ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਲਗਾਤਾਰ ਛੇਵੇਂ ਦਿਨ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ, ਇਨਫੈਕਸ਼ਨ ਦੇ ਨਵੇਂ ਮਾਮਲਿਆਂ ਤੋਂ ਜ਼ਿਆਦਾ ਰਹੀ। 24 ਘੰਟਿਆਂ ਦੌਰਾਨ ਜਿੱਥੇ 87,374 ਲੋਕ ਇਸ ਬਿਮਾਰੀ ਤੋਂ ਠੀਕ ਹੋਏ, ਉਥੇ 86,508 ਨਵੇਂ ਮਾਮਲੇ ਸਾਹਮਣੇ ਆਏ। ਜਿੰਨੇ ਲੋਕ ਠੀਕ ਹੋਏ ਹਨ, ਉਨ੍ਹਾਂ ਵਿਚੋਂ ਲਗਪਗ 74 ਫ਼ੀਸਦੀ ਲੋਕ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹਨ। ਦੇਸ਼ ਵਿਚ ਠੀਕ ਹੋਣ ਦੀ ਦਰ ਸੁਧਰ ਕੇ ਜਿੱਥੇ 81.55 ਫ਼ੀਸਦੀ ਹੋ ਗਈ ਹੈ, ਉਥੇ ਮੌਤ ਦਰ ਘੱਟ ਕੇ 1.59 ਫ਼ੀਸਦੀ ਰਹਿ ਗਈ ਹੈ।

ਸਿਹਤ ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ, ਹੁਣ ਤਕ 46,74,987 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਦੇਸ਼ ਵਿਚ ਫਿਲਹਾਲ 9,66,382 ਸਰਗਰਮ ਮਾਮਲੇ ਹਨ। ਇਸ ਤਰ੍ਹਾਂ ਸਰਗਰਮ ਮਾਮਲਿਆਂ ਦਾ ਫ਼ੀਸਦੀ ਕੁਲ ਮਾਮਲਿਆਂ ਦਾ 16.86 ਫ਼ੀਸਦੀ ਹੈ। ਦੇਸ਼ ਵਿਚ ਹੁਣ ਤਕ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 57,32,518 ਹੋ ਚੁੱਕੀ ਹੈ। ਉਥੇ 1,129 ਹੋਰ ਲੋਕਾਂ ਦੇ ਕੋਰੋਨਾ ਨਾਲ ਦਮ ਤੋੜਨ ਨਾਲ ਕੁਲ ਮਿ੍ਤਕਾਂ ਦੀ ਗਿਣਤੀ 91,149 ਹੋ ਗਈ ਹੈ।

ਦੇਸ਼ ਦੇ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਮਹਾਰਾਸ਼ਟਰ, ਕਰਨਾਟਕ, ਆਂਧਰ ਪ੍ਰਦੇਸ਼, ਉੱਤਰ ਪ੍ਰਦੇਸ਼, ਤਾਮਿਲਨਾਡੂ, ਓਡੀਸ਼ਾ, ਦਿੱਲੀ, ਕੇਰਲ, ਬੰਗਾਲ, ਛੱਤੀਸਗੜ੍ਹ ਅਤੇ ਚੰਡੀਗੜ੍ਹ ਵਿਚ ਠੀਕ ਹੋਣ ਵਾਲਿਆਂ ਦੀ ਦਰ ਬਿਹਤਰ ਰਹੀ। ਦੇਸ਼ ਵਿਚ ਕੁਲ ਠੀਕ ਹੋਏ ਲੋਕਾਂ ਵਿਚੋਂ ਸਭ ਤੋਂ ਵੱਧ 19,476 (22.3 ਫ਼ੀਸਦੀ) ਮਹਾਰਾਸ਼ਟਰ ਵਿਚ ਠੀਕ ਹੋਏ।

ਮੰਤਰਾਲੇ ਨੇ ਦੱਸਿਆ ਕਿ ਕੋਰੋਨਾ ਖ਼ਿਲਾਫ਼ ਕੇਂਦਰ ਸਰਕਾਰ ਦੀ ਰਣਨੀਤੀ ਟੈਸਟਿੰਗ, ਟ੍ਰੈਕਿੰਗ ਅਤੇ ਟ੍ਰੀਟਮੈਂਟ ਕਾਰਨ ਬਹੁਤ ਹੱਦ ਤਕ ਇਸ ਮਹਾਮਾਰੀ ਦੀ ਰੋਕਥਾਮ ਵਿਚ ਸਫਲਤਾ ਮਿਲ ਰਹੀ ਹੈ। ਜ਼ਿਆਦਾ ਤੋਂ ਜ਼ਿਆਦਾ ਜਾਂਚ ਨਾਲ ਇਨਫੈਕਟਿਡਾਂ ਦਾ ਸ਼ੁਰੂਆਤ ਵਿਚ ਹੀ ਪਤਾ ਲੱਗਣ ਨਾਲ ਉਨ੍ਹਾਂ ਨੂੰ ਬਿਹਤਰ ਇਲਾਜ ਛੇਤੀ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਕੇਂਦਰ ਅਤੇ ਸੂਬਾ ਸਰਕਾਰਾਂ ਦਾ ਪੂਰਾ ਜ਼ੋਰ ਹਸਪਤਾਲਾਂ ਵਿਚ ਬਿਹਤਰ ਇਲਾਜ ਮੁਹੱਈਆ ਕਰਵਾਉਣ ਅਤੇ ਘਰਾਂ ਵਿਚ ਆਈਸੋਲੇਸ਼ਨ ਦੀ ਨਿਗਰਾਨੀ ਕਰਨ 'ਤੇ ਹੈ। ਸਮੇਂ ਨਾਲ ਆਕਸੀਜਨ, ਸਟੇਰਾਇਰਡ, ਦਵਾਈਆਂ ਅਤੇ ਐਂਬੂਲੈਂਸ ਦੀ ਉਪਲੱਬਧਤਾ ਯਕੀਨੀ ਬਣਾਉਣ 'ਤੇ ਵੀ ਸਰਕਾਰ ਦਾ ਵਿਸ਼ੇਸ਼ ਫੋਕਸ ਹੈ। ਹੋਮ ਆਈਸੋਲੇਸ਼ਨ ਦੇ ਮਰੀਜ਼ਾਂ 'ਤੇ ਆਸ਼ਾ ਵਰਕਰਾਂ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ। ਡਿਜੀਟਲ ਪਲੇਟਫਾਰਮ ਈ-ਸੰਜੀਵਨੀ ਨਾਲ ਟੈਲੀਮੈਡੀਸਨ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਆਈਸੀਯੂ ਵਿਚ ਡਾਕਟਰਾਂ ਦੀ ਉਪਲੱਬਧਤਾ ਲਈ ਸਰਕਾਰ ਕਲੀਨਿਕਲ ਮੈਨੇਜਮੈਂਟ ਸਮਰੱਥਾ ਨੂੰ ਬਿਹਤਰ ਕਰ ਰਹੀ ਹੈ। ਏਮਜ਼ ਦਿੱਲੀ ਦੇ ਮਾਹਿਰ ਨੈਸ਼ਨਲ ਈ-ਆਈਸੀਯੂ ਮੈਨੇਜਮੈਂਟ ਆਨ ਕੋਵਿਡ-19 ਮੈਨੇਜਮੈਂਟ ਪ੍ਰਰੋਗਰਾਮ ਤਹਿਤ ਇਸ ਕੰਮ ਵਿਚ ਮਦਦ ਕਰ ਰਹੇ ਹਨ। ਹੁਣ ਤਕ 28 ਸੂਬਿਆਂ ਦੇ 278 ਡਾਕਟਰੀ ਸੰਸਥਾਨਾਂ ਨਾਲ ਇਸ ਤਰ੍ਹਾਂ ਦੇ 20 ਸੈਸ਼ਨ ਕਰਵਾ ਕੇ ਸਲਾਹ ਦਿੱਤੀ ਜਾ ਚੁੱਕੀ ਹੈ।

ਲਗਪਗ ਪੌਣੇ ਸੱਤ ਕਰੋੜ ਨਮੂਨਿਆਂ ਦੀ ਹੋਈ ਜਾਂਚ

ਆਈਸੀਐੱਮਆਰ ਤੋਂ ਮਿਲੀ ਜਾਣਕਾਰੀ ਮੁਤਾਬਕ, ਦੇਸ਼ ਵਿਚ ਹੁਣ ਤਕ 6,74,36,031 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ। ਬੁੱਧਵਾਰ ਨੂੰ 11,56,569 ਨਮੂਨਿਆਂ ਦੀ ਜਾਂਚ ਕੀਤੀ ਗਈ। ਅੰਕੜਿਆਂ ਮੁਤਾਬਕ, 7 ਅਗਸਤ ਨੂੰ ਇਨਫੈਕਟਿਡਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ 40 ਲੱਖ ਅਤੇ 16 ਸਤੰਬਰ ਨੂੰ 50 ਲੱਖ ਤੋਂ ਪਾਰ ਹੋਈ ਸੀ।