ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਤਹਿਤ ਦਿੱਲੀ ਦੀਆਂ ਸੱਤਾਂ ਸੀਟਾਂ 'ਤੇ 12 ਮਈ ਨੂੰ ਮਤਦਾਨ ਹੋਵੇਗਾ। ਇਸ ਦੇ ਲਈ 16 ਅਪ੍ਰੈਲ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜੋ 23 ਅਪ੍ਰੈਲ ਤਕ ਚੱਲੇਗੀ। ਇਸੇ ਦੌਰਾਨ ਆਮ ਆਦਮੀ ਪਾਰਟੀ ਨਾਲ ਗਠਜੋੜ 'ਤੇ ਰੇੜਕੇ ਦੌਰਾਨ ਕਾਂਗਰਸ ਨੇ ਦਿੱਲੀ ਦੇ ਸੱਤ ਉਮੀਦਵਾਰ ਤੈਅ ਕਰ ਦਿੱਤੇ ਹਨ। ਉਮੀਦਵਾਰਾਂ ਦੇ ਨਾਂ 'ਤੇ ਪਾਰਟੀ ਆਲ੍ਹਾਕਮਾਨ ਨੇ ਵੀ ਮੋਹਰ ਲਗਾ ਦਿੱਤੀ ਹੈ। ਕੋਈ ਸੈਲੀਬ੍ਰਿਟੀ ਉਮੀਦਵਾਰ ਨਹੀਂ ਹੋਵੇਗਾ। ਸਾਰੀਆਂ ਸੀਟਾਂ ਤੋਂ ਪਾਰਟੀ ਦੇ ਸੀਨੀਅਰ ਆਗੂ ਚੋਣ ਲੜਨਗੇ। ਸ਼ੁੱਕਰਵਾਰ ਨੂੰ ਸਾਰੇ ਨਾਵਾਂ ਦਾ ਐਲਾਨ ਕੀਤੇ ਜਾਣ ਦੇ ਜ਼ਬਰਦਸਤ ਆਸਾਰ ਹਨ।

ਚਾਰ ਸੀਟਾਂ ਦੇ ਉਮੀਦਵਾਰ ਤਾਂ ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ 'ਚ 11 ਅਪ੍ਰੈਲ ਨੂੰ ਹੀ ਤੈਅ ਹੋ ਗਏ ਸਨ। ਇਨ੍ਹਾਂ ਵਿਚ ਨਵੀਂ ਦਿੱਲੀ ਤੋਂ ਅਜੈ ਮਾਕਨ, ਚਾਂਦਨੀ ਚੌਕ ਤੋਂ ਕਪਿਲ ਸਿੱਬਲ, ਉੱਤਰ-ਪੂਰਬੀ ਦਿੱਲੀ ਤੋਂ ਜੈਪ੍ਰਕਾਸ਼ ਅਗਰਵਾਲ ਅਤੇ ਉੱਤਰ-ਪੱਛਮੀ ਦਿੱਲੀ ਤੋਂ ਰਾਜਕੁਮਾਰ ਚੌਹਾਨ ਦੇ ਨਾਂ 'ਤੇ ਮੋਹਰ ਲਗਾਈ ਗਈ ਸੀ। ਤਿੰਨ ਸੀਟਾਂ 'ਤੇ ਫ਼ੈਸਲਾ ਇਸ ਬੈਠਕ 'ਚ ਨਹੀਂ ਹੋ ਸਕਿਆ ਸੀ। ਕਾਂਗਰਸ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸੂਬਾ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਤੇ ਓਲੰਪੀਅਨ ਸੁਸ਼ੀਲ ਕੁਮਾਰ ਦੇ ਨਾਂ ਪੇਸ਼ ਕੀਤੇ ਜਦਕਿ ਇਕ ਉਮੀਦਵਾਰ ਦੇ ਨਾਂ 'ਤੇ ਇਤਰਾਜ਼ ਹੋ ਗਿਆ ਸੀ। ਇਕ ਹਫ਼ਤੇ ਦੀ ਰੱਸਾਕਸ਼ੀ ਤੋਂ ਬਾਅਦ ਕਾਂਗਰਸ ਨੇ ਚੋਟੀ ਦੀਆਂ ਤਿੰਨ ਸੀਟਾਂ ਲਈ ਉਮੀਦਵਾਰ ਤੈਅ ਕਰ ਲਏ ਹਨ।

ਪੂਰਬੀ ਦਿੱਲੀ ਤੋਂ ਸ਼ੀਲਾ ਦੀਕਸ਼ਿਤ ਹੀ ਉਮੀਦਵਾਰ ਹੋਵੇਗੀ। ਇੱਥੋਂ ਦੋ ਸਾਬਕਾ ਸੰਸਦੀ ਮੈਂਬਰ ਸੰਦੀਪ ਦੀਕਸ਼ਿਤ ਦੇ ਨਾਂ ਨੂੰ ਆਲ੍ਹਾਕਮਾਨ ਨੇ ਖਾਰਜ ਕਰ ਦਿੱਤਾ ਹੈ। ਪੱਛਮੀ ਦਿੱਲੀ ਤੋਂ ਪਾਰਟੀ ਨੇ ਸਾਬਕਾ ਸੰਸਦੀ ਮੈਂਬਰ ਮਹਾਬਲ ਮਿਸ਼ਰਾ 'ਤੇ ਹੀ ਦਾਅ ਖੇਡਿਆ ਹੈ। ਇਸ ਤਰ੍ਹਾਂ ਕਿਸੇ ਸੈਲੀਬ੍ਰਿਟੀ ਖਿਡਾਰੀ ਨੂੰ ਲੜਾਉਣ ਦੀ ਚਰਚਾ ਦੌਰਾਨ ਦੱਖਣੀ ਦਿੱਲੀ ਤੋਂ ਵੀ ਪਾਰਟੀ ਸੰਸਦ ਮੈਂਬਰ ਰਮੇਸ਼ ਕੁਮਾਰ ਦੀ ਹੀ ਟਿਕਟ ਫਾਈਨਲ ਕਰ ਦਿੱਤੀ ਗਈ ਹੈ।

ਪੀਸੀ ਚਾਕੋ ਮੁਤਾਬਿਕ ਅਸੀਂ ਦਿੱਲੀ ਦੀਆਂ ਸੱਤਾਂ ਸੀਟਾਂ ਦੇ ਉਮੀਦਵਾਰ ਫਾਈਨਲ ਕਰ ਦਿੱਤੇ ਹਨ। ਸਾਰੀਆਂ ਸੀਟਾਂ ਤੋਂ ਪਾਰਟੀ ਦੇ ਸੀਨੀਆਰ ਆਗੂ ਹੀ ਚੋਣ ਲੜਨਗੇ। ਇਸ ਦਾ ਐਲਾਨ ਜਲਦ ਹੋਵੇਗਾ।

Posted By: Akash Deep