ਨਵੀਂ ਦਿੱਲੀ (ਏਜੰਸੀ) : ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵਿਅਕਤੀ ਕਾਰਨ ਜਾਂ ਕਿਸੇ ਅਹੁਦੇ ਲਈ ਕਾਂਗਰਸ ਨਹੀਂ ਛੱਡੀ, ਬਲਕਿ ਪਾਰਟੀ ਤੇ ਉੱਤਰ ਪ੍ਰਦੇਸ਼ ਦੇ ਲੋਕਾਂ ਵਿਚਕਾਰ ਰਾਬਤਾ ਟੁੱਟ ਜਾਣ ਕਾਰਨ ਇਹ ਫ਼ੈਸਲਾ ਲਿਆ।

ਪ੍ਰਸਾਦ ਨੇ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ 'ਚ ਕੇਂਦਰੀ ਮੰਤਰੀ ਦੇ ਤੌਰ 'ਤੇ ਕੰਮ ਕੀਤਾ ਹੈ ਤੇ ਉਨ੍ਹਾਂ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਪਾਰਟੀ ਨਾਲ ਜੁੜਿਆ ਰਿਹਾ ਹੈ। ਪ੍ਰਸ਼ਾਦ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਇਸ ਨੂੰ ਦੇਸ਼ ਦੀ ਇੱਕੋ ਇਕ ਸੱਚੀ ਰਾਸ਼ਟਰੀ ਪਾਰਟੀ ਕਰਾਰ ਦਿੱਤਾ।

ਪ੍ਰਸਾਦ ਕਾਂਗਰਸ ਦੇ ਉਨ੍ਹਾਂ 23 ਨੇਤਾਵਾਂ 'ਚ ਸ਼ਾਮਲ ਸਨ, ਜਿਨ੍ਹਾਂ ਨੇ ਪਿਛਲੇ ਸਾਲ ਅਕਤੂਬਰ 'ਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਜਥੇਬੰਦਕ ਬਦਲਾਅ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਪਾਰਟੀ ਛੱਡਣ ਲਈ ਕਿਸੇ ਵੀ ਵਿਅਕਤੀ ਨੂੰ ਦੋਸ਼ ਨਹੀਂ ਦਿੱਤਾ।

ਉਨ੍ਹਾਂ ਨੇ ਇਕ ਵਿਸ਼ੇਸ਼ ਭੇਂਟ 'ਚ ਕਿਹਾ, ਮੈਂ ਕਾਂਗਰਸ ਕਿਸੇ ਵਿਅਕਤੀ ਕਾਰਨ ਜਾਂ ਕਿਸੇ ਅਹੁਦੇ ਲਈ ਨਹੀਂ ਛੱਡੀ। ਮੇਰੇ ਕਾਂਗਰਸ ਛੱਡਣ ਦਾ ਕਾਰਨ ਇਹ ਸੀ ਕਿ ਪਾਰਟੀ ਤੇ ਲੋਕਾਂ ਵਿਚਕਾਰ ਸੰਪਰਕ ਟੁੱਟ ਗਿਆ ਸੀ। ਇਹੀ ਕਾਰਨ ਹੈ ਕਿ ਉੱਤਰ ਪ੍ਰਦੇਸ਼ 'ਚ ਇਸ ਦਾ ਵੋਟ ਫ਼ੀਸਦ ਘੱਟ ਹੋ ਰਿਹਾ ਹੈ ਤੇ ਪਾਰਟੀ ਫਿਰ ਤੋਂ ਪੱਟੜੀ 'ਤੇ ਲਿਆਉਣ ਲਈ ਕੋਈ ਯੋਜਨਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਭਾਜਪਾ 'ਚ ਸ਼ਾਮਲ ਹੋਣ ਦਾ ਉਨ੍ਹਾਂ ਦਾ ਫ਼ੈਸਲਾ ਚਰਚਾ ਤੇ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਲੋਕਾਂ, ਆਪਣੇ ਸੂਬੇ ਤੇ ਰਾਸ਼ਟਰ ਦੀ ਸੇਵਾ ਕਰਨਾ ਚਾਹੁੰਦੇ ਹਨ। ਕਾਂਗਰਸ 'ਚ ਰਹਿੰਦੇ ਹੋਏ ਉਹ ਆਪਣੇ ਲੋਕਾਂ ਦੇ ਹਿੱਤਾਂ ਦੀ ਰੱਖਿਆ ਨਹੀਂ ਕਰ ਸਕੇ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ 'ਚ ਇੱਕੋ ਇਕ ਜਥੇਬੰਦਕ ਰਾਸ਼ਟਰੀ ਪਾਰਟੀ ਹੈ।

ਜ਼ਿਕਰਯੋਗ ਹੈ ਕਿ ਸੋਨੀਆ ਗਾਂਧੀ ਨੂੰ ਪੱਤ ਲਿਖਣ ਵਾਲੇ 23 ਨੇਤਾਵਾਂ ਦੇ ਸਮੂਹ 'ਚ ਸ਼ਾਮਲ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਜਿਤਿਨ ਪ੍ਰਸਾਦ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਭਾਜਪਾ 'ਚ ਜਾਣਾ 'ਪ੍ਰਸਾਦ ਦੀ ਸਿਆਸਤ' ਦਾ ਨਿੱਜੀ ਲਾਭ ਹੈ।