ਜਾਗਰਣ ਬਿਊਰੋ, ਨਵੀਂ ਦਿੱਲੀ : 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਕਾਂਗਰਸ ਨੇ ਅੱਠ ਮੈਂਬਰੀ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਹੈ। ਟਾਸਕ ਫੋਰਸ 'ਚ ਪੀ ਚਿਦੰਬਰਮ ਅਤੇ ਪਿ੍ਰਅੰਕਾ ਗਾਂਧੀ ਵਰਗੇ ਆਗੂਆਂ ਦੇ ਨਾਲ ਚੋਣ ਰਣਨੀਤੀਘਾੜੇ ਸੁਨੀਲ ਕਾਨੂਗੋਲੂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਪਾਰਟੀ ਵਿਚ ਨਾਰਾਜ਼ਗੀ ਤੇ ਉਥਲ-ਪੁਥਲ ਨੂੰ ਰੋਕਣ ਦੀ ਰਣਨੀਤੀ ਤਹਿਤ ਉਦੈਪੁਰ ਚਿੰਤਨ ਕੈਂਪ ਵਿਚ ਹੋਏ ਐਲਾਨ ਅਨੁਸਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਵਿਚ ਸਿਆਸੀ ਮਾਮਲਿਆਂ ਦੇ ਸਮੂਹ ਦਾ ਗਠਨ ਵੀ ਕਰ ਦਿੱਤਾ ਗਿਆ ਹੈ। ਅਹਿਮ ਮੁੱਦਿਆਂ 'ਤੇ ਪਾਰਟੀ ਦੀ ਰੀਤੀ-ਨੀਤੀ ਤੈਅ ਕਰਨ ਲਈ ਬਣੇ ਇਸ ਸਮੂਹ 'ਚ ਰਾਹੁਲ ਗਾਂਧੀ ਸਮੇਤ 8 ਆਗੂ ਹਨ। ਇਨ੍ਹਾਂ ਵਿਚ ਨਾਰਾਜ਼ ਖੇਮੇ ਦੇ ਪ੍ਰਮੁੱਖ ਆਗੂ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਵੀ ਸ਼ਾਮਲ ਹਨ। ਭਾਰਤ ਜੋੜੋ ਯਾਤਰਾ ਦੇ ਸੰਚਾਲਨ ਅਤੇ ਤਾਲਮੇਲ ਲਈ ਸੀਨੀਅਰ ਆਗੂ ਦਿਗਵਿਜੈ ਸਿੰਘ ਦੀ ਅਗਵਾਈ ਵਿਚ ਕੇਂਦਰੀ ਪਲਾਨਿੰਗ ਗਰੁੱਪ ਦਾ ਗਠਨ ਕੀਤਾ ਗਿਆ ਹੈ। ਨਾਰਾਜ਼ ਆਗੂਆਂ 'ਚ ਗਿਣੇ ਜਾਣ ਵਾਲੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਵੀ ਇਸ ਸਮੂਹ ਦਾ ਹਿੱਸਾ ਬਣਾਏ ਗਏ ਹਨ।

ਸੋਨੀਆ ਗਾਂਧੀ ਨੇ ਤਿੰਨਾਂ ਸਮੂਹਾਂ ਦਾ ਐਲਾਨ ਕਰਕੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਦੈਪੁਰ ਚਿੰਤਨ ਕੈਂਪ ਵਿਚ ਹੋਏ ਫ਼ੈਸਲਿਆਂ ਨੂੰ ਲੈ ਕੇ ਲੀਡਰਸ਼ਿਪ ਗੰਭੀਰ ਹੈ। 2024 ਦੀਆਂ ਚੋਣਾਂ ਦੀਆਂ ਤਿਆਰੀਆਂ ਲਈ ਗਠਿਤ ਟਾਸਕ ਫੋਰਸ ਨੇ ਕੁਝ ਘੰਟਿਆਂ ਦੇ ਅੰਦਰ ਹੀ ਕਾਂਗਰਸ ਮੁੱਖ ਦਫਤਰ ਵਿਚ ਪਹਿਲੀ ਮੀਟਿੰਗ ਕਰਕੇ ਸਿਆਸੀ ਚੁਣੌਤੀਆਂ ਦੀ ਗੰਭੀਰਤਾ ਨੂੰ ਸਮਝਣ ਦਾ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਅਤੇ ਪਿ੍ਰਅੰਕਾ ਗਾਂਧੀ ਤੋਂ ਇਲਾਵਾ ਇਸ 8 ਮੈਂਬਰੀ ਟਾਸਕ ਫੋਰਸ 'ਚ ਮੁਕੁਲ ਵਾਸਨਿਕ, ਜੈਰਾਮ ਰਮੇਸ਼, ਕੇਸੀ ਵੇਣੂਗੋਪਾਲ, ਅਜੇ ਮਕਾਨ, ਰਣਦੀਪ ਸਿੰਘ ਸੂਰਜੇਵਾਲਾ ਅਤੇ ਸੁਨੀਲ ਕਾਨੂਗੋਲੂ ਨੂੰ ਰੱਖਿਆ ਗਿਆ ਹੈ। ਨਾਰਾਜ਼ ਖੇਮੇ ਦਾ ਕੋਈ ਸਰਗਰਮ ਮੈਂਬਰ ਟਾਸਕ ਫੋਰਸ ਦਾ ਹਿੱਸਾ ਨਹੀਂ ਹੈ। ਪ੍ਰਸ਼ਾਂਤ ਕਿਸ਼ੋਰ ਦੇ ਨਾਲ ਕੰਮ ਕਰ ਚੁੱਕੇ ਕਾਨੂਗੋਲੂ ਟਾਸਕ ਫੋਰਸ 'ਚ ਸ਼ਾਮਲ ਹੋ ਕੇ ਅਧਿਕਾਰਤ ਰੂਪ ਵਿਚ ਕਾਂਗਰਸ ਦੀ ਚੋਣ ਟੀਮ ਦਾ ਹਿੱਸਾ ਬਣ ਗਏ ਹਨ। ਚੋਣਾਂ ਵਿਚ ਕਾਂਗਰਸ ਦੀ ਲਗਾਤਾਰ ਹਾਰ ਦੇ ਸਿਲਸਿਲੇ ਨੂੰ ਰੋਕਣ ਅਤੇ 2024 'ਚ ਵਾਪਸੀ ਦਾ ਟੀਚਾ ਹਾਸਲ ਕਰਨ ਲਈ ਟਾਸਕ ਫੋਰਸ ਬਣਾਉਣ ਦਾ ਫ਼ੈਸਲਾ ਉਦੈਪੁਰ ਚਿੰਤਨ ਕੈਂਪ ਦੇ ਵੱਡੇ ਫ਼ੈਸਲਿਆਂ ਵਿਚੋਂ ਇਕ ਸੀ। ਟਾਸਕ ਫੋਰਸ ਦੇ ਹਰ ਮੈਂਬਰ ਨੂੰ ਅਗਲੀਆਂ ਚੋਣਾਂ ਦੇ ਲਿਹਾਜ਼ ਨਾਲ ਸੰਗਠਨ, ਸੰਚਾਰ ਤੇ ਮੀਡੀਆ, ਜਨਤਾ ਨਾਲ ਜੁੜਨਾ, ਵਿੱਤ ਤੇ ਚੋਣ ਪ੍ਰਬੰਧਨ ਨਾਲ ਜੁੜੇ ਵੱਖ-ਵੱਖ ਕੰਮ ਸੌਂਪੇ ਜਾਣਗੇ। ਇਨ੍ਹਾਂ ਸਾਰੇ ਮੈਂਬਰਾਂ ਕੋਲ ਰਣਨੀਤੀ ਨੂੰ ਅਮਲ ਵਿਚ ਲਿਆਉਣ ਲਈ ਸਮਰਪਿਤ ਆਪਣੀ ਟੀਮ ਵੀ ਰਹੇਗੀ।

ਕਾਂਗਰਸ ਪ੍ਰਧਾਨ ਨੂੰ ਅਹਿਮ ਮਸਲਿਆਂ 'ਤੇ ਸਲਾਹ ਦੇਣ ਲਈ ਕਾਂਗਰਸ ਕਾਰਜ ਸੰਮਤੀ ਦੇ ਮੈਂਬਰਾਂ ਦਾ ਇਕ ਸਲਾਹਕਾਰ ਸਮੂਹ ਬਣਾਉਣ ਲਈ ਉਦੈਪੁਰ ਵਿਚ ਹੋਏ ਫ਼ੈਸਲੇ ਅਨੁਸਾਰ ਸੋਨੀਆ ਗਾਂਧੀ ਨੇ ਮੰਗਲਵਾਰ ਨੂੰ ਅੱਠ ਮੈਂਬਰੀ ਸਿਆਸੀ ਮਾਮਲਿਆਂ ਦੇ ਸਮੂੁਹ ਦਾ ਗਠਨ ਵੀ ਕਰ ਦਿੱਤਾ। ਇਸ ਸਮੂਹ 'ਚ ਰਾਹੁਲ ਗਾਂਧੀ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਮੱਲਿਕਾਅਰਜੁਨ ਖੜਗੇ ਤੋਂ ਇਲਾਵਾ ਨਾਰਾਜ਼ ਖੇਮੇ ਦੇ ਦੋ ਪ੍ਰਮੁੱਖ ਆਗੂ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਦਾ ਨਾਂ ਸਭ ਤੋਂ ਅਹਿਮ ਹੈ। ਸਿਆਸੀ ਮਾਮਲਿਆਂ ਦੇ ਸਮੂੁਹ ਦੇ ਬਾਕੀ ਮੈਂਬਰ ਦਿਗਵਿਜੈ ਸਿੰਘ, ਕੇਸੀ ਵੇਣੂਗੋਪਾਲ, ਅੰਬਿਕਾ ਸੋਨੀ ਅਤੇ ਜਿਤੇਂਦਰ ਸਿੰਘ ਕਾਂਗਰਸ ਲੀਡਰਸ਼ਿਪ ਦੇ ਨਜ਼ਦੀਕੀ ਆਗੂਆਂ ਵਿਚ ਗਿਣੇ ਜਾਂਦੇ ਹਨ।