਤਲਕੂਚੀ 'ਚ ਵਿਧਾਨ ਸਭਾ ਚੋਣਾਂ ਦੌਰਾਨ ਹੋਈ ਫਾਇਰਿੰਗ ਦੇ ਮਾਮਲੇ 'ਚ ਸੀਆਈਡੀ ਨੇ ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਜਵਾਨਾਂ ਨੂੰ ਤਲਬ ਕੀਤਾ ਹੈ। ਇਸ ਦੇ ਨਾਲ ਹੀ ਸੋਮਵਾਰ ਨੂੰ ਮੁੜ ਇਕ ਵਾਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸ਼ੀਤਲਕੂਚੀ 'ਚ ਕਤਲੇਆਮ ਹੋਇਆ ਸੀ। ਕਾਬਿਲੇਗ਼ੌਰ ਹੈ ਕਿ ਚੌਥੇ ਗੇੜ ਦੇ ਮਤਦਾਨ ਦੌਰਾਨ 10 ਅਪ੍ਰਰੈਲ ਨੂੰ ਸੀਆਈਐੱਸਐੱਫ ਦੇ ਜਵਾਨਾਂ ਦੀ ਗੋਲੀ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਸੀ।

ਸੀਆਈਡੀ ਨੇ ਆਈਪੀਸੀ ਦੀ ਧਾਰਾ 160 ਤਹਿਤ ਸੀਆਈਐੱਸਐੱਫ ਦੇ ਚਾਰ ਜਵਾਨਾਂ, ਇਕ ਇੰਸਪੈਕਟਰ ਤੇ ਇਕ ਡਿਪਟੀ ਕਮਾਂਡੈਂਟ ਨੂੰ ਮੰਗਲਵਾਰ ਨੂੰ ਸੀਆਈਡੀ ਮੁੱਖ ਦਫ਼ਤਰ 'ਚ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਹੈ।

ਮੁੜ ਸੀਐੱਮ ਬਣਨ ਤੋਂ ਬਾਅਦ ਮਮਤਾ ਬੈਨਰਜੀ ਨੇ ਸੀਆਈਡੀ ਨੂੰ ਸ਼ੀਤਲਕੂਚੀ ਕਾਂਡ ਦੀ ਜਾਂਚ ਤੇਜ਼ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਸੀਆਈਡੀ ਨੇ ਚਾਰ ਮੈਂਬਰੀ ਐੱਸਆਈਟੀ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਆਈਟੀ ਦੀ ਅਗਵਾਈ ਡੀਆਈਜੀ ਸੀਆਈਡੀ ਕਰ ਰਹੇ ਹਨ। ਇਸ ਮਾਮਲੇ 'ਚ ਪਹਿਲਾਂ ਹੀ ਸੀਆਈਡੀ ਨੇ ਮਾਥਾਭਾਂਗਾ ਦੇ ਜਾਂਚ ਅਧਿਕਾਰੀ ਮਤਯ ਘਟਕ ਨੂੰ ਤਲਬ ਕੀਤਾ ਸੀ।

ਕਾਬਿਲੇਗ਼ੌਰ ਹੈ ਕਿ ਸ਼ੀਤਲਕੂਚੀ 'ਚ ਫਾਇਰਿੰਗ ਤੋਂ ਬਾਅਦ ਮਮਤਾ ਨੇ ਦੋਸ਼ ਲਾਇਆ ਸੀ ਕਿ ਫੋਰਸ ਨੇ ਕੇਂਦਰ ਦੇ ਇਸ਼ਾਰੇ 'ਤੇ ਗੋਲ਼ੀ ਚਲਾਈ ਸੀ, ਜਦਕਿ ਐੱਸਪੀ ਵਜੋਂ ਦੇਸ਼ਾਸ਼ੀਸ਼ ਨੇ ਜੋ ਰਿਪੋਰਟ ਦਿੱਤੀ ਸੀ, ਉਸ 'ਚ ਉਨ੍ਹਾਂ ਨੇ ਕਿਹਾ ਕਿ ਸੈਂਟਰਲ ਫੋਰਸ ਦੀ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਰ ਕੇ ਆਤਮ ਰੱਖਿਆ 'ਚ ਫਾਇਰਿੰਗ ਕਰਨੀ ਪਈ ਸੀ। ਉਸ ਤੋਂ ਬਾਅਦ ਮਮਤਾ ਦਾ ਇਕ ਆਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਐੱਸਪੀ ਤੇ ਥਾਣਾ ਇੰਚਾਰਜ ਨੂੰ ਫਸਾਉਣ ਦਾ ਨਿਰਦੇਸ਼ ਦੇ ਰਹੀ ਸੀ।