ਗੁਹਾਟੀ (ਏਜੰਸੀ) : ਅਸਾਮ 'ਚ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਚੋਣਾਂ 'ਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਨਾਗਰਿਕਤਾ ਸੋਧ ਬਿੱਲ (ਸੀਏਏ) ਨੂੰ ਹਥਿਆਰ ਵਾਂਗ ਇਸਤੇਮਾਲ ਕਰ ਰਹੇ ਹਨ। ਪਰ ਝੂਠ ਫੈਲਾਉਣ 'ਚ ਇਹ ਲੋਕ ਨਾਕਾਮ ਹੀ ਰਹੇ ਹਨ। ਵਿੱਤ ਰਾਤ ਮੰਤਰੀ ਅਨੁਰਾਗ ਠਾਕੁਰ ਨੇ ਐਤਵਾਰ ਨੂੰ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਸੀਏਏ ਦਾ ਅਸਮੀਆ ਲੋਕਾਂ ਦੇ ਅਧਿਕਾਰਾਂ ਖ਼ਿਲਾਫ਼ ਹੋਣ ਦਾ ਕੂੜ ਪ੍ਰਚਾਰ ਨਾਕਾਮ ਸਾਬਿਤ ਹੋਇਆ ਹੈ। ਕਿਉਂਕਿ ਲੋਕਾਂ ਨੇ ਮੌਜੂਦਾ ਚੋਣਾਂ 'ਚ ਇਸ ਗੱਲ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਨੇ ਸੀਏਏ ਬਾਰੇ ਬਹੁਤ ਹਾਏ-ਤੌਬਾ ਕੀਤੀ ਤੇ ਇਹ ਸਾਬਿਤ ਕਰਨਾ ਚਾਹਿਆ ਕਿ ਸੀਏਏ ਲੋਕਾਂ ਖ਼ਿਲਾਫ਼ ਹੈ। ਪਰ ਝੂਠ ਦੇ ਪੈਰ ਨਹੀਂ ਹੁੰਦੇ।

ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਐਕਟ (ਸੀਏਏ) ਦਾ ਮਕਸਦ ਉਨ੍ਹਾਂ ਹਿੰਦੂਆਂ, ਜੈਨੀਆਂ, ਈਸਾਈਆਂ, ਸਿੱਖਾਂ, ਬੋਧੀਆਂ ਤੇ ਪਾਰਸੀਆਂ ਨੂੰ ਭਾਰਤ ਦੀ ਨਾਗਰਿਕਤਾ ਦਿੰਦਾ ਹੈ ਜਿਹੜਾ ਭਾਰਤ 'ਚ 31 ਦਸੰਬਰ, 2014 ਤੋਂ ਪਹਿਲਾਂ ਬੰਗਲਾਦੇਸ਼, ਪਾਕਿਸਤਾਨ ਤੇ ਅਫ਼ਗਾਨਿਸਤਾਨ ਤੋਂ ਆ ਗਏ ਸਨ। ਇਹ ਉਹ ਗ਼ੈਰ ਮੁਸਲਿਮ ਲੋਕ ਹਨ ਜਿਹੜੇ ਭਾਰਤ ਦੇ ਗੁਆਂਢੀ ਇਸਲਾਮਿਕ ਦੇਸ਼ਾਂ ਤੋਂ ਉਨ੍ਹਾਂ 'ਤੇ ਹੋਏ ਧਾਰਮਿਕ ਅੱਤਿਆਚਾਰ ਕਾਰਨ ਭੱਜ ਕੇ ਆਏ ਹਨ। ਵਿਰੋਧੀ ਪਾਰਟੀ ਕਾਂਗਰਸ ਨੇ ਚੋਣ 'ਚ ਪੰਜ ਸੂਤਰੀ ਮੁਹਿੰਮ ਤਹਿਤ ਕਿਹਾ ਹੈ ਕਿ ਸੱਤਾ 'ਚ ਆਈ ਤਾਂ ਸੀਏਏ ਨੂੰ ਸੂਬੇ 'ਚ ਲਾਗੂ ਨਹੀਂ ਹੋਣ ਦੇਵੇਗੀ।

ਕੇਂਦਰੀ ਵਿੱਤ ਰਾਜ ਮੰਤਰੀ ਨੇ ਕਿਹਾ ਕਿ ਅਸਾਮ ਦੇ ਲੋਕ ਜਾਣਦੇ ਹਨ ਕਿ ਐੱਨਡੀਏ ਸਰਕਾਰ ਕਦੀ ਵੀ ਅਸਾਮ ਦੇ ਲੋਕਾਂ ਦੇ ਹਿੱਤ ਖ਼ਿਲਾਫ਼ ਕੋਈ ਫ਼ੈਸਲਾ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਘੁਸਪੈਠੀਆਂ ਦੀ ਪਿੱਠ 'ਤੇ ਬੈਠ ਕੇ ਸੱਤਾ 'ਚ ਆਉਣਾ ਚਾਹੁੰਦੀ ਹੈ ਬਲਕਿ ਭਾਜਪਾ ਘੁਸਪੈਠੀਆਂ ਨੂੰ ਰੋਕ ਕੇ ਵਾਪਸੀ ਕਰਨਾ ਚਾਹੁੰਦੀ ਹੈ।

ਸੂਬੇ 'ਚ ਕਾਂਗਰਸ-ਏਆਈਯੂਡੀਐੱਫ 'ਤੇ ਤਿੱਖਾ ਹਮਲਾ ਕਰਦੇ ਹੋਏ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਤੋਂ ਵੋਟ ਬੈਂਕ ਦੀ ਸਿਆਸਤ ਲਈ ਤੁਸ਼ਟੀਕਰਨ ਦੀ ਨੀਤੀ ਅਪਣਾਈ ਹੈ ਜਿਹੜੇ ਹੁਣ ਉਜਾਗਰ ਹੋ ਚੁੱਕੀ ਹੈ। ਕਾਂਗਰਸ ਸੱਤਾ ਦੇ ਲਾਲਚ 'ਚ ਏਨਾ ਡਿੱਗ ਚੁੱਕੀ ਹੈ ਕਿ ਉਸ ਦੇ ਨੇਤਾ ਰਾਹੁਲ ਗਾਂਧੀ ਏਆਈਯੂਡੀਐੱਫ ਦੇ ਪ੍ਰਮੁੱਖ ਬਦਰੁੱਦੀਨ ਅਜਮਲ ਵਰਗੇ ਵਿਅਕਤੀ ਨੂੰ ਅਸਾਮ ਦੀ ਪਛਾਣ ਦੱਸਦੇ ਹਨ। ਕੀ ਸੂਬੇ ਦੇ ਲੋਕ ਕਦੀ ਇਸ ਗੱਲ ਨੂੰ ਸਵੀਕਾਰ ਕਰ ਸਕਣਗੇ? ਉਨ੍ਹਾਂ ਕਿਹਾ ਕਿ ਕਾਂਗਰਸ ਭਿ੍ਸ਼ਟਚਾਰ ਤੇ ਫਿਰਕਾਪ੍ਰਸਤੀ ਨੂੰ ਦਰਸਾਉਂਦੀ ਹੈ ਜਦਕਿ ਐੱਨਡੀਏ ਸੁਸ਼ਾਸਨ ਤੇ ਵਿਕਾਸ ਦੀ ਪਛਾਣ ਹੈ।