ਸਟੇਟ ਬਿਊਰੋ, ਕੋਲਕਾਤਾ : ਤੀਜੀ ਵਾਰ ਬੰਗਾਲ ਦੀ ਮੁੱਖ ਮੰਤਰੀ ਬਣੀ ਮਮਤਾ ਬੈਨਰਜੀ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀਆਂ ਲਿਖ ਕੇ ਕੋਰੋਨਾ ਨਾਲ ਜੁੜੇ ਮੁੱਦਿਆਂ ਨੂੰ ਉਠਾ ਰਹੀ ਹੈ। ਹੁਣ ਮਮਤਾ ਨੇ ਸ਼ੁੱਕਰਵਾਰ ਨੂੰ ਪੀਐੱਮ ਨੂੰ ਆਕਸੀਜਨ ਪਲਾਂਟ ਅਰਥਾਤ ਪ੍ਰਰੈੱਸ਼ਰ ਸਵਿੰਗ ਪਲਾਂਟਜ਼ (ਪੀਐੱਸਏ) ਬਾਰੇ ਚਿੱਠੀ ਲਿਖੀ ਹੈ। ਇਸ 'ਚ ਉਨ੍ਹਾਂ ਨੇ ਪਲਾਂਟ ਦੀ ਸਥਾਪਨਾ 'ਚ ਦੇਰੀ ਤੇ ਟਾਲ-ਮਟੋਲ ਦਾ ਦੋਸ਼ ਲਾਇਆ ਹੈ। ਮਮਤਾ ਨੇ ਲਿਖਿਆ ਕਿ ਪਹਿਲਾਂ ਸਾਨੂੰ ਸੂਬੇ 'ਚ 70 ਪੀਐੱਸਏ ਲੱਗਣ ਦੀ ਜਾਣਕਾਰੀ ਦਿੱਤੀ ਗਈ ਸੀ ਪਰ ਹੁਣ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਪਹਿਲੇ ਗੇੜ 'ਚ ਸਿਰਫ ਚਾਰ ਪਲਾਂਟ ਹੀ ਲੱਗਣਗੇ। ਬਾਕੀ ਬਾਰੇ ਕੋਈ ਸਥਿਤੀ ਸਪੱਸ਼ਟ ਨਹੀਂ ਹੈ। ਮਮਤਾ ਨੇ ਅੱਗੇ ਲਿਖਿਆ ਕਿ ਦਿੱਲੀ ਦੇ ਫ਼ੈਸਲੇ ਨਾ ਲੈ ਸਕਣ ਕਾਰਨ ਪਲਾਂਟ ਸਥਾਪਤ ਕਰਨ ਦੀਆਂ ਸਾਡੀਆਂ ਯੋਜਨਾਵਾਂ ਤੇ ਸਮਰੱਥਾਵਾਂ 'ਤੇ ਬੁਰਾ ਅਸਰ ਪੈ ਰਿਹਾ ਹੈ। ਮਮਤਾ ਨੇ ਪੀਐੱਮ ਨੂੰ ਇਸ ਮਾਮਲੇ 'ਚ ਦਖ਼ਲਅੰਦਾਜ਼ੀ ਦੀ ਮੰਗ ਕੀਤੀ ਹੈ।

ਕਾਬਿਲੇਗ਼ੌਰ ਹੈ ਕਿ ਇਸ ਤੋਂ ਪਹਿਲਾਂ ਮਮਤਾ ਨੇ ਪੀਐੱਮ ਨੂੰ ਚਿੱਠੀ ਲਿਖ ਕੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਵਿਦੇਸ਼ ਤੋਂ ਵੈਕਸੀਨ ਦੀ ਦਰਾਮਦ ਕਰਨ ਦੀ ਅਪੀਲ ਕੀਤੀ ਤਾਂ ਕਿ ਦੇਸ਼ 'ਚ ਵੈਕਸੀਨ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ ਤੇ ਦੇਸ਼ ਦੇ ਸਾਰੇ ਲੋਕਾਂ ਨੂੰ ਫੌਰੀ ਰਫ਼ਤਾਰ ਨਾਲ ਵੈਕਸੀਨ ਦਿੱਤੀ ਜਾ ਸਕੇ।