ਜੀਂਦ : ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੂੰ ਹਰਿਆਣਾ ਦੀ ਜੀਂਦ ਜ਼ਿਮਨੀ ਚੋਣ 'ਚ ਉਤਾਰ ਕੇ ਪਾਰਟੀ ਨੇ ਸਿਆਸੀ ਪੰਡਤਾਂ ਨੂੰ ਹੈਰਾਨੀ 'ਚ ਪਾ ਦਿੱਤਾ ਹੈ। ਚਰਚਾ ਸ਼ੁਰੂ ਹੋ ਗਈ ਕਿ ਆਖਰ ਕੈਥਲ ਤੋਂ ਵਿਧਾਇਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਜੀਂਦ ਦੇ ਮੈਦਾਨ ਵਿਚ ਕਿਉਂ ਉਤਾਰਿਆ ਗਿਆ। ਪੂਰੇ ਮਾਮਲੇ 'ਚ ਜਾਣ ਕੇ ਇਸਦੇ ਪੰਜ ਪ੍ਰਮੁੱਖ ਕਾਰਨ ਮੰਨ ਰਹੇ ਹਨ ਜਿਸ ਨਾਲ ਕਾਂਗਰਸ ਨੇ ਇਹ ਦਾਅ ਖੇਡਿਆ ਹੈ।


ਵਿਧਾਨ ਸਭਾ ਚੋਣ ਤੋਂ ਪਹਿਲਾਂ ਕਾਂਗਰਸ ਵਲੋਂ ਪ੍ਰਮੋਦ ਸਹਿਵਾਗ, ਬਲਜੀਤ ਰੇੜੂ, ਕਰਮਵੀਰ ਸੈਣੀ, ਸੁਰੇਸ਼ ਗੋਇਲ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ। ਪ੍ਰਮੋਦ ਸਹਿਵਾਗ ਨੇ ਜੀਂਦ ਹਲਕੇ ਦੇ ਪਿੰਡਾਂ ਦਾ ਵੀ ਦੌਰਾ ਕਰ ਲਿਆ ਸੀ। ਸ਼ਹਿਰ 'ਚ ਵੀ ਉਨ੍ਹਾਂ ਨੇ ਡੋਰ-ਟੂ-ਡੋਰ ਪ੍ਰਚਾਰ ਕੀਤਾ ਸੀ। ਉਹ ਆਪਣੀ ਟਿਕਟ ਨੂੰ ਪੱਕਾ ਮੰਨ ਕੇ ਚੱਲ ਰਹੇ ਸਨ। ਐਨ ਮੌਕੇ 'ਤੇ ਰਣਦੀਪ ਸੁਰਜੇਵਾਲਾ ਨੂੰ ਟਿਕਟ ਦਿੱਤੀ ਗਈ। ਸਿਆਸਤ ਦੇ ਜਾਣਕਾਰ ਰਣਦੀਪ ਨੂੰ ਟਿਕਟ ਦੇਣ ਦੇ ਪਿੱਛੇ ਪੰਜ ਵੱਡੇ ਕਾਰਨ ਮੰਨਦੇ ਹਨ।


ਪਹਿਲਾ ਕਾਰਨ- ਧੜੇਬੰਦੀ ਰੋਕਣਾ

ਹਰਿਆਣਾ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਡਾ. ਅਸ਼ੋਕ ਤੰਵਰ, ਰਣਦੀਪ ਸਿੰਘ ਸੁਰਜੇਵਾਲਾ, ਕਾਂਗਰਸ ਵਿਧਾਇਕ ਦਲ ਦੇ ਨੇਤਾ ਕਿਰਨ ਚੌਧਰੀ ਅਤੇਕੁਲਦੀਪ ਬਿਸ਼ਨੋਈ ਦੇ ਅਲੱਗ-ਅਲੱਗ ਗੁੱਟ ਹਨ। ਇਨ੍ਹਾਂ 'ਚੋਂ ਕਿਸੇ ਵੀ ਗੁੱਟ ਦੇ ਹਮਾਇਤੀ ਨੇਤਾ ਨੂੰ ਟਿਕਟ ਮਿਲਦਾ ਤਾਂ ਇਹ ਸਾਰੇ ਨੇਤਾ ਕਦੇ ਇਕਜੁੱਟ ਨਾ ਹੁੰਦੇ। ਸੁਰਜੇਵਾਲਾ ਜਦੋਂ ਨਾਮਜ਼ਦਗੀ ਕਰਨ ਪਹੁੰਚੇ ਤਾਂ ਸਾਰੇ ਨੇਤਾ ਇਕ ਮੰਚ 'ਤੇ ਆ ਗਏ। ਇੱਥੋਂ ਤਕ ਕਿ ਨਾਮਜ਼ਦਗੀ ਕਰਨ ਵੀ ਪਹੁੰਚੇ। ਕਾਂਗਰਸ ਹਾਈ ਕਮਾਨ ਇਸਤਰ੍ਹਾਂ ਦਾ ਕੋਈ ਰਸਤਾ ਲੱਭ ਰਹੀ ਸੀ ਕਿ ਹਰਿਆਣਾ ਕਾਂਗਰਸ ਦੇ ਸਾਰੇ ਨੇਤਾ ਇਕ ਮੰਚ 'ਤੇ ਆਏ ਅਤੇ ਇਹ ਉਸਨੂੰ ਸੁਰਜੇਵਾਲਾ ਦੀ ਉਮੀਦਵਾਰੀ ਤੋਂ ਹੁੰਦਾ ਨਜ਼ਰ ਆਇਆ।


ਦੂਜਾ ਕਾਰਨ- ਭਾਜਪਾ ਨੂੰ ਰੋਕਣ ਦੀ ਉਮੀਦ

ਭਾਰਤੀ ਜਨਤਾ ਪਾਰਟੀ ਨੇ ਨਗਰ ਨਿਗਮ ਦੇ ਮੇਅਰ ਚੋਣਾਂ 'ਚ ਜ਼ਬਰਦਸ ਜਿੱਤ ਹਾਸਲ ਕੀਤੀ ਹੈ। ਭਾਜਪਾ ਹੁਣ ਜੀਂਦ ਜ਼ਿੰਮੀ ਚੋਣ 'ਚ ਜਿੱਤ ਦੇ ਪ੍ਰਤੀ ਪੂਰੀ ਤਰ੍ਹਾਂ ਆਸਵੰਦ ਹਨ। ਇਸ ਜ਼ਿਮਨੀ ਚੋਣ 'ਚ ਜਿੱਤ ਦਾ ਅਸਰ ਅਗਲੀਆਂ ਲੋਕਸਭਾ ਅਤੇ ਵਿਧਾਨ ਸਭਾ ਚੋਣਾਂ 'ਤੇ ਵੀ ਪਵੇਗਾ। ਇਸ ਲਈ ਕਾਂਗਰਸ ਨੇ ਭਾਜਪਾ ਦਾ ਮੁਕਾਬਲਾ ਕਰਨ ਲਈ ਰਣਦੀਪ ਸੁਰਜੇਵਾਲਾ ਵਰਗੇ ਦਿੱਗਜ ਨੂੰ ਮੈਦਾਨ ਵਿਚ ਉਤਾਰਿਆ। ਉਸਨੂੰ ਲੱਗਾ ਕਿ ਰਣਦੀਪ ਵਰਗੇ ਨੇਤਾ ਦੇ ਸਹਾਰੇ ਉਹ ਇਹ ਜ਼ਿਮਨੀ ਚੋਣ ਜਿੱਤ ਲਵੇਗੀ ਅਤੇ ਕਾਂਗਰਸ ਲਈ ਇਸ ਨਾਲ ਹਰਿਆਣਾ 'ਚ ਇਕ ਮਾਹੌਲ ਬਣੇਗਾ।


ਤੀਜਾ ਕਾਰਨ- ਚੌਟਾਲਾ ਪਰਿਵਾਰ ਨਾਲ ਮੁਕਾਬਲਾ

ਇਨੈਲੋ ਤੋਂ ਅਲੱਗ ਹੋਣ ਦੇ ਬਾਅਦ ਅਜੈ ਚੌਟਾਲਾ ਅਤੇ ਦੁਸ਼ਿਅੰਤ ਚੌਟਾਲਾ ਨੇ ਜੀਂਦ ਨੂੰ ਹੀ ਆਪਣੀ ਕਰਮਭੂਮੀ ਐਲਾਨਿਆ ਹੈ। ਸੰਸਦ ਮੈਂਬਰ ਦੁਸ਼ਿਅੰਤ ਚੌਟਾਲਾ ਦਾਅਵਾ ਕਰਦੇ ਹਨ ਕਿ ਨੌ ਮਹੀਨੇ ਬਾਅਦ ਜੀਂਦ ਤੋਂ ਹੀ ਪ੍ਰਦੇਸ਼ ਦੀ ਸਰਕਾਰ ਚੱਲੇਗੀ। ਇਸ ਲਈ ਚੌਟਾਲਾ ਪਰਿਵਾਰ ਨੂੰ ਟੱਕਰ ਦੇਣ ਲਈ ਵੀ ਕਾਂਗਰਸ 'ਚ ਸੁਰਜੇਵਾਲਾ ਨੂੰ ਛੱਡ ਕੇ ਦੂਜਾ ਕੋਈ ਨੇਤਾ ਨਜ਼ਰ ਨਹੀਂ ਆਇਆ। ਇਸ ਤੋਂ ਪਹਿਲਾਂ ਵੀ ਸੁਰਜੇਵਾਲਾ ਅਤੇ ਓਮ ਪ੍ਰਕਾਸ਼ ਚੌਟਾਲਾ ਦੀ ਚੋਣ ਜੰਗ ਬਹੁਤ ਚਰਚਿਤ ਰਹੀ ਸੀ।


ਚੌਥਾ ਕਾਰਨ- ਜਾਟ ਕਾਰਡ ਖੇਡਣਾ

ਭਾਜਪਾ ਨੇ ਜ਼ਿਮਨੀ ਚੋਣ ਵਿਚ ਸਭ ਤੋਂ ਪਹਿਲਾਂ ਪੰਜਾਬੀ ਕਾਰਡ ਖੇਡਦੇ ਹੋਏ ਕ੍ਰਿਸ਼ਨ ਮਿੱਡਾ ਨੂੰ ਮੈਦਾਨ ਵਿਚ ਉਤਾਰ ਦਿੱਤਾ ਸੀ। ਪਹਿਲਾਂ ਗੈਰ ਜਾਟ ਉਮੀਦਵਾਰ ਨੂੰ ਮੈਦਾਨ ਵਿਚ ਉਤਾਰਣ ਦਾ ਮਨ ਬਣਾ ਰਹੀ ਕਾਂਗਰਸ ਨੂੰ ਆਪਣੀ ਰਣਨੀਤੀ 'ਚ ਬਦਲਾਅ ਕਰਨਾ ਪਿਆ। ਇਸਦੇ ਬਾਅਦ ਪਾਰਟੀ ਨੇ ਜਾਟ ਨੇਤਾ ਨੂੰ ਟਿਕਟ ਦੇਣ ਦਾ ਫੈਸਲਾ ਕੀਤਾ। ਆਜ਼ਾਦ ਵਿਧਾਇਕ ਜੈਪ੍ਰਕਾਸ਼ ਜੇਪੀ ਦੇ ਬੇਟੇ ਵਿਕਾਸ ਸਹਾਰਨ ਨੂੰ ਮੈਦਾਨ ਵਿਚ ਉਤਾਰਣ 'ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਡਾ. ਅਸ਼ੋਕ ਤੰਵਰ ਦੀ ਸਹਿਮਤੀ ਨਾ ਹੋਣ ਦੇ ਕਾਰਨ ਰਾਹੁਲ ਗਾਂਧੀ ਨੇ ਸੁਰਜੇਵਾਲਾ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਸੁਣਾ ਦਿੱਤਾ।


ਪੰਜਵਾਂ ਕਾਰਨ - ਕਾਂਗਰਸ ਦੀ ਹੋਂਦ ਬਚਾਉਣ ਦੀ ਕੋਸ਼ਿਸ਼

ਜੀਂਦ 'ਚ 2005 ਦੇ ਬਾਅਦ ਕਾਂਗਰਸ ਦੀ ਹੋਂਦ ਹੀ ਖਤਰੇ ਵਿਚ ਸੀ। 2009 ਅਤੇ 2014 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਬੁਰੀ ਤਰ੍ਹਾਂ ਹਾਰੀ ਸੀ। 2014 'ਚ ਤਾਂ ਕਾਂਗਰਸੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਸ ਲਈ ਕਾਂਗਰਸ ਨੂੰ ਘੱਟ ਤੋਂ ਘੱਟ ਇੱਥੇ ਆਪਣੀ ਪਕੜ ਤਾਂ ਮਜ਼ਬੂਤ ਕਰਨੀ ਹੀ ਹੈ। ਕਮਜ਼ੋਰ ਉਮੀਦਵਾਰ ਦੇ ਕਾਰਨ ਸੂਬੇ ਦੀ ਸਿਆਸੀ ਰਾਜਧਾਨੀ ਜੀਂਦ ਤੋਂ ਪੂਰੇ ਸੂਬੇ 'ਚ ਬਹੁਤ ਵੱਡਾ ਨਕਾਰਾਤਮਕ ਸੰਦੇਸ਼ ਜਾਂਦਾ।

Posted By: Seema Anand