ਜਾਗਰਣ ਬਿਊਰੋ, ਨਵੀਂ ਦਿੱਲੀ : ਕਾਂਗਰਸ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਨ ਦੀ ਗੱਲ ਕਰਦੇ ਹੋਏ ਅਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਦਾ ਸਮਰਥਨ ਕੀਤਾ ਹੈ। ਪਾਰਟੀ ਦੀ ਉੱਚ ਨੀਤੀ ਨਿਰਧਾਰਣ ਇਕਾਈ ਵਰਕਿੰਗ ਕਮੇਟੀ ਦੀ ਮੀਟਿੰਗ ਪਿੱਛੋਂ ਕਾਂਗਰਸ ਨੇ ਐਲਾਨ ਕੀਤਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਪਿੱਛੋਂ ਉਹ ਰਾਮ ਮੰਦਰ ਦੇ ਨਿਰਮਾਣ ਦੇ ਪੱਖ ਵਿਚ ਹਨ। ਨਾਲ ਹੀ ਪਾਰਟੀ ਨੇ ਸਾਰੇ ਪੱਖਾਂ ਨੂੰ ਸੰਜਮ ਅਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਇਸ ਫ਼ੈਸਲੇ ਦਾ ਸਨਮਾਨ ਕਰਨ ਦੀ ਅਪੀਲ ਕੀਤੀ ਹੈ।

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਪ੍ਰਧਾਨਗੀ ਵਿਚ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਵਿਚਾਰ ਕਰਨ ਪਿੱਛੋਂ ਪਾਰਟੀ ਨੇ ਰਾਮ ਮੰਦਰ ਨਿਰਮਾਣ ਦਾ ਖੁੱਲ੍ਹ ਕੇ ਸਮਰਥਨ ਕੀਤਾ। ਵਰਕਿੰਗ ਕਮੇਟੀ ਦੀ ਮੀਟਿੰਗ ਪਿੱਛੋਂ ਪ੍ਰੈੱਸ ਕਾਨਫਰੰਸ ਵਿਚ ਕਾਂਗਰਸ ਮੀਡੀਆ ਵਿਭਾਗ ਦੇ ਮੁਖੀ ਰਣਦੀਪ ਸੁਰਜੇਵਾਲ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਪਿੱਛੋਂ ਮੰਦਰ ਨਿਰਮਾਣ 'ਤੇ ਪਾਰਟੀ ਦਾ ਰੁਖ਼ ਪੁੱਛੇ ਜਾਣ 'ਤੇ ਕਿਹਾ, 'ਹਾਂ, ਸੁਪਰੀਮ ਕੋਰਟ ਦਾ ਫ਼ੈਸਲਾ ਆ ਚੁੱਕਾ ਹੈ ਅਤੇ ਅਯੁੱਧਿਆ ਵਿਚ ਭਗਵਾਨ ਸ਼੍ਰੀ ਰਾਮ ਦਾ ਮੰਦਰ ਬਣਨਾ ਚਾਹੀਦਾ ਹੈ ਤੇ ਕਾਂਗਰਸ ਇਸ ਦੇ ਪੱਖ ਵਿਚ ਹੈ।' ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਅਯੁੱਧਿਆ ਮੰਦਰ ਦਾ ਤਾਲਾ ਖੁੱਲ੍ਹਵਾਉਣ ਦੇ ਫ਼ੈਸਲੇ ਨੂੰ ਦੇਖਦੇ ਹੋਏ ਕੀ ਕਾਂਗਰਸ ਮੰਦਰ ਨਿਰਮਾਣ ਦਾ ਸਿਹਰਾ ਲਵੇਗੀ? ਸੁਰਜੇਵਾਲਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਪਿੱਛੋਂ ਅਯੁੱਧਿਆ ਵਿਵਾਦ ਦਾ ਅੰਤ ਹੋ ਚੁੱਕਾ ਹੈ ਅਤੇ ਇਸ ਮਾਮਲੇ ਦਾ ਸਿਹਰਾ ਕਿਸੇ ਵਿਅਕਤੀ ਸਮੂਹ ਜਾਂ ਪਾਰਟੀ ਨੂੰ ਨਹੀਂ ਦੇਣਾ ਚਾਹੀਦਾ। ਸਰਬਉੱਚ ਅਦਾਲਤ ਨੇ ਆਸਥਾ ਅਤੇ ਵਿਸ਼ਵਾਸ ਦਾ ਸਨਮਾਨ ਕੀਤਾ ਹੈ ਅਤੇ ਉਸ ਦੇ ਫ਼ੈਸਲੇ ਨਾਲ ਰਾਮ ਮੰਦਰ ਨਿਰਮਾਣ ਦੇ ਦਰਵਾਜ਼ੇ ਤਾਂ ਖੁੱਲ੍ਹ ਹੀ ਗਏ ਹਨ। ਨਾਲ ਹੀ ਇਸ ਫ਼ੈਸਲੇ ਨਾਲ ਭਾਰਤੀ ਜਨਤਾ ਪਾਰਟੀ ਅਤੇ ਹੋਰ ਲੋਕਾਂ ਲਈ ਦੇਸ਼ ਦੀ ਆਸਥਾ ਦੇ ਸਹਾਰੇ ਰਾਜਨੀਤੀ ਕਰਨ ਦੇ ਦੁਆਰ ਵੀ ਹਮੇਸ਼ਾ ਲਈ ਬੰਦ ਹੋ ਗਏ ਹਨ। ਸੁਰਜੇਵਾਲਾ ਨੇ ਕਿਹਾ ਕਿ ਰਾਮ ਵਚਨ ਦੀ ਮਰਿਆਦਾ ਲਈ ਤਿਆਗ ਦਾ ਪ੍ਰਤੀਕ ਹਨ, ਭੋਗ ਦਾ ਨਹੀਂ।

ਵਰਕਿੰਗ ਕਮੇਟੀ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਲੈ ਕੇ ਪਾਸ ਮਤੇ ਨੂੰ ਵੀ ਸੁਰਜੇਵਾਲਾ ਨੇ ਮੀਡੀਆ ਨਾਲ ਸਾਂਝਾ ਕੀਤਾ। ਇਸ ਮਤੇ ਵਿਚ ਕਿਹਾ ਗਿਆ ਹੈ ਕਿ ਭਾਰਤੀ ਰਾਸ਼ਟਰੀ ਕਾਂਗਰਸ ਅਯੁੱਧਿਆ ਮਾਮਲੇ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਨਮਾਨ ਕਰਦੀ ਹੈ। ਅਸੀਂ ਸਾਰੀਆਂ ਸਬੰਧਿਤ ਧਿਰਾਂ ਅਤੇ ਫਿਰਕਿਆਂ ਨੂੰ ਅਪੀਲ ਕਰਦੇ ਹਾਂ ਕਿ ਭਾਰਤ ਦੇ ਸੰਵਿਧਾਨ ਵਿਚ ਸਥਾਪਿਤ ਸਾਰਿਆਂ ਧਰਮਾਂ ਵਿਚ ਸਦਭਾਵ ਅਤੇ ਭਾਈਚਾਰੇ ਦੇ ਉੱਚ ਮੁੱਲਾਂ ਨੂੰ ਨਿਭਾਉਂਦੇ ਹੋਏ ਅਮਨ-ਚੈਨ ਦਾ ਵਾਤਾਵਰਨ ਬਣਾਈ ਰੱਖੀਏ। ਹਰ ਭਾਰਤੀ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਸਾਰੇ ਦੇਸ਼ ਦੀ ਸਦੀਆਂ ਪੁਰਾਣੀ ਪ੍ਰਸਪਰ ਸਨਮਾਨ ਅਤੇ ਏਕਤਾ ਦੀ ਸੰਸਕ੍ਰਿਤੀ ਅਤੇ ਪ੍ਰੰਪਰਾ ਨੂੰ ਜ਼ਿੰਦਾ ਰੱਖੀਏ। ਵਰਕਿੰਗ ਕਮੇਟੀ ਦੀ ਇਹ ਮੀਟਿੰਗ ਪਹਿਲਾਂ ਐਤਵਾਰ ਨੂੰ ਹੋਣੀ ਸੀ ਪ੍ਰੰਤੂ ਅਯੁੱਧਿਆ 'ਤੇ ਫ਼ੈਸਲੇ ਕਾਰਨ ਇਸ ਨੂੰ ਸ਼ਨਿਚਰਵਾਰ ਸਵੇਰੇ ਪੌਣੇ 10 ਵਜੇ ਬੁਲਾ ਲਿਆ ਗਿਆ।

ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਸੰਤੁਸ਼ਟ ਨਾ ਹੋਣ ਦੇ ਮੁਸਲਿਮ ਪਰਸਨਲ ਲਾਅ ਬੋਰਡ ਦੇ ਵਕੀਲ ਦੇ ਬਿਆਨ 'ਤੇ ਕਾਂਗਰਸ ਦਾ ਰੁਖ਼ ਪੁੱਛੇ ਜਾਣ 'ਤੇ ਸੁਰਜੇਵਾਲਾ ਨੇ ਕਿਹਾ ਕਿ ਇਹ ਸਹੀ ਹੈ ਕਿ ਸਾਰਿਆਂ ਨੂੰ ਕਾਨੂੰਨੀ ਬਦਲ ਦੀ ਵਰਤੋਂ ਕਰਨ ਦਾ ਅਧਿਕਾਰ ਹੈ ਪ੍ਰੰਤੂ ਜਿਥੋਂ ਤਕ ਕਾਂਗਰਸ ਦਾ ਸਵਾਲ ਹੈ ਅਸੀਂ ਆਪਣਾ ਰੁਖ਼ ਸਪੱਸ਼ਟ ਕਰ ਦਿੱਤਾ ਹੈ। ਸੁਰਜੇਵਾਲਾ ਨੇ ਇਸ ਜਵਾਬ ਰਾਹੀਂ ਇਹ ਸਾਫ਼ ਸੰਕੇਤ ਦੇ ਦਿੱਤਾ ਕਿ ਕਾਂਗਰਸ ਅਯੁੱਧਿਆ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਸਮੀਖਿਆ ਜਾਂ ਅਪੀਲ ਦੇ ਪੱਖ ਵਿਚ ਨਹੀਂ ਹੈ। ਮੰਦਰ ਨਿਰਮਾਣ ਲਈ ਟਰੱਸਟ ਨਿਰਮਾਣ ਦੇ ਫ਼ੈਸਲੇ ਦੇ ਬਾਰੇ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਕਾਨੂੰਨੀ ਮਾਹਿਰ ਆਪਣੇ ਤਰੀਕੇ ਨਾਲ ਚਰਚਾ ਕਰਨਗੇ ਪ੍ਰੰਤੂ ਕਾਂਗਰਸ ਦਾ ਸਾਫ਼ ਮੰਨਣਾ ਹੈ ਕਿ ਸੁਪਰੀਮ ਕੋਰਟ ਨੇ ਫ਼ੈਸਲਾ ਕਰ ਦਿੱਤਾ ਹੈ ਅਤੇ ਹੁਣ ਸਾਰੇ ਪੱਖਾਂ, ਭਾਈਚਾਰਿਆਂ ਅਤੇ ਵਿਅਕਤੀਆਂ ਨੂੰ ਇਸ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਹੈ ਹੀ ਨਹੀਂ। ਸੁਰਜੇਵਾਲਾ ਇਥੇ ਇਹ ਯਾਦ ਦਿਵਾਉਣਾ ਨਹੀਂ ਭੁੱਲੇ ਕਿ ਮੰਦਰ ਲਈ ਦਿੱਤੀ ਗਈ ਸਾਰੀ ਜ਼ਮੀਨ 1993 ਵਿਚ ਅਯੁੱਧਿਆ ਐਕਟ ਤਹਿਤ ਕਾਂਗਰਸ ਦੀ ਸਰਕਾਰ ਨੇ ਹੀ ਹਾਸਿਲ ਕੀਤੀ ਸੀ।