ਹੈਦਰਾਬਾਦ (ਪੀਟੀਆਈ) : ਕਾਂਗਰਸ ਦੇ ਸੀਨੀਅਰ ਆਗੂ ਵੀਰੱਪਾ ਮੋਇਲੀ ਨੇ ਵੀਰਵਾਰ ਨੂੰ ਕਿਹਾ ਕਿ ਭਾਜਪਾ ਨੂੰ 'ਸਾਂਝਾ ਦੁਸ਼ਮਣ' ਸਮਝਣ ਵਾਲੇ ਸਾਂਝੇ ਵਿਰੋਧੀ ਦਲਾਂ ਦੀ ਸਰਕਾਰ ਲੋਕ ਸਭਾ ਚੋਣਾਂ ਤੋਂ ਬਾਅਦ 'ਨਿਸ਼ਚਿਤ' ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਸੰਭਾਵਨਾਵਾਂ 'ਕਾਫ਼ੀ ਚੰਗੀਆਂ ਨਜ਼ਰ ਆ ਰਹੀਆਂ ਹਨ' ਜੋ ਖ਼ਾਸ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ 'ਪੈਰੋਕਾਰਾਂ' ਦੀਆਂ 'ਹਤਾਸ਼ਾ ਭਰੀਆਂ ਸਰਗਰਮੀਆਂ, ਮਨੋਭਾਵ ਤੇ ਬਿਆਨਾਂ' ਤੋਂ ਸਪਸ਼ਟ ਹਨ। ਲੋਕ ਸਭਾ ਚੋਣ ਮਗਰੋਂ ਕਾਂਗਰਸ ਨੂੰ ਕਿੰਨੀਆਂ ਸੀਟਾਂ ਆਉਣਗੀਆਂ, ਇਸ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਨੂੰ ਸਰਕਾਰ ਬਣਾਉਣ ਲਾਇਕ ਬਹੁਮਤ ਨਹੀਂ ਮਿਲੇਗਾ। ਉਨ੍ਹਾਂ ਕਿਹਾ, 'ਮੈਨੂੰ ਨਹੀਂ ਲਗਦਾ ਕਿ ਭਾਜਪਾ ਕੋਲ ਵਾਪਸੀ ਦਾ ਕੋਈ ਰਸਤਾ ਹੈ। ਟੀਆਰਐੱਸ, ਵਾਈਐੱਸਆਰਸੀਪੀ, ਸਪਾ, ਬਸਪਾ, ਬੀਜੇਡੀ ਤੇ ਤਿ੍ਣਮੂਲ ਕਾਂਗਰਸ ਜਿਹੇ ਖੇਤਰੀ ਦਲ ਜੋ ਨਾ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਦੇ ਨਾਲ ਹਨ ਨਾ ਹੀ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਦੇ ਪਾਲੇ 'ਚ। ਕੁਝ ਇਲਾਕਿਆਂ 'ਚ ਇਨ੍ਹਾਂ ਪਾਰਟੀਆਂ ਦੇ ਚੰਗਾ ਕਰਨ ਦੀ ਉਮੀਦ ਹੈ, ਅਜਿਹੇ 'ਚ ਇਨ੍ਹਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ, 'ਆਖ਼ਰ ਸਵਾਲ ਇਹ ਹੈ ਕਿ ਉਨ੍ਹਾਂ ਦਾ ਸਾਂਝਾ ਦੁਸ਼ਮਣ ਕੌਣ ਹੈ?' ਉਨ੍ਹਾਂ ਕਿਹਾ, 'ਕੁੱਲ ਮਿਲਾ ਕੇ ਵੇਖੀਏ, ਉਨ੍ਹਾਂ ਦੇ ਸਾਂਝੇ ਦੁਸ਼ਮਣ ਨਰਿੰਦਰ ਮੋਦੀ ਤੇ ਭਾਜਪਾ ਹਨ।' ਉਨ੍ਹਾਂ ਕਿਹਾ ਕਿ ਉਦਾਹਰਣ ਲਈ ਵਾਈਐੱਸਆਰ ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਉਸੇ ਦਲ ਦੀ ਹਮਾਇਤ ਕਰੇਗੀ ਜੋ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦੇ ਦਰਜੇ ਦਾ ਭਰੋਸਾ ਦੇਵੇਗਾ। ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ, 'ਇਹ ਚੀਜ਼ਾਂ ਹਨ ਜੋ ਐੱਨਡੀਏ ਦੇ ਘੇਰੇ ਨੂੰ ਸੀਮਿਤ ਕਰਨਗੀਆਂ।' ਮੋਇਲੀ ਨੇ ਕਿਹਾ, 'ਕਾਂਗਰਸ ਸਭ ਤੋਂ ਵੱਧ ਸੀਟਾਂ ਹਾਸਲ ਕਰਨ ਵਾਲੀ ਪਾਰਟੀ ਦੇ ਤੌਰ 'ਤੇ ਉੱਭਰੇਗੀ। ਆਖ਼ਰ ਮੋਦੀ ਉੱਥੇ ਨਹੀਂ ਹੋਣਗੇ, ਭਾਜਪਾ ਉੱਥੇ ਨਹੀਂ ਹੋਵੇਗੀ। ਸਾਂਝੀ ਵਿਰੋਧੀ ਧਿਰ ਹੀ ਸਰਕਾਰ ਬਣਾਏਗੀ।' ਇਸ ਦਰਮਿਆਨ ਸੀਨੀਅਰ ਖੱਬੇਪੱਖੀ ਆਗੂ ਤੇ ਸੀਪੀਆਈ ਦੇ ਜਨਰਲ ਸਕੱਤਰ ਸੁਰਾਵਰਮ ਸੁਧਾਕਰ ਰੈੱਡੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਸ਼ੱਕ ਹੈ ਕਿ 'ਨਿਰਪੱਖ' ਖੇਤਰੀ ਦਲਾਂ ਨੂੰ ਯੂਪੀਏ ਤੋਂ ਜ਼ਿਆਦਾ ਸੀਟਾਂ ਮਿਲਣਗੀਆਂ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਉਮੀਦ ਹੈ ਕਿ ਯੂਪੀਏ ਤੇ ਕੁਝ ਅਜਿਹੇ ਦਲ ਜੋ ਹਾਲੇ ਉਸ ਨਾਲ ਨਹੀਂ ਹਨ, ਚੋਣਾਂ ਤੋਂ ਬਾਅਦ ਨਾਲ ਆਉਣਗੇ, ਉਨ੍ਹਾਂ ਕਿਹਾ, 'ਬਹੁਤ ਸੰਭਾਵਨਾ ਹੈ।' ਉਨ੍ਹਾਂ ਕਿਹਾ, 'ਇਸ ਗੱਲ ਦੀ ਸੰਭਾਵਨਾ ਹੈ ਕਿ ਭਾਜਪਾ ਦੇ ਬਦਲ ਦੇ ਤੌਰ 'ਤੇ ਇਕ ਸਰਕਾਰ ਬਣੇ।'