ਨਵੀਂ ਦਿੱਲੀ : Lok Sabha Election 2019 Result ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਸ਼ਨਿਚਰਵਾਰ ਨੂੰ ਕਾਂਗਰਸ ਕਾਰਜਕਾਰਨੀ ਦੀ ਬੈਠਕ ਹੋਈ। ਬੈਠਕ ਵਿਚ ਰਾਹੁਲ ਗਾਂਧੀ ਨੇ ਪ੍ਰਧਾਨਗੀ ਅਹੁਦੇ ਤੋਂ ਅਸੀਤਫ਼ੇ ਦੀ ਪੇਸ਼ਕਸ਼ ਕੀਤੀ। ਪਾਰਟੀ ਦੇ ਕੌਮੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਪ੍ਰਧਾਨ ਨੇ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਪਰ ਮੈਂਬਰਾਂ ਨੇ ਸਰਬਸੰਮਤੀ ਨਾਲ ਇਸ ਮੰਗ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਵਿਚ ਜਲਦ ਵੱਡੇ ਬਦਲਾਅ ਦੀ ਉਮੀਦ ਹੈ, ਸਥਿਤੀ ਨੂੰ ਸੁਧਾਰਨ ਲਈ ਖਾਕਾ ਤਿਆਰ ਕੀਤਾ ਜਾਵੇਗਾ।

ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਆਪਣੀ ਹਾਰ ਸਵੀਕਾਰਦੀ ਹੈ। ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦੀ ਹੈ ਜਿਨ੍ਹਾਂ ਨੇ ਸਾਨੂੰ ਵੋਟ ਪਾਈ। ਅਸੀਂ ਜ਼ਿੰਮੇਵਾਰ ਵਿਰੋਧੀ ਧਿਰ ਦੀ ਭੂਮਿਕਾ 'ਚ ਰਹਾਂਗੇ। ਕਾਂਗਰਸ ਕਾਰਜਕਾਰਨੀ ਨੇ ਉਨ੍ਹਾਂ ਸਾਰੀਆਂ ਪਾਰਟੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਵਿਚਾਰਕ ਲੜਾਈ ਵਿਚ ਸਾਡਾ ਸਾਥ ਦਿੱਤਾ। ਅਸੀਂ ਆਪਣੀਆਂ ਕਮੀਆਂ ਨੂੰ ਸਵੀਕਾਰ ਕਰਦੇ ਹਾਂ ਜਿਨ੍ਹਾਂ ਕਾਰਨ ਸਾਨੂੰ ਉਮੀਦ ਅਨੁਸਾਰ ਨਤੀਜਾ ਨਹੀਂ ਮਿਲਿਆ ਹੈ। ਕਾਂਗਰਸ ਪਾਰਟੀ ਨੇ ਚੋਣ ਹਾਰੀ ਹੈ ਪਰ ਪਾਰਟੀ ਨਫ਼ਰਤ ਅਤੇ ਵੰਡ ਲਈ ਲੋਹਾ ਲੈਣ ਲਈ ਵਚਨਬੱਧ ਹੈ।

ਅੱਗੇ ਹੋਵੇਗੀ ਵਿਸਤਾਰ ਨਾਲ ਚਰਚਾ

ਸੁਰਜੇਵਾਲਾ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਏਕੇ ਐਂਟਨੀ ਵੀ ਪਾਰਟੀ ਦੀ ਕਰਾਰੀ ਹਾਰ 'ਤੇ ਬਚਾਅ ਕਰਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਮੈਂ ਇਹ ਨਹੀਂ ਮੰਨਦਾ ਹਾਂ ਕਿ ਇਹ ਬਹੁਤ ਬੁਰਾ ਪ੍ਰਦਰਸ਼ਨ ਹੈ ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਸਹੀ ਹੈ ਅਸੀਂ ਉਮੀਦਵਾਰ ਮੁਤਾਬਿਕ ਪ੍ਰਦਰਸ਼ਨ ਨਹੀਂ ਕੀਤਾ ਹੈ। ਅੱਜ ਜੋ ਬੈਠਕ ਹੋਈ ਉਸ ਵਿਚ ਇਸ ਗੱਲ 'ਤੇ ਚਰਚਾ ਹੋਈ, ਅੱਗੇ ਇਸ ਉੱਤੇ ਵਿਸਤਾਰ ਨਾਲ ਪਾਰਟੀ ਚਰਚਾ ਕਰੇਗੀ।

Lok Sabha Election 2019 Result ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ ਦੀ ਸਮੀਖਿਆ ਲਈ ਕਾਂਗਰਸ ਵਰਕਿੰਗ ਕਮੇਟੀ (Congress Working Committee) ਦੀ ਸ਼ਨਿਚਰਵਾਰ ਨੂੰ ਬੈਠਕ ਹੋਈ। ਸੂਤਰਾਂ ਅਨੁਸਾਰ ਰਾਹੁਲ ਗਾਂਧੀ ਵੱਲੋਂ ਲੋਕ ਸਭਾ ਚੋਣਾਂ 'ਚ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਕਮੇਟੀ ਮੈਂਬਰਾਂ ਨੂੰ ਅਸਤੀਫ਼ਾ ਸੌਂਪਿਆ ਗਿਆ ਪਰ ਪਾਰਟੀ ਦੇ ਦਿੱਗਜ ਆਗੂਆਂ ਨੇ ਅਸਤੀਫ਼ਾ ਇਸ ਕਰਕੇ ਨਾਮਨਜ਼ੂਰ ਕਰ ਦਿੱਤਾ ਕਿ ਹਾਲੇ ਪਾਰਟੀ ਨੂੰ ਰਾਹੁਲ ਗਾਂਧੀ ਦੀ ਬੇਹੱਦ ਜ਼ਰੂਰਤ ਹੈ। ਉਨ੍ਹਾਂ ਕੋਲ ਅਜਿਹੀ ਕੋਈ ਸ਼ਖ਼ਸੀਅਤ ਨਹੀਂ ਹੈ ਜਿਸ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕੇ। ਬੈਠਕ ਵਿਚ ਸੋਨੀਆ ਗਾਂਧੀ, ਰਾਹੁਲ, ਮਨਮੋਹਨ ਸਿੰਘ, ਦੀਪੇਂਦਰ ਹੁੱਡਾ, ਜਿਓਤਿਰਾਦਿਤਿਆ ਸਿੰਧਿਆ, ਕਾਂਗਰਸੀ ਆਗੂ ਏਕੇ ਐਂਟਨੀ, ਅਸ਼ੋਕ ਗਹਿਲੋਤ, ਆਰਪੀਐੱਨ ਸਿੰਘ, ਪੀਐੱਲ ਪੁਨੀਆ, ਮੋਤੀਲਾਲ ਵੋਰਾ, ਸੀਨੀਅਰ ਕਾਂਗਰਸੀ ਆਗੂ ਪੀ ਚਿਦਾਂਬਰਮ, ਗੁਲਾਮ ਨਬੀ ਆਜ਼ਾਦ, ਮੱਲਿਕਾਰਜੁਨ ਖੜਗੇ, ਕਰਨਾਟਕ ਦੇ ਸਾਬਕਾ ਸੀਐੱਮ ਸਿੱਧਾਰਮਈ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਸਮੇਤ ਕਈ ਦਿੱਗਜ ਆਗੂ ਮੌਜੂਦ ਹਨ।

ਸੂਤਰਾਂ ਨੇ ਦੱਸਿਆ ਕਿ ਬੈਠਕ 'ਚ ਹਾਰ ਦੇ ਕਾਰਨਾਂ 'ਤੇ ਚਰਚਾ ਹੋਈ। ਇਹ ਵੀ ਚਰਚਾ ਹੋਈ ਕਿ ਪਾਰਟੀ ਨੂੰ ਕਿਸ ਤਰ੍ਹਾਂ ਮਜ਼ਬੂਤ ਕੀਤਾ ਜਾ ਸਕਦਾ ਹੈ। ਸਭ ਤੋਂ ਅਖੀਰ 'ਚ ਰਾਹੁਲ ਨੇ ਬੈਠਕ ਨੂੰ ਸੰਬੋਧਨ ਕੀਤਾ ਜਿਸ ਵਿਚ ਉਨ੍ਹਾਂ ਪਾਰਟੀ ਲਈ ਕੰਮ ਕਰਦੇ ਰਹਿਣ ਦੀ ਵਚਨਬੱਧਤਾ ਜਤਾਈ। ਬੈਠਕ 'ਚ ਸ਼ਾਮਲ ਹੋਣ ਲਈ ਪ੍ਰਿਅੰਕਾ ਗਾਂਧੀ ਵਾਡਰਾ ਆਪਣੇ ਭਰਾ ਰਾਹੁਲ ਗਾਂਧੀ ਨਾਲ ਪਹੁੰਚੀ। ਇੰਜ ਲੱਗ ਰਿਹਾ ਸੀ, ਮੰਨੇ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਹਰ ਮੁਸ਼ਿਕਲ ਹਾਲਾਤ 'ਚ ਰਾਹੁਲ ਦੇ ਨਾਲ ਹਨ।

ਹਾਲਾਂਕਿ ਕਾਂਗਰਸ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰ ਕੇ ਕਹਿ ਦਿੱਤਾ ਸੀ ਕਿ ਸੀਡਬਲਿਯੂ ਦੀ ਬੈਠਕ 'ਚ ਰਾਹੁਲ ਗਾਂਧੀ ਦੇ ਅਸਤੀਫ਼ੇ ਦੀ ਖ਼ਬਰ ਗ਼ਲਤ ਹੈ।

ਸੂਤਰ ਦਸਦੇ ਹਨ ਕਿ ਬੈਠਕ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਰਾਹੁਲ ਨੂੰ ਸਮਝਾਇਆ ਕਿ ਅਸਤੀਫ਼ੇ ਦੀ ਜ਼ਰੂਰਤ ਨਹੀਂ ਹੈ। ਹਾਰ-ਜਿੱਤ ਲੱਗੀ ਰਹਿੰਦੀ ਹੈ। ਰਾਹੁਲ ਦੀ ਪੇਸ਼ਕਸ਼ ਤੋਂ ਬਾਅਦ ਸਾਰੇ ਮੈਂਬਰਾਂ ਨੇ ਕਿਹਾ ਕਿ ਤੁਸੀਂ ਅਸਤੀਫ਼ਾ ਨਾ ਦਿਓ। ਬੈਠਕ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਅਤੇ ਮਨਮੋਹਨ ਸਿੰਘ ਨੇ ਗੱਲਬਾਤ ਕੀਤੀ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਇਸ ਬੈਠਕ 'ਚ ਨਹੀਂ ਪਹੁੰਚੇ। ਬੈਠਕ 'ਚ ਮੱਧ ਪ੍ਰਦੇਸ਼ ਅਤੇ ਕਰਨਾਟਕ 'ਚ ਪਾਰਟੀ ਦੀ ਇਕਜੁੱਟਤਾ ਨੂੰ ਵੀ ਬਣਾਈ ਰੱਖਣ 'ਤੇ ਚਰਚਾ ਹੋਈ।

ਫ਼ਿਲਹਾਲ, ਕਰਨਾਟਕ ਕਾਂਗਰਸ ਪ੍ਰਚਾਰ ਕਮੇਟੀ (Karnataka Congress Campaign Committee) ਦੇ ਚੇਅਰਮੈਨ ਐੱਚਕੇ ਪਾਟਿਲ (HK Patil) ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇਹ ਸਾਡੇ ਸਾਰਿਆਂ ਲਈ ਆਤਮ ਮੰਥਨ ਦਾ ਸਮਾਂ ਹੈ। ਮੈਨੂੰ ਲਗਦੈ ਕਿ ਇਸ ਹਾਰ ਦੀ ਜ਼ਿੰਮੇਵਾਰੀ ਲੈਣਾ ਸਾਡਾ ਨੈਤਿਕ ਫਰਜ਼ ਹੈ, ਇਸ ਲਈ ਮੈਂ ਅਹੁਦੇ ਤੋਂ ਆਪਣਾ ਅਸਤੀਫ਼ਾ ਦਿੰਦਾ ਹਾਂ।

ਉੱਥੇ, ਉੱਤਰ ਪ੍ਰਦੇਸ਼ ਵਿਚ ਹੁਣ ਤਕ ਦੇ ਸਭ ਤੋਂ ਬੁਰੇ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦਿਆਂ ਸੂਬਾ ਪ੍ਰਧਾਨ ਰਾਜ ਬੱਬਰ (Raj Babbar) ਨੇ ਵੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਉਂਝ ਇਸ ਬੈਠਕ ਵਿਚ ਕਿਸ ਏਜੰਡੇ 'ਤੇ ਚਰਚਾ ਹੋਣੀ ਹੈ, ਇਸ ਦੀ ਜਾਣਕਾਰੀ ਅਧਿਕਾਰਕ ਤੌਰ 'ਤੇ ਨਹੀਂ ਦਿੱਤੀ ਗਈ ਹੈ। ਅਮੇਠੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਯੋਗੇਂਦਰ ਨੇ ਇਸ ਹਾਰ ਦੀ ਜ਼ਿੰਮੇਵਾਰੀ ਖ਼ੁਦ 'ਤੇ ਲਈ ਹੈ। ਜ਼ਿਕਰਯੋਗ ਹੈ ਕਿ ਅਮੇਠੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਵੱਡੇ ਫ਼ਰਕ ਨਾਲ ਰਾਹੁਲ ਨੂੰ ਮਾਤ ਦਿੱਤੀ ਹੈ।

Posted By: Seema Anand