ਜਾਗਰਣ ਬਿਊਰੋ, ਨਵੀਂ ਦਿੱਲੀ : ਕਾਂਗਰਸ ਨੇ ਕੇਂਦਰ ਸਰਕਾਰ ਦੀ ਟੀਕਾਕਰਨ ਨੀਤੀ 'ਤੇ ਸਵਾਲ ਉਠਾਉਂਦੇ ਹੋਏ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਮੁਫ਼ਤ ਟੀਕਾ ਲਾਏ ਜਾਣ ਦੀ ਮੁੜ ਮੰਗ ਕੀਤੀ ਹੈ। ਪਾਰਟੀ ਨੇ ਕਿਹਾ ਕਿ ਕੋਰੋਨਾ ਸੰਕਟ ਨਾਲ ਲੋਕਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ ਤੇ ਅਜਿਹੇ 'ਚ ਕੇਂਦਰ ਸਰਕਾਰ ਨੂੰ 'ਆਫ਼ਤ 'ਚ ਮੌਕਾ' ਦੇ ਸੁਆਰਥ ਨੂੰ ਛੱਡ ਕੇ ਮੁਫ਼ਤ ਟੀਕਾਕਰਨ ਕਰਨਾ ਚਾਹੀਦਾ। ਸੂਬਿਆਂ 'ਤੇ ਟੀਕਾਕਰਨ ਦਾ ਬੋਝ ਲੱਦਣ ਦੀ ਬਜਾਏ ਕੇਂਦਰ ਨੂੰ ਇਸ ਦਾ ਪੂਰਾ ਖ਼ਰਚਾ ਝੱਲਣਾ ਚਾਹੀਦਾ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਨਰਿੰਦਰ ਮੋਦੀ ਲਈ ਇਹ ਲੀਡਰਸ਼ਿਪ ਦਿਖਾਉਣ ਦਾ ਵੇਲਾ ਹੈ ਤੇ ਵੈਕਸੀਨ ਦਾ ਇੰਤਜ਼ਾਮ ਕਰ ਕੇ ਸਾਰਿਆਂ ਨੂੰ ਮੁਫ਼ਤ ਲਾਉਣ ਦਾ ਪ੍ਰਬੰਧ ਕਰ ਕੇ ਅਜਿਹਾ ਕੀਤਾ ਜਾ ਸਕਦਾ ਹੈ।

ਇੰਟਰਨੈੱਟ ਮੀਡੀਆ 'ਤੇ ਕਾਂਗਰਸ ਦੀ ਮੁਹਿੰਮ ਦੀ ਅਗਵਾਈ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਸਿੱਧਾ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ, ਜਿਸ 'ਚ ਕਿਹਾ ਗਿਆ ਸੀ ਜੇ ਭਾਰਤ ਦੀ ਵੈਕਸੀਨ ਰਣਨੀਤੀ ਨਹੀਂ ਬਣਾਈ ਗਈ ਤਾਂ ਲੋਕ ਇਕ ਵਾਰ ਨਹੀਂ ਅਨੇਕਾਂ ਵਾਰ ਮਰਨਗੇ। ਕੋਰੋਨਾ ਦੀ ਲਹਿਰ ਵਾਰ-ਵਾਰ ਆਉਂਦੀ ਰਹੇਗੀ ਕਿਉਂਕਿ ਵਾਇਰਸ ਰੂਪ ਬਦਲ ਰਿਹਾ ਹੈ। ਆਪਣੇ ਨਾਗਰਿਕਾਂ ਨੂੰ ਵੈਕਸੀਨ ਦੇਣ ਦੀ ਬਜਾਏ ਵੈਕਸੀਨ ਕੂਟਨੀਤੀ ਤਹਿਤ ਉਸ ਨੂੰ ਵਿਦੇਸ਼ ਭੇਜਣ ਦੀ ਸਹੀ ਠਹਿਰਾਏ ਜਾਣ ਦੇ ਵਿਦੇਸ਼ ਮੰਤਰੀ ਦੇ ਰੁਖ਼ ਦੀ ਆਲੋਚਨਾ ਕਰਦਿਆਂ ਰਾਹੁਲ ਨੇ ਕਿਹਾ ਕਿ ਅੱਜ ਦੇ ਹਾਲਾਤ 'ਚ ਸਾਡੀ ਆਬਾਦੀ ਦੇ ਸਿਰਫ ਤਿੰਨ ਫ਼ੀਸਦੀ ਨੂੰ ਹੀ ਟੀਕਾ ਲੱਗਾ ਹੈ। 97 ਫ਼ੀਸਦੀ ਲੋਕਾਂ ਲਈ ਕੋਰੋਨਾ ਇਨਫੈਕਸ਼ਨ ਦਾ ਦਰਵਾਜ਼ਾ ਖੁੱਲ੍ਹਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਸਰਕਾਰ ਜਿਥੋਂ ਵੀ ਸੰਭਵ ਹੋਵੇ ਵੈਕਸੀਨ ਹਾਸਲ ਕਰੇ, ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰੇ ਤੇ ਬਹਾਨੇ ਬਣਾਉਣੇ ਬੰਦ ਕਰੇ।

ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਕੁਝ ਸੂਬਿਆਂ 'ਚ ਵੈਕਸੀਨ ਨਹੀਂ ਹੈ, ਕੁਝ ਸੂਬਿਆਂ ਕੋਲ ਪੈਸੇ ਨਹੀਂ ਹੈ। ਜਦੋਂ ਜੀਐੱਸਟੀ ਦੀ ਰਕਮ ਉਨ੍ਹਾਂ ਨੂੰ ਨਹੀਂ ਮਿਲੀ ਤਾਂ ਉਹ ਸੂਬੇ ਆਪਣੇ ਲੋਕਾਂ ਨੂੰ ਵੈਕਸੀਨ ਕਿਵੇਂ ਲਾਉਣਗੇ।

ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਦੇਸ਼ 'ਚ ਹਰੇਕ ਦਿਨ ਅੌਸਤਨ 19 ਲੱਖ ਲੋਕਾਂ ਨੂੰ ਵੈਕਸੀਨ ਲੱਗ ਰਹੀ ਹੈ। ਕੇਂਦਰ ਸਰਕਾਰ ਦੀ ਿਢੱਲ-ਮੱਠ ਨੇ ਵੈਕਸੀਨ ਵੰਡ ਨੂੰ ਅਧਵਾਟੇ ਛੱਡ ਦਿੱਤਾ ਹੈ। ਸਾਰੇ ਨਾਗਰਿਕਾਂ ਨੂੰ ਉਮੀਦ ਸੀ ਕਿ ਸਾਰਿਆਂ ਲਈ ਮੁਫ਼ਤ ਵੈਕਸੀਨ ਦੀ ਨੀਤੀ ਬਣੇਗੀ ਪਰ ਕੇਂਦਰ ਦੀ ਨੀਤੀ ਕਾਰਨ ਵੈਕਸੀਨ ਕੇਂਦਰਾਂ 'ਤੇ ਤਾਲੇ ਲੱਗ ਗਏ। ਇਕ ਦੇਸ਼ 'ਚ ਵੈਕਸੀਨ ਦੇ ਤਿੰਨ ਵੱਖੋ-ਵੱਖਰੇ ਰੇਟ ਹਨ ਤੇ ਸਿਰਫ 3.4 ਫ਼ੀਸਦੀ ਆਬਾਦੀ ਦਾ ਹੀ ਹਾਲੇ ਸੰਪੂਰਨ ਟੀਕਾਕਰਨ ਹੋ ਸਕਿਆ ਹੈ। ਵੈਕਸੀਨ ਨੀਤੀ ਦਿਸ਼ਾਹੀਣ ਹੀ ਨਹੀਂ ਬਲਕਿ ਕੇਂਦਰ ਸਰਕਾਰ ਨੇ ਇਸ ਦਾ ਭਾਰ ਵੀ ਸੂਬਿਆਂ 'ਤੇ ਲੱਦ ਦਿੱਤਾ ਹੈ।

ਰਾਜ ਸਭਾ 'ਚ ਆਗੂ ਵਿਰੋਧੀ ਧਿਰ ਮਲਿੱਕਾਰਜੁਨ ਖੜਗੇ ਨੇ ਕਿਹਾ ਕਿ ਟੀਕਾਕਰਨ ਦੀ ਮੌਜੂਦਾ ਰਫ਼ਤਾਰ ਨਾਲ ਪੂਰੀ ਆਬਾਦੀ ਦੇ ਟੀਕਾਕਰਨ 'ਚ ਕਈ ਸਾਲ ਲੱਗਣਗੇ ਤੇ ਇਸ ਲਈ ਅਸੀਂ ਇਸ ਦੀ ਰਫ਼ਤਾਰ ਵਧਾਏ ਜਾਣ ਦੀ ਮੰਗ ਕਰਦੇ ਹਾਂ। ਪਾਰਟੀ ਦੇ ਨਾਰਾਜ਼ ਆਗੂਆਂ ਦੀ ਅਗਵਾਈ ਕਰਨ ਵਾਲੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਕ ਵੈਕਸੀਨ ਹੀ ਹੈ ਜੋ ਪੂਰੀ ਦੁਨੀਆ ਤੇ ਭਾਰਤ ਨੂੰ ਕੋਰੋਨਾ ਤੋਂ ਬਚਾਅ ਸਕਦੀ ਹੈ। ਇਸ ਲਈ ਦੇਸ਼-ਵਾਸੀਆਂ ਨੂੰ ਇਹ ਮੁਫ਼ਤ 'ਚ ਦਿੱਤੀ ਜਾਣੀ ਚਾਹੀਦੀ।