ਸਟੇਟ ਬਿਊਰੋ, ਸ੍ਰੀਨਗਰ : ਕਈ ਪ੍ਰਮੁੱਖ ਕਮਾਂਡਰਾਂ ਦੀ ਮੌਤ ਤੋਂ ਪਰੇਸ਼ਾਨ ਅੱਤਵਾਦੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਨੇ ਸਰਹੱਦ ਤੋਂ ਪਾਰ ਪਾਕਿਸਤਾਨ ਤੋਂ ਨਵੀਂ ਸਾਜ਼ਿਸ਼ ਰਚੀ ਹੈ। ਹਿਜ਼ਬੁੱਲ ਨੇ ਆਪਣੇ ਕੈਡਰ ਨੂੰ ਜੰਮੂ-ਕਸ਼ਮੀਰ 'ਚ ਅਗਲੇ 10 ਦਿਨ 'ਚ ਵੱਡੇ ਪੈਮਾਨੇ 'ਤੇ ਸੁਰੱਖਿਆ ਬਲਾਂ 'ਤੇ ਹਮਲੇ ਦਾ ਫਰਮਾਨ ਜਾਰੀ ਕੀਤਾ ਹੈ। ਨਾਲ ਹੀ ਕਸ਼ਮੀਰ 'ਚ ਨੌਜਵਾਨਾਂ ਦੀ ਭਰਤੀ ਤੇਜ਼ ਕਰਨ ਤੇ ਕਮਜ਼ੋਰ ਹੋ ਚੁੱਕੇ ਨੈੱਟਵਰਕ ਵਾਲੇ ਇਲਾਕਿਆਂ 'ਚ ਮੁੜ ਸਰਗਰਮੀਆਂ ਤੇਜ਼ ਕਰਨ ਦੀ ਨਾਪਾਕ ਯੋਜਨਾ ਹੈ। ਦੂਜੇ ਪਾਸੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਕਾਬਿਲੇਗ਼ੌਰ ਹੈ ਕਿ ਜੰਮੂ-ਕਸ਼ਮੀਰ 'ਚ ਸਰਗਰਮ ਅੱਤਵਾਦੀ ਜਥੇਬੰਦੀਆਂ 'ਚ ਹਿਜ਼ਬੁੱਲ ਮੁਜਾਹਿਦੀਨ ਨੂੰ ਅੱਤਵਾਦੀਆਂ ਦੀ ਸਭ ਤੋਂ ਵੱਡੀ ਜਥੇਬੰਦੀ ਮੰਨਿਆ ਜਾਂਦਾ ਹੈ। ਖੁਫੀਆ ਸੂਤਰਾਂ ਨੇ ਦੱਸਿਆ ਕਿ ਵਾਦੀ 'ਚ ਸੁਰੱਖਿਆ ਬਲਾਂ ਦੀ ਤਾਬੜਤੋੜ ਕਾਰਵਾਈਆਂ ਤੋਂ ਹਿਜ਼ਬੁੱਲ ਦੇ ਬਚੇ ਅੱਤਵਾਦੀ ਪਰੇਸ਼ਾਨ ਹੋ ਚੁੱਕੇ ਹਨ। ਪਾਕਿਸਤਾਨ 'ਚ ਬੈਠੇ ਹਿਜ਼ਬੁੱਲ ਦੇ ਆਕਾਵਾਂ ਨੇ 10 ਦਿਨ ਦੇ ਅੰਦਰ ਹਮਲੇ ਤੇਜ਼ ਕਰਨ ਦੀ ਸਾਜ਼ਿਸ਼ ਰਚੀ ਹੈ। ਕਸ਼ਮੀਰ 'ਚ ਆਪਣੇ ਨੈੱਟਵਰਕ ਨੂੰ ਬਰਕਰਾਰ ਰੱਖਣ ਲਈ ਹਿਜ਼ਬੁੱਲ ਨੇ ਰਿਆਜ਼ ਨਾਇਕੂ ਤੇ ਹੋਰ ਪ੍ਰਮੁੱਖ ਕਮਾਂਡਰਾਂ ਦੀ ਮੌਤ ਦਾ ਬਦਲਾ ਲੈਣ ਦੀ ਆੜ 'ਚ ਨਵੀਂ ਯੋਜਨਾ ਬਣਾਈ ਹੈ।