ਸਟੇਟ ਬਿਊਰੋ, ਜੰਮੂ : ਫ਼ੌਜ ਨੇ ਸ਼ਨਿਚਰਵਾਰ ਨੂੰ ਜ਼ਿਲ੍ਹਾ ਬਾਰਾਮੁੱਲਾ 'ਚ ਸੋਪੋਰ-ਕੁਪਵਾੜਾ ਹਾਈਵੇ 'ਤੇ ਸਗੀਪੋਰਾ ਇਲਾਕੇ 'ਚ ਸੁਰੱਖਿਆ ਦਸਤਿਆਂ ਨੂੰ ਨਿਸ਼ਾਨਾ ਬਣਾਉਣ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਇਕ ਸ਼ਕਤੀਸ਼ਾਲੀ ਆਈਈਡੀ ਬਰਾਮਦ ਕਰ ਲਈ। ਬਾਅਦ 'ਚ ਉਸ ਨੂੰ ਨਕਾਰਾ ਕਰ ਕੇ ਵੱਡੀ ਤਬਾਹੀ ਟਾਲ ਦਿੱਤੀ।

ਪੁਲਿਸ ਮੁਤਾਬਕ, ਫੌਜ ਦੀ ਰੋਡ ਓਪਨਿੰਗ ਪਾਰਟੀ (ਆਰਓਪੀ) ਸੋਪੋਰ-ਕੁਪਵਾੜਾ ਹਾਈਵੇ 'ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸਗੀਪੋਰਾ ਖੇਤਰ 'ਚ ਜਵਾਨਾਂ ਨੂੰ ਡਿਟੈਕਟਰ ਨਾਲ ਸੜਕ 'ਚ ਵਿਛਾਈ ਗਈ ਆਈਈਡੀ ਹੋਣ ਦਾ ਸੰਕੇਤ ਮਿਲਿਆ। ਜਵਾਨਾਂ ਨੇ ਫੌਰੀ ਹਾਈਵੇ 'ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਤੇ ਇਸ ਬਾਰੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਸੂਚਿਤ ਕੀਤਾ। ਦਸਤੇ ਨੇ ਜਦੋਂ ਜਾਂਚ ਕੀਤੀ ਤਾਂ ਇਕ ਥਾਂ 'ਤੇ ਸੜਕ ਪੁੱਟੀ ਹੋਈ ਸੀ।

ਉਨ੍ਹਾਂ ਨੇ ਚੌਕਸੀ ਨਾਲ ਖੁਦਾਈ ਕਰ ਕੇ ਸ਼ਕਤੀਸ਼ਾਲੀ ਆਈਈਡੀ ਬਰਾਮਦ ਕਰ ਲਈ। ਇਸ ਮਗਰੋਂ ਫ਼ੌਜ, ਸੀਆਰਪੀਐੱਫ ਤੇ ਐੱਸਓਜੀ ਦੇ ਜਵਾਨਾਂ ਨੇ ਸਗੀਪੋਰਾ ਪਿੰਡ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਦੀ ਭਾਲ ਵੀ ਕੀਤੀ ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਦੌਰਾਨ ਬੰਬ ਨਕਾਰਾ ਕਰਨ ਵਾਲੇ ਦਸਤੇ ਨੇ ਆਈਈਡੀ ਨੂੰ ਸੁਰੱਖਿਅਤ ਥਾਂ 'ਤੇ ਲਿਜਾ ਕੇ ਉਸ ਨੂੰ ਨਕਾਰਾ ਕਰ ਦਿੱਤਾ। ਪੁਲਿਸ ਮੁਤਾਬਕ, ਇਸ ਰਸਤੇ 'ਤੇ ਆਮ ਲੋਕਾਂ ਦੇ ਇਲਾਵਾ ਫ਼ੌਜ ਦੇ ਕਾਫਲੇ ਵੀ ਲੰਘਦੇ ਹਨ। ਸਵੇਰੇ ਫੌਜ ਦਾ ਕਾਫਲਾ ਵੀ ਇੱਥੋਂ ਲੰਘਣ ਵਾਲਾ ਸੀ।

ਸ਼ੱਕ ਹੈ ਕਿ ਅੱਤਵਾਦੀ ਇਸੇ ਕਾਫਲੇ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੇ ਸਨ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਆਈਈਡੀ ਕਾਫ਼ੀ ਸ਼ਕਤੀਸ਼ਾਲੀ ਸੀ। ਜੇ ਇਸ ਦੀ ਲਪੇਟ 'ਚ ਨਾਗਰਿਕ ਵਾਹਨ ਜਾਂ ਫੌਜੀ ਵਾਹਨ ਆ ਜਾਂਦੇ ਤਾਂ ਕਾਫ਼ੀ ਨੁਕਸਾਨ ਹੋ ਸਕਦਾ ਸੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 25 ਨਵੰਬਰ ਨੂੰ ਵੀ ਅੱਤਵਾਦੀਆਂ ਨੇ ਅਨੰਤਨਾਗ 'ਚ ਹਾਈਵੇਅ 'ਤੇ ਸੁਰੱਖਿਆ ਦਸਤਿਆਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਉਣ ਲਈ ਕੂਕਰ 'ਚ ਸ਼ਕਤੀਸ਼ਾਲੀ ਆਈਈਡੀ ਲਗਾਈ ਸੀ, ਪਰ ਉਦੋਂ ਵੀ ਫੌਜ ਦੀ ਚੌਕਸੀ ਨੇ ਵਾਰਦਾਤ ਨੂੰ ਨਾਕਾਮ ਬਣਾ ਦਿੱਤਾ ਗਿਆ ਸੀ।