ਜਾਗਰਣ ਬਿਊਰੋ, ਨਵੀਂ ਦਿੱਲੀ : ਜਰਮਨੀ ਸਮੇਤ ਕਈ ਦੇਸ਼ਾਂ ਵੱਲੋਂ ਕਸ਼ਮੀਰ ਮਾਮਲਾ ਚੁੱਕੇ ਜਾਣ ਦੇ ਬਾਅਦ ਹੁਣ ਨਵੀਂ ਦਿੱਲੀ 'ਚ ਯੂਰਪੀ ਸੰਘ ਦੇ ਰਾਜਦੂਤ ਨੇ ਵੀ ਕਸ਼ਮੀਰ ਦੇ ਹਾਲਾਤ ਨੂੰ ਚਿੰਤਾਜਨਕ ਦੱਸਿਆ ਹੈ। ਉਨ੍ਹਾਂ ਨੇ ਉੱਥੇ ਛੇਤੀ ਤੋਂ ਛੇਤੀ ਸ਼ਾਂਤੀ ਬਹਾਲੀ ਦੀ ਉਮੀਦ ਪ੍ਰਗਟਾਈ ਹੈ।

ਯੂਰਪੀ ਸੰਘ ਦੇ ਨਵੇਂ ਰਾਜਦੂਤ ਯੂਗੋ ਅਸਤੁਤੋ ਨੇ ਆਪਣੇ ਪਹਿਲੇ ਪੱਤਰਕਾਰ ਸੰਮੇਲਨ 'ਚ ਭਾਰਤ ਤੇ ਪਾਕਿਸਾਤਨ ਨੂੰ ਆਪਣੇ ਰਿਸ਼ਤਿਆਂ 'ਚ ਤਣਾਅ ਖ਼ਤਮ ਕਰਨ ਲਈ ਗੱਲਬਾਤ ਦੇ ਰਸਤੇ 'ਤੇ ਛੇਤੀ ਪਰਤਣ ਦੀ ਵੀ ਗੱਲ ਕਹੀ ਹੈ। ਨਾਗਰਿਕਤਾ ਸੋਧ ਬਿੱਲ 'ਤੇ ਅਸਤੁਤੋ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਕਾਨੂੰਨ ਦੇ ਸਾਹਮਣੇ ਬਿਨਾਂ ਕਿਸੇ ਭੇਦਭਾਵ ਦੇ ਬਰਾਬਰੀ ਦੀ ਗਾਰੰਟੀ ਦਿੰਦਾ ਹੈ। ਮੈਨੂੰ ਉਮੀਦ ਹੈ ਕਿ ਬਰਾਬਰੀ ਦੇ ਇਸ ਸਿਧਾਂਤ ਨੂੰ ਬਰਕਰਾਰ ਰੱਖਿਆ ਜਾਵੇਗਾ।

ਅਸਤੁਤੋ ਨੇ ਕਿਹਾ ਕਿ ਅਸੀਂ ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਚਿੰਤਤ ਹਾਂ। ਇਹ ਜ਼ਰੂਰੀ ਹੈ ਕਿ ਉੱਥੇ ਹਾਲਾਤ ਸ਼ਾਂਤ ਹੋ ਜਾਣ ਤੇ ਲੋਕਾਂ ਨੂੰ ਘੁੰਮਣ ਫਿਰਨ ਦੀ ਆਜ਼ਾਦੀ ਹੋਵੇ। ਕਸ਼ਮੀਰ ਨੂੰ ਲੈ ਕੇ ਭਾਰਤ ਦੀ ਸੁਰੱਖਿਆ ਚਿੰਤਾਵਾਂ ਨੂੰ ਸਮਝਣ ਦੇ ਬਾਵਜੂਦ ਉੱਥੇ ਹਾਲਾਤ ਸ਼ਾਂਤ ਕਰਨਾ ਜ਼ਰੂਰੀ ਹੈ।

ਉਨ੍ਹਾਂ ਨੇ ਧਾਰਾ 370 ਹਟਣ ਤੋਂ ਬਾਅਦ ਕਸ਼ਮੀਰ ਦੇ ਹਾਲਾਤ 'ਚ ਆਏ ਬਦਲਾਅ ਤੇ ਖ਼ਾਸ ਤੌਰ 'ਤੇ ਸੰਚਾਰ ਤੇ ਲੋਕਾਂ ਦੇ ਆਜ਼ਾਦੀ ਨਾਲ ਘੁੰਮਣ ਫਿਰਨ 'ਤੇ ਲੱਗੀ ਪਾਬੰਦੀ 'ਤੇ ਆਪਣੀ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਤੋਂ ਜਾਣੂ ਵੀ ਕਰਾਇਆ ਗਿਆ ਹੈ।

ਹਾਲਾਂਕਿ ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਕਸ਼ਮੀਰ ਨੂੰ ਲੈਕੇ ਈਯੂ ਦੀ ਰਵਾਇਤੀ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ। ਵੈਸੇ ਉਨ੍ਹਾਂ ਨੇ ਸਰਹੱਦ ਪਾਰ ਤੋਂ ਅੱਤਵਾਦੀ ਘਟਨਾਵਾਂ ਨੂੰ ਮਿਲ ਰਹੇ ਉਤਸ਼ਾਹ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟਾਈ ਤੇ ਕਿਹਾ ਕਿ ਪਾਕਿਸਤਾਨ ਨੂੰ ਇਨ੍ਹਾਂ 'ਤੇ ਰੋਕ ਲਗਾਉਣੀ ਪਵੇਗੀ।