ਨਵੀਂ ਦਿੱਲੀ : ਕਾਂਗਰਸ ਨੇ ਪੁਲਵਾਮਾ ਅੱਤਵਾਦੀ ਹਮਲੇ ਪਿੱਛੋਂ ਸ਼ਾਂਤੀ ਦੇ ਪੈਗ਼ਾਮ ਦੀ ਪੈਰੋਕਾਰੀ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਰਾਸ਼ਟਰੀ ਭਾਵਨਾਵਾਂ ਦੀ ਅਣਦੇਖੀ ਨਾ ਕਰਨ ਦੀ ਸਾਫ਼ ਨਸੀਹਤ ਦਿੱਤੀ ਹੈ। ਪਾਰਟੀ ਨੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ 'ਚ ਜਵਾਨਾਂ ਦੀ ਸ਼ਹਾਦਤ 'ਤੇ ਦੇਸ਼ ਦਾ ਗ਼ਮ ਤੇ ਗੁੱਸਾ ਜਾਇਜ਼ ਹੈ।

ਅਜਿਹੀ ਸੂਰਤ 'ਚ ਕਿਸੇ ਨੂੰ ਵੀ ਰਾਸ਼ਟਰੀ ਭਾਵਨਾਵਾਂ ਦੇ ਅਨੁਸ਼ਾਸਨ ਨੂੰ ਪਾਰ ਨਹੀਂ ਕਰਨਾ ਚਾਹੀਦਾ। ਸਿੱਧੂ ਦੇ ਨਾਲ ਹੀ ਕਾਂਗਰਸ ਨੇ ਪੁਲਵਾਮਾ 'ਚ ਸ਼ਹੀਦਾਂ ਦੀ ਸ਼ਹਾਦਤ ਦਾ ਸਿਆਸੀ ਫ਼ਾਇਦਾ ਉਠਾਉਣ ਦੀ ਕੋਸ਼ਿਸ਼ 'ਤੇ ਸੁਚੇਤ ਕਰਦਿਆਂ ਕਿਹਾ ਕਿ ਅਜਿਹਾ ਕਰਨ ਵਾਲੀਆਂ ਪਾਰਟੀਆਂ ਤੇ ਨੇਤਾਵਾਂ ਨੂੰ ਦੇਸ਼ ਮਾਫ਼ ਨਹੀਂ ਕਰੇਗਾ।

ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਪੁਲਵਾਮਾ ਹਮਲੇ ਤੋਂ ਬਾਅਦ ਸਿੱਧੂ ਦੇ ਵਿਵਾਦਮਈ ਬਿਆਨ 'ਤੇ ਉੱਠੇ ਤੂਫ਼ਾਨ ਨਾਲ ਜੁੜੇ ਸਵਾਲ ਦਾ ਜਵਾਬ ਦਿੰਦਿਆਂ ਇਹ ਨਸੀਹਤ ਦਿੱਤੀ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਿੱਧੂ ਦਾ ਨਾਂ ਲਏ ਬਗੈਰ ਸਿੰਘਵੀ ਨੇ ਕਿਹਾ ਕਿ ਇਹ ਦੇਸ਼ ਦੇ ਹਰ ਨਾਗਰਿਕ ਤੇ ਸਿਆਸੀ ਵਰਕਰ ਦਾ ਕਰਤੱਵ ਹੈ ਕਿ ਉਹ ਦੇਸ਼ ਦੀ ਭਾਵਨਾ ਅਨੁਸਾਰ ਸੋਚ ਸਮਝ ਕੇ ਬੋਲੇ। ਦੇਸ਼ ਦੀ ਭਾਵਨਾ ਤੋਂ ਹਟ ਕੇ ਗੱਲ ਨਹੀਂ ਕਰਨੀ ਚਾਹੀਦੀ।

ਪੁਲਵਾਮਾ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਆਸੀ ਲਾਭ ਲਈ ਵਰਤਣ ਦੀ ਕੋਸ਼ਿਸ਼ ਕਰਨ 'ਤੇ ਸਿੰਘਵੀ ਨੇ ਕਿਹਾ ਕਿ ਅਜਿਹੀ ਹਰਕਤ ਜਨਤਾ ਸਵੀਕਾਰ ਨਹੀਂ ਕਰੇਗੀ। ਅਜਿਹਾ ਕਰਨ ਵਾਲੀਆਂ ਪਾਰਟੀਆਂ ਜਾਂ ਨੇਤਾਵਾਂ ਨੂੰ ਜਨਤਾ ਮਾਫ਼ ਵੀ ਨਹੀਂ ਕਰੇਗੀ। ਸੱਤਾ ਨਾਲ ਜੁੜੀਆਂ ਜਥੇਬੰਦੀਆਂ ਵੱਲੋਂ ਆਜ਼ਾਦ ਵਿਚਾਰ ਦੇ ਲੋਕਾਂ ਨੂੰ ਇਸ ਘਟਨਾ ਤੋਂ ਬਾਅਦ ਨਿਸ਼ਾਨਾ ਬਣਾਏ ਜਾਣ ਦੇ ਸਵਾਲ 'ਤੇ ਸਿੰਘਵੀ ਨੇ ਕਿਹਾ ਕਿ ਇਹ ਚਿੰਤਾ ਦੀ ਗੱਲ ਹੈ। ਕਾਂਗਰਸੀ ਨੇਤਾ ਨੇ ਕਿਹਾ ਕਿ ਅਜਿਹੇ ਮਾਮਲੇ 'ਚ ਸਾਨੂੰ ਪਰਪੱਕਤਾ ਵਿਖਾਉਣੀ ਪਵੇਗੀ ਕਿਉਂਕਿ ਅੱਤਵਾਦੀ ਜਮਾਤਾਂ ਜਾਂ ਉਨ੍ਹਾਂ ਦੇ ਰਹਿਨੁਮਾਵਾਂ ਦਾ ਮਕਸਦ ਹੀ ਸਾਨੂੰ ਆਪਸ ਵਿਚ ਲੜਾਉਣ ਦਾ ਹੈ।

ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲੇ ਦੀਆਂ ਘਟਨਾਵਾਂ ਨੂੰ ਮੰਦਭਾਗੀਆਂ ਕਰਾਰ ਦਿੰਦਿਆਂ ਉਨ੍ਹਾਂ ਇਸ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਸਿੰਘਵੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਤਾਂ ਇਸ ਨੂੰ ਵੱਖਵਾਦੀ ਤਾਕਤਾਂ ਨੂੰ ਉਤਸ਼ਾਹ ਮਿਲੇਗਾ ਤੇ ਅੱਤਵਾਦੀਆਂ ਦੀ ਰਣਨੀਤੀ ਵੀ ਇਹੀ ਹੈ। ਸਿੰਘਵੀ ਨੇ ਨਾਲ ਹੀ ਜਵਾਨਾਂ ਦੀ ਬਹਾਦਰੀ 'ਤੇ ਸਵਾਲ ਉਠਾਉਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਦੀ ਵਕਾਲਤ ਕੀਤੀ।

ਪਾਕਿਸਤਾਨ ਵਿਰੁੱਧ ਪੁਲਵਾਮਾ ਦੀ ਜਵਾਬੀ ਕਾਰਵਾਈ ਨੂੰ ਲੈ ਕੇ ਮੁੱਖ ਵਿਰੋਧੀ ਪਾਰਟੀ ਨਾਲ ਸਰਕਾਰ ਦੀ ਚਰਚਾ ਦੇ ਸਵਾਲ 'ਤੇ ਸਿੰਘਵੀ ਨੇ ਕਿਹਾ ਕਿ ਸਰਬ ਪਾਰਟੀ ਮੀਟਿੰਗ ਤੋਂ ਇਲਾਵਾ ਕਿਸੇ ਪੱਧਰ 'ਤੇ ਦੂਜੀ ਚਰਚਾ ਅਜੇ ਤਕ ਨਹੀਂ ਹੋਈ ਹੈ। ਇਸ ਹਮਲੇ 'ਚ ਸੁਰੱਖਿਆ ਤੇ ਰਣਨੀਤੀਕ ਉਕਾਈ ਦੀ ਗੱਲ 'ਤੇ ਸਿੰਘਵੀ ਨੇ ਕਿਹਾ ਕਿ ਇਸ ਬਾਰੇ ਉਠਾਏ ਜਾ ਰਹੇ ਤਮਾਮ ਸਵਾਲ ਲਾਜ਼ਮੀ ਹਨ। ਇਨ੍ਹਾਂ ਸਵਾਲਾਂ 'ਤੇ ਤੁਰੰਤ ਗ਼ੌਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕੇ।