ਜੇਐੱਨਐੱਨ, ਨਵੀਂ ਦਿੱਲੀ : ਮਹਾਰਾਸ਼ਟਰ, ਪੰਜਾਬ, ਕਰਨਾਟਕ, ਗੁਜਰਾਤ ਤੇ ਤਾਮਿਲਨਾਡੂ 'ਚ ਵੱਧਦੇ ਇਨਫੈਕਸ਼ਨ ਨੇ ਚਿੰਤਾ ਵਧਾ ਦਿੱਤੀ ਹੈ। 85 ਦਿਨਾਂ ਬਾਅਦ ਦੇਸ਼ 'ਚ ਜੋ 26 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ 78 ਫ਼ੀਸਦੀ ਤੋਂ ਜ਼ਿਆਦਾ ਇਨ੍ਹਾਂ ਸੂਬਿਆਂ 'ਚ ਪਾਏ ਗਏ ਹਨ। ਇਨ੍ਹਾਂ 'ਚ 63 ਫ਼ੀਸਦੀ ਤੋਂ ਜ਼ਿਆਦਾ ਮਾਮਲੇ ਇਕੱਲੇ ਮਹਾਰਾਸ਼ਟਰ 'ਚ ਹੀ ਮਿਲੇ ਹਨ। ਹਾਲਾਂਕਿ, ਇਨਫੈਕਸ਼ਨ ਮੁਕਤ ਹੋਣ ਵਾਲੇ ਮਰੀਜ਼ਾਂ ਦਾ ਅੰਕੜਾ ਵੀ ਇਕ ਕਰੋੜ 10 ਲੱਖ ਨੂੰ ਪਾਰ ਕਰ ਗਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਪੂਰੇ ਦੇਸ਼ 'ਚ 26,291 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 20 ਦਸੰਬਰ ਨੂੰ 26,624 ਕੇਸ ਪਾਏ ਗਏ ਸਨ। ਇਨ੍ਹਾਂ 'ਚ ਮਹਾਰਾਸ਼ਟਰ 'ਚ 16,620, ਕੇਰਲ 'ਚ 1,792 ਤੇ ਪੰਜਾਬ 'ਚ 1,492 ਮਾਮਲੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਤਾਮਿਲਨਾਡੂ, ਮੱਧ ਪ੍ਰਦੇਸ਼, ਦਿੱਲੀ, ਹਰਿਆਣਾ ਤੇ ਗੁਜਰਾਤ 'ਚ ਵੀ ਇਨਫੈਕਸ਼ਨ ਵੱਧ ਰਿਹਾ ਹੈ। ਕੇਰਲ 'ਚ ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਜ਼ਰੂਰ ਆਏ ਹਨ ਪਰ ਪਿਛਲੇ ਕੁਝ ਦਿਨਾਂ ਦੀ ਤੁਲਨਾ 'ਚ ਉਥੇ ਮਾਮਲੇ ਘੱਟ ਹੋ ਰਹੇ ਹਨ।

ਮੰਤਰਾਲੇ ਨੇ ਦੱਸਿਆ ਕਿ ਇਕ ਦਿਨ 'ਚ 118 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚ ਮਹਾਰਾਸ਼ਟਰ 'ਚ 50, ਪੰਜਾਬ 'ਚ 20 ਤੇ ਕੇਰਲ 'ਚ 15 ਮੌਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਦੇਸ਼ 'ਚ ਕੁਲ ਇਨਫੈਕਟਿਡਾਂ ਦਾ ਅੰਕੜਾ ਵਧ ਕੇ ਇਕ ਕਰੋੜ 13 ਲੱਖ 85 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਨ੍ਹਾਂ 'ਚ ਇਕ ਕਰੋੜ 10 ਲੱਖ ਸੱਤ ਹਜ਼ਾਰ ਤੋਂ ਜ਼ਿਆਦਾ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਤੇ 1,58,725 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਮਰੀਜ਼ਾਂ ਦੇ ਉਭਰਨ ਦੀ ਦਰ ਘਟ ਕੇ 96.68 ਫ਼ੀਸਦੀ 'ਤੇ ਆ ਗਈ ਹੈ ਤੇ ਮੌਤ ਦੀ ਦਰ 1.39 ਫ਼ੀਸਦੀ ਹੈ।

ਸਰਗਰਮ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੌਜੂਦਾ ਸਮੇਂ 'ਚ ਕੁਲ 2,19,262 ਸਰਗਰਮ ਮਾਮਲੇ ਹਨ, ਜੋ ਕੁਲ ਇਨਫੈਕਟਿਡਾਂ ਦਾ 1.93 ਫ਼ੀਸਦੀ ਹੈ। ਮਹਾਰਾਸ਼ਟਰ, ਕੇਰਲ ਤੇ ਪੰਜਾਬ 'ਚ ਹੀ 77 ਫ਼ੀਸਦੀ ਤੋਂ ਜ਼ਿਆਦਾ ਸਰਗਰਮ ਮਾਮਲੇ ਹਨ। ਇਨ੍ਹਾਂ ਵਿਚੋਂ ਇਕੱਲੇ ਮਹਾਰਾਸ਼ਟਰ 'ਚ 58 ਫ਼ੀਸਦੀ ਸਰਗਰਮ ਮਾਮਲੇ ਹਨ।

16 ਸੂਬਿਆਂ 'ਚ 24 ਘੰਟਿਆਂ 'ਚ ਕੋਈ ਮੌਤ ਨਹੀਂ

16 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਕਿਸੇ ਮਰੀਜ਼ ਦੀ ਜਾਨ ਨਹੀਂ ਗਈ ਹੈ। ਇਨ੍ਹਾਂ ਸੂਬਿਆਂ 'ਚ ਅਸਾਮ, ਚੰਡੀਗੜ੍ਹ, ਜੰਮੂ-ਕਸ਼ਮੀਰ, ਓਡੀਸ਼ਾ, ਝਾਰਖੰਡ, ਲਕਸ਼ਦੀਪ, ਸਿੱਕਮ, ਲੱਦਾਖ, ਮਨੀਪੁਰ, ਦਮਨ ਤੇ ਦੀਵ ਤੇ ਦਾਦਰਾ ਤੇ ਨਗਰ ਹਵੇਲੀ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਤਿ੍ਪੁਰਾ, ਅੰਡੇਮਾਨ ਨਿਕੋਬਾਰ ਦੀਪ ਸਮੂਹ ਤੇ ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ।

ਐਤਵਾਰ ਨੂੰ 7.03 ਲੱਖ ਟੈਸਟ

ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਮੁਤਾਬਕ ਕੋਰੋਨਾ ਇਨਫੈਕਸ਼ਨ ਦਾ ਪਤਾ ਲਾਉਣ ਲਈ ਪੂਰੇ ਦੇਸ਼ 'ਚ ਐਤਵਾਰ ਨੂੰ 7,03,772 ਨਮੂਨਿਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ਨੂੰ ਰਲਾ ਕੇ ਹੁਣ ਤਕ ਕੁਲ 22 ਕਰੋੜ 74 ਲੱਖ ਸੱਤ ਹਜ਼ਾਰ ਤੋਂ ਜ਼ਿਆਦਾ ਨਮੂਨਿਆਂ ਦੀ ਪ੍ਰਰੀਖਣ ਕੀਤਾ ਜਾ ਚੁੱਕਾ ਹੈ।

Posted By: Susheel Khanna