ਸੰਜੇ ਮਿਸ਼ਰ, ਨਵੀਂ ਦਿੱਲੀ : ਚੋਣ ਬਿਗਲ ਵੱਜਣ ਦੇ ਬਾਅਦ ਵੀ ਪੰਜਾਬ ’ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਐਲਾਨ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਖੁੱਲ੍ਹੀ ਖਿੱਚੋਤਾਣ ਕਾਂਗਰਸ ਹਾਈ ਕਮਾਨ ਦੀ ਚਿੰਤਾ ’ਚ ਇਜ਼ਾਫਾ ਕਰ ਰਹੀ ਹੈ। ਹਾਲਾਂਕਿ ਇਨ੍ਹਾਂ ਦੋਵੇਂ ਦਿੱਗਜਾਂ ਵਲੋਂ ਸਿਆਸੀ ਪੇਸ਼ਬੰਦੀ ਲਈ ਕੀਤੀਆਂ ਜਾ ਰਹੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਪਾਰਟੀ ਨੇ ਸਾਫ਼ ਸੰਕੇਤ ਦਿੱਤਾ ਹੈ ਕਿ ਦਬਾਅ ’ਚ ਆ ਕੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਜਾਵੇਗਾ। ਕਾਂਗਰਸੀ ਲੀਡਰਸ਼ਿਪ ਇਸ ਰੁਖ਼ ’ਤੇ ਕਾਇਮ ਹੈ ਕਿ ਜਿੱਤ ਤੋਂ ਬਾਅਦ ਹੀ ਮੁੱਖ ਮੰਤਰੀ ਦੇ ਉਮੀਦਵਾਰ ਦਾ ਫ਼ੈਸਲਾ ਹੋਵੇਗਾ।

ਕਾਂਗਰਸ ਆਪਣੀ ਚੋਣ ਮੁਹਿੰਮ ਨੂੰ ਖਿੱਚੋਤਾਣ ਤੇ ਗੁੱਟਬਾਜ਼ੀ ਤੋਂ ਬਚਾ ਕੇ ਰੱਖਣਾ ਚਾਹੁੰਦੀ ਹੈ। ਨਾਲ ਹੀ ਇਸ ਦੌਡ਼ ’ਚ ਸ਼ਾਮਲ ਆਪਣੇ ਆਗੂਆਂ ਦੀ ਉਮੀਦ ਵੀ ਖ਼ਤਮ ਨਹੀਂ ਕਰਨਾ ਚਾਹੁੰਦੀ। ਇਸੇ ਰਣਨੀਤੀ ਦੇ ਤਹਿਤ ਪਿਛਲੇ ਤਿੰਨ ਚਾਰ ਦਿਨਾਂ ’ਚ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਲਈ ਚੰਨੀ ਤੇ ਸਿੱਧੂ ਦੇ ਜਨਤਕ ਬਿਆਨਾਂ ਨੂੰ ਲੈ ਕੇ ਲੀਡਰਸ਼ਿਪ ਵਲੋਂ ਉਨ੍ਹਾਂ ਨੂੰ ਸੰਜਮ ਵਰਤਣ ਦਾ ਸੰਦੇਸ਼ ਦਿੱਤਾ ਗਿਆ ਹੈ। ਪੰਜਾਬ ਦੀ ਆਪਣੀ ਜ਼ਮੀਨੀ ਰਿਪੋਰਟ ਤੇ ਵਿਸ਼ਲੇਸ਼ਣ ਦੇ ਹਿਸਾਬ ਨਾਲ ਕਾਂਗਰਸ ਦਾ ਅਨੁਮਾਨ ਹੈ ਕਿ ਸੂਬੇ ਦੀ ਚੋਣ ਵਿਚ ਵਿਰੋਧੀ ਧਿਰਾਂ ਦੀ ਚੁਣੌਤੀ ਤੋਂ ਜ਼ਿਆਦਾ ਅਹਿਮ ਆਪਣੇ ਆਗੂਆਂ ਤੇ ਘਰ ਨੂੰ ਖਿੱਚੋਤਾਣ ਤੋਂ ਬਚਾ ਕੇ ਰੱਖਣਾ ਹੈ। ਸਿੱਧੂ ਇਸ ਵਿਚ ਪਾਰਟੀ ਲਈ ਸਭ ਤੋਂ ਕਮਜ਼ੋਰ ਕਡ਼ੀ ਹਨ ਤੇ ਪਾਰਟੀ ’ਚ ਇਕ ਅਜਿਹਾ ਵਰਗ ਵੀ ਹੈ ਜਿਹਡ਼ਾ ਉਨ੍ਹਾਂ ਦੇ ਦਬਾਵਾਂ-ਧਮਕੀਆਂ ਨੂੰ ਦਰਕਿਨਾਰ ਕਰਨ ਦੇ ਹੱਕ ’ਚ ਹੈ ਪਰ ਕਾਂਗਰਸ ਲੀਡਰਸ਼ਿਪ ਚੋਣਾਂ ਦੌਰਾਨ ਨਾ ਕੋਈ ਅਜਿਹਾ ਖ਼ਤਰਾ ਲਵੇਗੀ ਤੇ ਨਾ ਹੀ ਉਸਦਾ ਸਿੱਧੂ ਨੂੰ ਕਿਨਾਰੇ ਕਰਨ ਦਾ ਇਰਾਦਾ ਹੈ। ਅੰਦਰੂਨੀ ਸੂੁਚਨਾਵਾਂ ਨੂੰ ਲੈ ਕੇ ਵਧੀ ਸਿੱਧੂ ਦੀ ਬੇਚੈਨੀ ਨੂੰ ਸ਼ਾਂਤ ਕਰਨ ਦੇ ਲਿਹਾਜ਼ ਨਾਲ ਕਾਂਗਰਸ ਵਲੋਂ ਮੁੱਖ ਮੰਤਰੀ ਉਮੀਦਵਾਰ ਦਾ ਬਦਲ ਪੂਰੀ ਤਰ੍ਹਾਂ ਨਾਲ ਖੁੱਲ੍ਹਾ ਰੱਖਣ ਦਾ ਸਿਆਸੀ ਸੰਦੇਸ਼ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਿਛਲੇ ਦਿਨੀਂ ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸੂਰਜੇਵਾਲਾ ਨੇ ਸਿੱਧੂ ਤੇ ਚੰਨੀ ਦੇ ਨਾਲ ਚੋਣ ਮੁਹਿੰਮ ਕਮੇਟੀ ਦੇ ਮੁਖੀ ਸੁਨੀਲ ਜਾਖਡ਼ ਦੀ ਸਾਂਝੀ ਤਾਕਤ ਦੀ ਗੱਲ ਕਰ ਕੇ ਇਨ੍ਹਾਂ ਸਾਰਿਆਂ ਲਈ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰੀ ਦਾ ਰਸਤਾ ਖੁੱਲ੍ਹਾ ਹੋਣ ਦਾ ਵੀ ਅਸਿੱਧਾ ਸੰਦੇਸ਼ ਦਿੱਤਾ। ਜਾਹਿਰ ਤੌਰ ’ਤੇ ਕਾਂਗਰਸ ਚੋਣਾਂ ਤੋਂ ਪਹਿਲਾਂ ਕਿਸੇ ਇਕ ਚਿਹਰੇ ’ਤੇ ਦਾਅ ਲਗਾ ਕੇ ਆਪਣੀ ਖੇਡ ਵਿਗਾਡ਼ਨ ਦਾ ਖ਼ਤਰਾ ਨਹੀਂ ਚੁੱਕਣਾ ਚਾਹੁੰਦੀ। ਵੈਸੇ ਚੰਨੀ ਦੇ ਸੰਭਲ ਕੇ ਦਿੱਤੇ ਜਾਣ ਵਾਲੇ ਸਿਆਸੀ ਬਿਆਨਾਂ ਤੇ ਪਿਛਲੇ ਚਾਰ ਮਹੀਨੇ ਦੌਰਾਨ ਉਨ੍ਹਾਂ ਦੇ ਕੰਮਕਾਜ ਨੂੰ ਦੇਖਦੇ ਹੋਏ ਕਾਂਗਰਸ ਲਈ ਹੁਣ ਉਨ੍ਹਾਂ ਨੂੁੰ ਪਿੱਛੇ ਰੱਖਣਾ ਆਸਾਨ ਨਹੀਂ ਰਹਿ ਗਿਆ। ਪਾਰਟੀ ਲੀਡਰਸ਼ਿਪ ਵੀ ਬਾਖ਼ੂਬੀ ਸਵੀਕਾਰ ਕਰ ਰਹੀ ਹੈ ਕਿ ਚਾਰ ਮਹੀਨਿਆਂ ਦੇ ਅੰਦਰ ਹੀ ਚੰਨੀ ਨੇ ਬਤੌਰ ਮੁੱਖ ਮੰਤਰੀ ਆਪਣੇ ਫ਼ੈਸਲਿਆਂ ਨਾਲ ਨਾ ਸਿਰਫ਼ ਕੈਪਟਨ ਅਮਰਿੰਦਰ ਸਿੰਘ ਦੇ ਕੰਮਕਾਜ ਨੂੰ ਲੈ ਕੇ ਕਾਂਗਰਸ ਦੇ ਪ੍ਰਤੀ ਵਧੀ ਨਾਰਾਜ਼ਗੀ ਨੂੰ ਰੋਕ ਲਿਆ ਹੈ ਬਲਕਿ ਸਿੱਖ ਭਾਈਚਾਰੇ ਦੇ ਅੰਦਰੂਨੀ ਜਾਤੀ ਸਮੀਕਰਨਾਂ ਨੂੰ ਵੀ ਕਾਫ਼ੀ ਹੱਦ ਤਕ ਦਰੁਸਤ ਕੀਤਾ ਹੈ। ਦਲਿਤ ਭਾਈਚਾਰੇ ਦੇ ਪ੍ਰਮੁੱਖ ਚਿਹਰੇ ਦੇ ਤੌਰ ’ਤੇ ਉੱਭਰੇ ਚੰਨੀ ਦੇ ਕਾਰਨ ਸੂਬੇ ’ਚ ਇਸ ਵਰਗ ਦੀ ਕਾਂਗਰਸ ਦੇ ਹੱਕ ’ਚ ਗੋਲਬੰਦੀ ਦੀ ਪੂਰੀ ਉਮੀਦ ਹੈ ਤਾਂ ਜੱਟ ਸਿੱਖ ਭਾਈਚਾਰੇ ’ਚ ਵੀ ਚੰਨੀ ਆਪਣੀ ਮਾਨਤਾ ਵਧਾਉਂਦੇ ਹੋਏ ਨਜ਼ਰ ਆ ਰਹੇ ਹਨ। ਅਜਿਹੇ ’ਚ ਚੰਨੀ ਦੀ ਮੁੱਖ ਮੰਤਰੀ ਅਹੁਦੇ ਦੀ ਮਜ਼ਬੂਤ ਦਾਅਵੇਦਾਰੀ ਵਿਚਾਲੇ ਸਿੱਧੂ ਦੀ ਪੇਸ਼ਬੰਦੀ ਕਾਂਗਰਸ ਦੀ ਸੁਭਾਵਿਕ ਚਿੰਤਾ ਹੈ। ਦਿਲਚਸਪ ਇਹ ਹੈ ਕਿ ਸਿੱਧੂ ਦੀ ਹਾਈਕਮਾਨ ਨਾਲ ਨਜ਼ਦੀਕੀ ਨੂੰ ਦੇਖਦੇ ਹੋਏ ਚੰਨੀ ਨੇ ਵੀ ਪੰਜਾਬ ਦੀਆਂ ਪਿਛਲੀਆਂ ਚੋਣਾਂ ਦੇ ਸਿਆਸੀ ਤੀਰ ਨਾਲ ਹਾਈ ਕਮਾਨ ’ਤੇ ਦਬਾਅ ਬਣਾਉਣ ਦਾ ਮੌਕਾ ਨਹੀਂ ਛੱਡਿਆ।

ਚੰਨੀ ਹੋ ਸਕਦੇ ਹਨ ਮੁੱਖ ਮੰਤਰੀ ਦਾ ਚਿਹਰਾ : ਵੇਰਕਾ

ਮੈਡੀਕਲ ਸਿੱਖਿਆ ਤੇ ਸਮਾਜਿਕ ਸੁਰੱਖਿਆ ਤੇ ਨਿਆਂ ਮੰਤਰੀ ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਸਾਡੇ ਮੁੱਖ ਮੰਤਰੀ ਹਨ ਤੇ ਅੱਗੋਂ ਵੀ ਹੋ ਸਕਦੇ ਹਨ ਪਰ ਫੈਸਲਾ ਪਾਰਟੀ ਨੇ ਲੈਣਾ ਹੈ। ਉਹ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਵਰਚੁਅਲੀ ਗੱਲਬਾਤ ਕਰ ਰਹੇ ਸਨ। ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਬਾਰੇ ਉਨ੍ਹਾਂ ਕਿਹਾ ਕਿ ਇਹ ਫਾਈਲ ਹਾਲੇ ਬੰਦ ਨਹੀਂ ਹੋਈ ਹੈ। ਸਬੰਧਤ ਵਿਭਾਗਾਂ ਨੂੰ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਨ ਨੂੰ ਕਿਹਾ ਗਿਆ ਹੈ।

Posted By: Tejinder Thind