ਗਾਜ਼ਿਆਬਾਦ : ਭਾਜਪਾ 'ਚ ਅੰਦਰੂਨੀ ਧੜੇਬੰਦੀ ਅਤੇ ਪਾਰਟੀ ਉਮੀਦਵਾਰ ਨੂੰ ਹਰਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੁੰਦੇ ਹੀ ਘਮਸਾਨ ਮਚ ਗਿਆ ਹੈ। ਭਾਜਪਾ ਦੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਦੇ ਮਹਾਨਗਰ ਕੋਆਰਡੀਨੇਟਰ ਕੁਲਦੀਪ ਸ਼ਰਮਾ ਨੇ ਕਬੂਲ ਕੀਤਾ ਹੈ ਕਿ ਵਾਇਰਲ ਹੋ ਰਿਹਾ ਆਡੀਓ ਉਨ੍ਹਾਂ ਦਾ ਹੈ। ਨਾਲ ਹੀ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਕਿ ਇਸ ਸਭ ਦਾ ਸੂਤਰਧਾਰ ਸੰਸਦ ਮੈਂਬਰ ਜਨਰਲ ਵੀਕੇ ਸਿੰਘ ਦਾ ਨੁਮਾਇੰਦੇ ਸੰਜੀਵ ਸ਼ਰਮਾ ਅਤੇ ਉਨ੍ਹਾਂ ਦੇ ਕਰੀਬੀ ਪੱਪੂ ਪਹਿਲਵਾਨ ਹਨ। ਨਾਮਜ਼ਦ ਕੌਂਸਲਰ ਬਣਨ ਲਈ ਰੁਪਏ ਨਾ ਦੇਣ 'ਤੇ ਸਾਜ਼ਿਸ਼ ਰਚਦੇ ਹੋਏ ਆਡੀਓ ਵਾਇਰਲ ਕੀਤਾ ਗਿਆ ਹੈ। ਸੰਸਦ ਮੈਂਬਰ ਨੁਮਾਇੰਦੇ ਸੰਜੀਵ ਸ਼ਰਮਾ ਨੇ ਇਸ ਨੂੰ ਮਹਾਨਗਰ ਪ੍ਰਧਾਨ ਮਾਨਸਿੰਘ ਗੋਸਵਾਮੀ ਦੀ ਸਾਜ਼ਿਸ਼ ਦੱਸਿਆ। ਉੱਥੇ ਹੀ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਮਹਾਨਗਰ ਪ੍ਰਧਾਨ ਅਜੇ ਤਿਆਗੀ ਨੇ ਦੋਵਾਂ ਧਿਰਾਂ ਨੂੰ ਜਾਣਨ ਤੋਂ ਹੀ ਇਨਕਾਰ ਕਰ ਦਿੱਤਾ ਹੈ। ਇਸ ਆਡੀਓ ਦੇ ਵਾਇਰਲ ਹੋਣ ਨਾਲ ਭਾਜਪਾ 'ਚ ਹੜਕੰਪ ਮਚ ਗਿਆ ਹੈ।

ਹਾਲ ਹੀ 'ਚ ਵਾਇਰਲ ਇਕ ਆਡੀਓ ਨੇ ਜ਼ਿਲ੍ਹੇ 'ਚ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਅਤੇ ਲੋਕ ਨੁਮਾਇੰਦਿਆਂ 'ਚ ਚਲ ਰਹੀ ਖਿੱਚੋਤਾਣ ਨੂੰ ਹਵਾ ਦਿੱਤੀ ਹੈ। ਦੱਸ ਦਈਏ ਕਿ ਵਾਇਰਲ ਆਡੀਓ 'ਚ ਦੋ ਵਿਅਕਤੀਆਂ 'ਚ ਹੋ ਰਹੀ ਗੱਲਬਾਤ ਦੌਰਾਨ ਭਾਜਪਾ 'ਚ ਘੁਸਪੈਠ ਕਰਨ, ਕੌਂਸਲਰ ਨਾਮਜ਼ਦ ਕਰਨ ਦੇ ਨਾਂ 'ਤੇ ਵਸੂਲੀ ਕਰਨ ਅਤੇ ਪਾਰਟੀ ਉਮੀਦਵਾਰ ਜਨਰਲ ਵੀਕੇ ਸਿੰਘ ਨੂੰ ਹਰਾ ਕੇ ਜਸ਼ਨ ਮਨਾਉਣ ਸਮੇਤ ਕਈ ਗੱਲਾਂ ਦਰਜ ਹਨ। ਆਡੀਓ 'ਚ ਜਿਸ ਕੁਲਦੀਪ ਸ਼ਰਮਾ ਦਾ ਨਾਂ ਉਜਾਗਰ ਹੋਇਆ ਹੈ, ਉਹ ਕੌਣ ਹੈ? ਐਤਵਾਰ ਨੂੰ ਦਿਨ ਚੜ੍ਹਦੇ ਹੀ ਇਸ ਦਾ ਵੀ ਪਰਦਾਫਾਸ਼ ਹੋ ਗਿਆ।

ਭਾਜਪਾ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਕੋਆਰਡੀਨੇਟਰ ਕੁਲਦੀਪ ਸ਼ਰਮਾ ਨੇ ਮਨਜ਼ੂਰ ਕੀਤਾ ਹੈ ਕਿ ਆਡੀਓ ਉਨ੍ਹਾਂ ਦਾ ਹੈ। ਇਸ ਸਭ ਦੇ ਬਾਵਜੂਦ ਭਾਜਪਾ ਬੇਟੀ ਬਚਾਓ-ਬੇਟੀ ਪੜ੍ਹਾਓ ਦੇ ਮਹਾਨਗਰ ਕੋਆਰਡੀਨੇਟਰ ਨੇ ਪੂਰੇ ਐਪੀਸੋਡ ਨੂੰ ਸਾਜ਼ਿਸ਼ ਦੱਸਦੇ ਹੋਏ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਕਿ ਇਸ ਸਭ ਪਿੱਛੇ ਸੰਸਦੀ ਮੈਂਬਰ ਸੰਜੀਵ ਸ਼ਰਮਾ ਅਤੇ ਉਨ੍ਹਾਂ ਦੇ ਕਰੀਬੀ ਪੱਪੂ ਪਹਿਲਵਾਨ ਅਤੇ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਮਹਾਨਗਰ ਪ੍ਰਧਾਨ ਅਜੇ ਤਿਆਗੀ ਹਨ।

Posted By: Akash Deep