ਜਾਗਰਣ ਬਿਊਰੋ, ਨਵੀਂ ਦਿੱਲੀ : ਰਾਜ ਸਭਾ ਵਿਚ ਨਿਯੁਕਤ ਮਾਰਸ਼ਲਾਂ ਦੀ ਵਰਦੀ ਨੂੰ ਫ਼ੌਜ ਵਰਗੀ ਬਣਾਉਣ 'ਤੇ ਉੱਠ ਰਹੇ ਇਤਰਾਜ਼ ਦੇ ਮੱਦੇਨਜ਼ਰ ਉਸ 'ਤੇ ਦੁਬਾਰਾ ਵਿਚਾਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਮੰਗਲਵਾਰ ਨੂੰ ਰਾਜ ਸਭਾ ਸਕੱਤਰੇਤ ਨੂੰ ਫ਼ੌਜੀ ਸਟਾਈਲ ਦੀ ਵਰਦੀ 'ਤੇ ਦੁਬਾਰਾ ਵਿਚਾਰ ਕਰਨ ਦਾ ਆਦੇਸ਼ ਦਿੱਤਾ ਹੈ।

ਨਾਇਡੂ ਨੇ ਸਦਨ ਨੂੰ ਇਸ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਦਨ ਦੇ ਕੁਝ ਸੀਨੀਅਰ ਮੈਂਬਰਾਂ ਅਤੇ ਬਾਹਰ ਫ਼ੌਜ ਦੇ ਕੁਝ ਸਾਬਕਾ ਅਧਿਕਾਰੀਆਂ ਨੇ ਇਤਰਾਜ਼ ਪ੍ਰਗਟ ਕਰਦੇ ਹੋਏ ਇਸ ਦੀ ਆਲੋਚਨਾ ਕੀਤੀ ਹੈ ਜਿਸ ਕਾਰਨ ਇਹ ਆਦੇਸ਼ ਦਿੱਤਾ ਗਿਆ ਹੈ।

ਸਧਾਰਣ ਤੌਰ 'ਤੇ ਰਾਜ ਸਭਾ ਵਿਚ ਚੇਅਰਮੈਨ ਸਮੇਤ ਮੌਜੂਦ ਉਪ ਚੇਅਰਮੈਨ ਦੀ ਸਹਾਇਤਾ ਕਰਨ ਵਾਲੇ ਮਾਰਸ਼ਲ ਸੋਮਵਾਰ ਨੂੰ ਫ਼ੌਜ ਦੇ ਅਧਿਕਾਰੀਆਂ ਵਰਗੀ ਵਰਦੀ ਨੇਵੀ ਬਲੂ ਕਲਰ ਦੇ ਹੈਟ, ਕੋਟ, ਪੈਂਟ ਵਿਚ ਦਿਖਾਈ ਦਿੱਤੇ ਜਦਕਿ ਆਮ ਤੌਰ 'ਤੇ ਸਫ਼ੈਦ ਡਰੈੱਸ ਸਾਫਾ (ਕਲਗੀਦਾਰ) ਪਗੜੀ ਦੇ ਨਾਲ ਬੰਦ ਗਲ਼ੇ ਦੇ ਕੋਟ ਨਾਲ ਪੈਂਟ ਸ਼ਰਟ ਵਿਚ ਰਹਿੰਦੇ ਸਨ।

ਉਨ੍ਹਾਂ ਦੀ ਡਿਊਟੀ ਦੀ ਸ਼ੁਰੂਆਤ ਸਦਨ ਵਿਚ ਚੇਅਰਮੈਨ ਦੇ ਆਉਣ ਦੀ ਪੁਕਾਰ ਲਗਾਉਣ ਨਾਲ ਹੁੰਦੀ ਹੈ ਜਿਸ ਵਿਚ ਉਹ 'ਮਾਣਯੋਗ ਐੱਮਪੀਜ਼ ਅਤੇ ਮਾਣਯੋਗ ਚੇਅਰਮੈਨ ਜੀ' ਤੇਜ਼ ਆਵਾਜ਼ 'ਚ ਬੋਲਦੇ ਹਨ ਪ੍ਰੰਤੂ ਸੋਮਵਾਰ ਨੂੰ ਮਾਰਸ਼ਲਾਂ ਦੇ ਸਿਰ 'ਤੇ ਪਗੜੀ ਦੀ ਥਾਂ ਗੂੜ੍ਹੇ ਨੀਲੇ ਰੰਗ ਦੀ ਕੈਪ ਸੀ।

ਉਨ੍ਹਾਂ ਨੇ ਡੂੰਘੇ ਰੰਗ ਦੀ ਆਧੁਨਿਕ ਸੁਰੱਖਿਆ ਕਰਮੀਆਂ ਵਰਗੀ ਵਰਦੀ ਪਾ ਰੱਖੀ ਸੀ। ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਇਸ ਨੂੰ ਦੇਖ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਇਤਰਾਜ਼ ਪ੍ਰਗਟ ਕਰਦੇ ਹੋਏ ਇਹ ਮੁੱਦਾ ਉਠਾਇਆ। ਸਦਨ ਦੇ ਬਾਹਰ ਤੋਂ ਵੀ ਇਸ ਬਦਲਾਅ ਦੀ ਆਲੋਚਨਾ ਕੀਤੀ ਗਈ ਜਿਨ੍ਹਾਂ ਵਿਚ ਕਈ ਸਾਬਕਾ ਫ਼ੌਜੀ ਅਧਿਕਾਰੀ ਵੀ ਸ਼ਾਮਲ ਹਨ।

ਫ਼ੌਜ ਦੇ ਸਾਬਕਾ ਅਧਿਕਾਰੀ ਜਨਰਲ ਵੀ ਪੀ ਮਲਿਕ ਨੇ ਟਵੀਟ ਕਰ ਕੇ ਕਿਹਾ 'ਗ਼ੈਰ ਫ਼ੌਜੀ ਮੁਲਾਜ਼ਮਾਂ ਨੂੰ ਫ਼ੌਜ ਦੀ ਵਰਦੀ ਦੀ ਨਕਲ ਕਰਨਾ ਅਤੇ ਪਾਉਣਾ ਗ਼ੈਰ-ਕਾਨੂੰਨੀ ਹੈ। ਇਹ ਸੁਰੱਖਿਆ ਲਈ ਵੀ ਖ਼ਤਰਾ ਵੀ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਰਾਜ ਸਭਾ ਦੇ ਚੇਅਰਮੈਨ ਅਤੇ ਉਪ ਰਾਸ਼ਟਰਪਤੀ ਅਤੇ ਰੱਖਿਆ ਮੰਤਰੀ ਇਸ 'ਤੇ ਉਚਿਤ ਕਾਰਵਾਈ ਕਰਨਗੇ। ਸਾਬਕਾ ਜਨਰਲ ਵੀ ਕੇ ਸਿੰਘ ਨੇ ਵੀ ਇਸ 'ਤੇ ਇਤਰਾਜ਼ ਪ੍ਰਗਟ ਕੀਤਾ ਹੈ।

ਚੇਅਰਮੈਨ ਨਾਇਡੂ ਨੇ ਮੰਗਲਵਾਰ ਨੂੰ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਬਾਰੇ ਵਿਚ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ ਜਿਨ੍ਹਾਂ ਨੂੰ ਦੇਖਦੇ ਹੋਏ ਸਕੱਤਰੇਤ ਨੂੰ ਦੂਜੀ ਵਰਦੀ ਦੇ ਬਾਰੇ ਵਿਚ ਵਿਚਾਰ ਕਰਨ ਨੂੰ ਕਿਹਾ ਗਿਆ ਹੈ।

ਤੱਥ ਇਹ ਹੈ ਕਿ ਮਾਰਸ਼ਲਾਂ ਦੀ ਵਰਦੀ ਹੁਣ ਤਕ ਤਿੰਨ ਵਾਰ ਬਦਲੀ ਜਾ ਚੁੱਕੀ ਹੈ ਜਿਸ ਵਿਚ ਪਹਿਲੀ ਵਾਰ 1947 ਅਤੇ ਦੂਜੀ ਵਾਰ 1950 ਅਤੇ ਤੀਜੀ ਵਾਰ 2019 ਹੈ। ਸੰਭਵ ਹੈ ਕਿ ਚੇਅਰਮੈਨ ਦੇ ਦੁਬਾਰਾ ਵਿਚਾਰ ਪਿੱਛੋਂ ਇਕ ਹੋਰ ਬਦਲਾਅ ਕਰਨਾ ਪਵੇ। ਰਾਜ ਸਭਾ ਦੇ 250ਵੇਂ ਇਜਲਾਸ ਨੂੰ ਇਤਿਹਾਸਕ ਬਣਾਉਣ ਲਈ ਮਾਰਸ਼ਲ ਦੀ ਵਰਦੀ ਵਿਚ ਪਰਿਵਰਤਨ ਕੀਤਾ ਗਿਆ ਸੀ। ਦੱਸਿਆ ਗਿਆ ਕਿ ਸਦਨ ਵਿਚ ਤਾਇਨਾਤ ਰਹਿਣ ਵਾਲੇ ਮਾਰਸ਼ਲਾਂ ਦੀ ਇਸ ਬਾਰੇ 'ਚ ਬਹੁਤ ਪੁਰਾਣੀ ਮੰਗ ਨੂੰ ਪੂਰਾ ਕਰਦੇ ਹੋਏ ਅਜਿਹਾ ਕੀਤਾ ਗਿਆ।