ਜੈਪੁਰ : ਸਾਬਕਾ ਕੇਂਦਰੀ ਮੰਤਰੀ ਨਟਵਰ ਸਿੰਘ ਦੇ ਬੇਟੇ ਤੇ ਰਾਜਸਥਾਨ 'ਚ ਰਾਮਗੜ੍ਹ ਵਿਧਾਨ ਸਭਾ ਸੀਟ ਤੋਂ ਬਸਪਾ ਉਮੀਦਵਾਰ ਜਗਤ ਸਿੰਘ ਨੇ ਇਕ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਪ੫ਧਾਨ ਮੰਤਰੀ ਨਰਿੰਦਰ ਮੋਦੀ, ਰਾਜਸਥਾਨ ਦੀ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਤੇ ਮੌਜੂਦਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਬਾਰੇ ਕਿਹਾ, 'ਆ ਜਾਓ, ਪੇਟੀ ਪੈਕ ਕਰ ਕੇ ਭੇਜਾਂਗਾ।' ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਜਗਤ ਸਿੰਘ ਨੂੰ ਭੀੜ ਵਿਚਕਾਰ ਇਹ ਕਹਿੰਦਿਆਂ ਵੀ ਵਿਖਾਇਆ ਗਿਆ ਹੈ ਕਿ ਮੈਂ ਇਕ-ਇਕ ਪੱਥਰ ਦਾ ਜਵਾਬ ਏਕੇ-47 ਨਾਲ ਦੇਵਾਂਗਾ।

ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਦੌਰਾਨ ਰਾਮਗੜ੍ਹ ਸੀਟ 'ਤੇ ਬਸਪਾ ਉਮੀਦਵਾਰ ਦੀ ਮੌਤ ਹੋਣ 'ਤੇ ਚੋਣ ਰੱਦ ਹੋ ਗਈ ਸੀ। ਹੁਣ 28 ਜਨਵਰੀ ਨੂੰ ਇਸ ਸੀਟ 'ਤੇ ਚੋਣ ਹੋਣੀ ਹੈ। ਬਸਪਾ ਨੇ ਇੱਥੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਦੇ ਬੇਟੇ ਜਗਤ ਸਿੰਘ ਨੂੰ ਟਿਕਟ ਦਿੱਤੀ ਹੈ। ਜਗਤ ਸਿੰਘ ਪਿਛਲੀ ਵਿਧਾਨ ਸਭਾ 'ਚ ਭਾਜਪਾ ਤੋਂ ਵਿਧਾਇਕ ਸਨ, ਪਰ ਇਸ ਵਾਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ। ਬਸਪਾ ਉਮੀਦਵਾਰ ਦੇ ਰੂਪ 'ਚ ਨਾਮਜ਼ਦਗੀ ਦਾਖ਼ਲ ਕਰਨ ਤੋਂ ਬਾਅਦ ਜਗਤ ਸਿੰਘ ਨੇ ਵਰਕਰ ਸੰਮੇਲਨ 'ਚ ਵਰਕਰਾਂ ਨੂੰ ਸੰਬੋਧਿਤ ਕੀਤਾ ਸੀ। ਇਸ ਦੌਰਾਨ ਉਨ੍ਹਾਂ ਇਕ ਕਿੱਸੇ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੈਂ ਪਿੱਛੇ ਨਹੀਂ ਹਟਾਂਗਾ। ਗੋਲ਼ੀ ਚੱਲੇਗੀ ਤਾਂ ਪਹਿਲੀ ਗੋਲ਼ੀ ਸੀਨੇ 'ਤੇ ਚੱਲੇਗੀ। ਪੱਥਰ ਦਾ ਜਵਾਬ ਏਕੇ-47 ਨਾਲ ਦੇਵਾਂਗਾ ਮੈਂ। ਆ ਜਾਓ ਅਸ਼ੋਕ ਜੀ, ਆ ਜਾਓ ਮੋਦੀ ਜੀ, ਆ ਜਾਓ ਵਸੁੰਧਰਾ ਜੀ, ਸਭ ਨੂੰ ਪੇਟੀ ਪੈਕ ਕਰ ਕੇ ਭੇਜਾਂਗਾ। ਇਸ ਦੌਰਾਨ ਬਣਾਇਆ ਗਿਆ ਜਗਤ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।