ਜੇਐੱਨਐੱਨ, ਨਵੀਂ ਦਿੱਲੀ : 11 ਕਰੋੜ ਤੋਂ ਜ਼ਿਆਦਾ ਪੀਐੱਨਬੀ ਘੁਟਾਲੇ ਦੇ ਭਗੌੜੇ ਦੋਸ਼ੀ ਤੇ ਹੀਰਾ ਕਾਰੋਬਾਰੀ ਨੀਰਵ ਮੋਦੀ 'ਤੇ ਇਕ ਵਾਰ ਫਿਰ ਸਿਆਸਤ ਗਰਮ ਹੋ ਗਈ ਹੈ। ਇਸ ਮਾਮਲੇ 'ਚ ਕੇਂਦਰੀ ਮੰਤਰੀ ਰਵਿਸ਼ੰਕਰ ਨੇ ਚਾਰ ਵਾਰ ਸਿਲਸਿਲੇਵਾਰ ਚਾਰ ਟਵੀਟ ਕਰ ਕੇ ਦੋਸ਼ ਲਾਇਆ ਹੈ ਕਿ ਕਾਂਗਰਸ ਨੀਰਵ ਮੋਦੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਆਪਣੇ ਟਵੀਟ 'ਤੇ ਦੋਸ਼ ਲਾਇਆ ਹੈ ਕਿ ਕਾਂਗਰਸ ਦੇ ਇਕ ਆਗੂ ਨੇ ਨੀਰਵ ਮੋਦੀ ਵੱਲੋਂ ਕੋਰਟ 'ਚ ਗਵਾਹੀ ਦਿੱਤੀ ਹੈ ਉਨ੍ਹਾਂ ਕਿਹਾ ਕਿ ਮੋਦੀ ਖ਼ਿਲਾਫ਼ ਹਵਾਲਗੀ ਦੀ ਕਾਰਵਾਈ 'ਚ ਇਕ ਆਗੂ ਤੇ ਉੱਚ ਅਦਾਲਤ ਦੇ ਸਾਬਕਾ ਜੱਜ ਬਚਾਅ ਪੱਖ ਦੇ ਗਵਾਹ ਦੇ ਤੌਰ 'ਤੇ ਪੇਸ਼ ਹੋਏ ਹਨ। ਉਨ੍ਹਾਂ ਨੇ ਟਵੀਟ ਰਾਹੀਂ ਕਾਂਗਰਸ ਨੂੰ ਪੁੱਛਿਆ ਹੈ ਕਿ ਕਾਂਗਰਸ ਨੀਰਵ ਮੋਦੀ ਨੂੰ ਕਿਉਂ ਬਚਾਉਣਾ ਚਾਹੁੰਦੀ ਹੈ? ਉਨ੍ਹਾਂ ਟਵੀਟ ਰਾਹੀਂ ਕਾਂਗਰਸ ਦੇ ਇਸ ਯਤਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰ ਇਨ੍ਹਾਂ 'ਚ ਕਾਂਗਰਸ ਨੂੰ ਸਫਲ ਨਹੀਂ ਹੋਣ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਜਦੋਂ ਨਰਿੰਦਰ ਮੋਦੀ ਸਰਕਾਰ ਨੇ ਨੀਰਵ ਮੋਦੀ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਾਂਗਰਸ ਦਾ ਇਕ ਮੈਂਬਰ ਤੇ ਸਾਬਕਾ ਜੱਜ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕਾਂਗਰਸ ਦੀ ਅਸਲੀਅਤ ਹੈ। ਰਵਿਸ਼ੰਕਰ ਪ੍ਰਸਾਦ ਨੇ ਆਪਣੇ ਇਕ ਟਵੀਟ 'ਚ ਕਿਹਾ ਹੈ ਕਿ ਅਭੈ ਥਿਪਸੇ ਜੋ ਇਕ ਜੱਜ ਹਨ, ਜਿਨ੍ਹਾਂ ਨੇ ਰਾਹੁਲ ਗਾਂਧੀ ਤੇ ਅਸ਼ੋਕ ਗਹਲੋਤ ਦੀ ਮੌਜੂਦਗੀ 'ਚ ਕਾਂਗਰਸ ਦੀ ਮੈਂਬਰਸ਼ਿਪ ਹਾਸਲ ਕੀਤੀ ਸੀ। ਉਨ੍ਹਾਂ ਮੁਤਾਬਕ ਥਿਪਸੇ ਨੀਰਵ ਮੋਦੀ ਮਾਮਲੇ ਬਤੌਰ ਐਕਸਪਰਟ ਗਵਾਹ ਪੇਸ਼ ਹੋਏ ਹਨ। ਥਿਪਸੇ ਨੇ ਲੰਦਨ ਦੀ ਕੋਰਟ 'ਚ ਕਿਹਾ ਹੈ ਕਿ ਨੀਰਵ ਮੋਦੀ ਖ਼ਿਲਾਫ਼ ਕੋਈ ਕੇਸ ਨਹੀਂ ਹੈ। ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਨੇ ਰਿਟਾਇਰਮੈਂਟ ਤੋਂ ਮਹਿਜ ਦਸ ਮਹੀਨੇ ਪਹਿਲਾਂ ਉਨ੍ਹਾਂ ਦਾ ਟਰਾਂਸਫਰ ਪ੍ਰਸ਼ਾਸਨਿਕ ਆਧਾਰ 'ਤੇ ਮੁੰਬਈ ਤੋਂ ਇਲਾਹਾਬਾਦ ਕੀਤਾ ਸੀ। ਜ਼ਿਕਰਯੋਗ ਹੈ ਕਿ ਪੀਐੱਨਬੀ ਨੇ 11500 ਕਰੋੜ ਰੁਪਏ ਦੇ ਘੁਟਾਲੇ ਦੇ ਮਾਮਲੇ 'ਚ ਅਰਬਪਤੀ ਹੀਰੋ ਕਾਰੋਬਾਰੀ ਨੀਰਵ ਮੋਦੀ ਤੇ ਗਹਿਣੇ ਬਣਾਉਣ ਵਾਲੀ ਕੰਪਨੀ ਖ਼ਿਲਾਫ਼ ਸੀਪੀਆਈ 'ਚ ਸ਼ਿਕਾਇਤ ਦਰਜ ਕਰਵਾਈ ਹੈ। ਸੀਬੀਆਈ ਦੀ ਗ੍ਰਿਫ਼ਤ 'ਚ ਆਉਣ ਤੋਂ ਪਹਿਲਾਂ ਹੀ ਨੀਰਵ ਮੋਦੀ ਦੇਸ਼ ਛੱਡ ਕੇ ਭੱਜ ਚੁੱਕਿਆ ਸੀ। ਉਹ ਫਿਲਹਾਲ ਲੰਦਨ 'ਚ ਹੈ ਤੇ ਭਾਰਤ ਨੇ ਉਸ ਦੀ ਹਵਾਲਗੀ ਨੂੰ ਲੈ ਕੇ ਉਥੋਂ ਦੀ ਕੋਰਟ 'ਚ ਅਪੀਲ ਕੀਤੀ ਹੋਈ ਹੈ।

Posted By: Susheel Khanna