ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੋਇੰਬਟੂਰ ਦੋਹਰੇ ਹੱਤਿਆ ਕਾਂਡ ਦੇ ਦੋਸ਼ੀ ਦੀ ਮੌਤ ਦੀ ਸਜ਼ਾ ਦੇ ਅਮਲ 'ਤੇ 16 ਅਕਤੂਬਰ ਤਕ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਜਬਰ ਜਨਾਹ ਤੇ ਦੋਹਰੇ ਹੱਤਿਆ ਕਾਂਡ ਦੇ ਇਸ ਅਪਰਾਧੀ ਦੀ ਸਜ਼ਾ 'ਤੇ ਪਿਛਲੇ ਮਹੀਨੇ ਮੋਹਰ ਲਾਈ ਸੀ ਤੇ 20 ਸਤੰਬਰ ਨੂੰ ਉਸ ਦੀ ਮੌਤ ਦੀ ਸਜ਼ਾ 'ਤੇ ਅਮਲ ਹੋਣਾ ਸੀ। ਜਸਟਿਸ ਆਰਐੱਫ ਨਰੀਮਨ, ਜਸਟਿਸ ਸੰਜੀਵ ਖੰਨਾ ਤੇ ਜਸਟਿਸ ਸੂਰਿਆਕਾਂਤ ਦੀ ਅਗਵਾਈ ਵਾਲੇ ਬੈਂਚ ਨੇ ਸੁਪਰੀਮ ਕੋਰਟ ਦੇ ਇਕ ਅਗਸਤ ਦੇ ਫ਼ੈਸਲੇ 'ਤੇ ਨਜ਼ਰਸਾਨੀ ਲਈ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਮਨੋਹਰਨ ਦੀ ਮੌਤ ਦੀ ਸਜ਼ਾ ਦੇ ਅਮਲ 'ਤੇ ਰੋਕ ਲਾਈ। ਮਨੋਹਰਨ ਦੀ ਵਕੀਲ ਨੇ ਦਲੀਲ ਦਿੱਤੀ ਕਿ ਉਹ ਇਸ ਮਾਮਲੇ 'ਚ ਬਹਿਸ ਕਰਨ ਤੋਂ ਪਹਿਲਾਂ ਹੇਠਲੀ ਅਦਾਲਤ ਵਿਚ ਰੱਖੇ ਮੁਕੱਦਮੇ ਦੇ ਰਿਕਾਰਡ ਦਾ ਨਿਰੀਖਣ ਕਰਨਾ ਚਾਹੁੰਦੀ ਹੈ। ਬੈਂਚ ਨੇ ਦੋਸ਼ੀ ਦੀ ਵਕੀਲ ਨੂੰ ਆਖ਼ਰੀ ਮੌਕਾ ਦਿੰਦਿਆਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ 16 ਅਕਤੂਬਰ ਨੂੰ ਬਹਿਸ ਕਰਨੀ ਪਵੇਗੀ ਕਿਉਂਕਿ ਇਹ ਮੌਤ ਦੀ ਸਜ਼ਾ ਨਾਲ ਸਬੰਧਿਤ ਮਾਮਲਾ ਹੈ। ਦੋਸ਼ੀ ਦੀ ਵਕੀਲ ਨੇ ਅਦਾਲਤ ਨੂੰ ਕਿਹਾ ਕਿ ਇਸ ਮਾਮਲੇ 'ਚ ਸੱਤ ਵਕੀਲ ਬਦਲੇ ਗਏ ਜਿਸ ਕਾਰਨ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਦੋਸ਼ੀ ਦਾ ਸਹੀ ਤਰੀਕੇ ਨਾਲ ਨੁਮਾਇੰਦਗੀ ਨਹੀਂ ਹੋਈ ਹੈ। ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਹੀ ਇਕ ਦੇ ਮੁਕਾਬਲੇ ਦੋ ਦੇ ਬਹੁਮਤ ਨਾਲ ਮਨੋਹਰਨ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ ਸੀ। ਮਨੋਹਰਨ ਨੂੰ ਇਕ ਨਾਬਾਲਿਗ ਬੱਚੀ ਨਾਲ ਜਬਰ ਜਨਾਹ ਕਰਨ ਤੇ ਉਸ ਦੀ ਤੇ ਉਸ ਦੇ ਛੋਟੇ ਭਰਾ ਦੀ ਹੱਤਿਆ ਕਰਨ ਦੇ ਦੋਸ਼ 'ਚ ਮੌਤ ਦੀ ਸਜ਼ਾ ਸੁਣਾਈ ਗਈ ਹੈ।

---------------------------------------------------------