ਨਵੀਂ ਦਿੱਲੀ (ਪੀਟੀਆਈ) : ਭਾਰਤੀ ਤੱਟ ਰੱਖਿਅਕ ਬਲ ਹੁਣ ਹੋਰ ਵੀ ਤਾਕਤਵਰ ਹੋ ਗਿਆ ਹੈ। ਤੱਟ ਰੱਖਿਅਕ ਕਾਨੂੰਨ ਤਹਿਤ ਹੁਣ ਉਹ ਦੇਸ਼ ਦੇ ਸਮੁੰਦਰੀ ਖੇਤਰ ਵਿਚ ਕਿਸੇ ਵੀ ਸ਼ੱਕੀ ਜਹਾਜ਼ ਦੀ ਤਲਾਸ਼ੀ ਅਤੇ ਜ਼ਬਤੀ ਅਤੇ ਮੁਲਜ਼ਮ ਦੀ ਗਿ੍ਫ਼ਤਾਰੀ ਕਰ ਸਕੇਗਾ। ਸਮੁੰਦਰੀ ਸੁਰੱਖਿਆ ਏਜੰਸੀ ਨੂੰ ਪਹਿਲਾਂ ਵਿਸ਼ੇਸ਼ ਆਰਥਿਕ ਖੇਤਰ (ਈਈਜ਼ੈੱਡ) ਤੋਂ ਗੁਜ਼ਰਨ ਵਾਲੇ ਕਿਸੇ ਵੀ ਜਹਾਜ਼ 'ਤੇ ਸਵਾਰ ਹੋਣ ਦੀ ਵੀ ਇਜਾਜ਼ਤ ਨਹੀਂ ਸੀ।

ਰੱਖਿਆ ਸਕੱਤਰ ਅਜੈ ਕੁਮਾਰ ਨੇ ਵੀਰਵਾਰ ਨੂੰ ਟਵੀਟ ਕੀਤਾ, 'ਭਾਰਤੀ ਤੱਟ ਰੱਖਿਅਕ ਨੂੰ ਮਜ਼ਬੂਤ ਬਣਾਉਂਦੇ ਹੋਏ ਤੱਟੀ ਸੁਰੱਖਿਆ ਵਧਾਈ ਗਈ ਹੈ।' ਰੱਖਿਆ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ, ਤੱਟ ਰੱਖਿਅਕ ਕਾਨੂੰਨ-1978 ਤਹਿਤ ਕੇਂਦਰ ਸਰਕਾਰ ਤੱਟ ਰੱਖਿਅਕ ਬਲ ਦੇ ਹਰ ਮੈਂਬਰ ਨੂੰ ਕਿਸੇ ਵੀ ਸ਼ੱਕੀ ਜਹਾਜ਼ 'ਤੇ ਜਾਣ, ਉਸ 'ਤੇ ਸਵਾਰ ਹੋਣ, ਉਸ ਦੀ ਤਲਾਸ਼ੀ ਲੈਣ ਅਤੇ ਉਸ ਨੂੰ ਜ਼ਬਤ ਕਰਨ ਜਾਂ ਕਿਸੇ ਵੀ ਵਿਅਕਤੀ ਨੂੰ ਗਿ੍ਫ਼ਤਾਰ ਕਰਨ ਦਾ ਅਧਿਕਾਰ ਦਿੰਦੀ ਹੈ। ਤੱਟ ਰੱਖਿਅਕ ਬਲ ਦੇ ਜਵਾਨ ਅਜਿਹੇ ਕਿਸੇ ਵੀ ਬਨਾਉਟੀ ਟਾਪੂ ਅਤੇ ਤੈਰਦੀ ਚੀਜ਼ ਜਾਂ ਜਲ ਦੇ ਹੇਠਾਂ ਕਿਸੇ ਵੀ ਚੀਜ਼ ਨੂੰ ਜ਼ਬਤ ਕਰ ਸਕਣਗੇ, ਜਿਨ੍ਹਾਂ ਦੇ ਕਿਸੇ ਅਪਰਾਧ ਵਿਚ ਸ਼ਾਮਲ ਹੋਣ ਦਾ ਸ਼ੱਕ ਹੋਵੇ।

ਇਸ ਤੋਂ ਪਹਿਲਾਂ ਤੱਟ ਰੱਖਿਅਕ ਬਲ ਈਈਜ਼ੈੱਡ ਵਿਚ ਜਹਾਜ਼ਾਂ 'ਤੇ ਸਵਾਰ ਹੋਣ ਜਾਂ ਉਨ੍ਹਾਂ ਨੂੰ ਜ਼ਬਤ ਕਰਨ ਲਈ ਕਸਟਮ ਡਿਊਟੀ ਕਾਨੂੰਨ, ਐੱਨਡੀਪੀਐੱਸ ਕਾਨੂੰਨ ਅਤੇ ਹੋਰ ਕਾਨੂੰਨਾਂ ਦਾ ਇਸਤੇਮਾਲ ਕਰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਨੂੰ ਜ਼ਰੂਰੀ ਕਾਨੂੰਨੀ ਸਮਰਥਨ ਨਹੀਂ ਪ੍ਰਾਪਤ ਸੀ ਅਤੇ ਕਈ ਮਾਮਲੇ ਕੋਰਟ ਵਿਚ ਹੀ ਡਿੱਗ ਜਾਂਦੇ ਸਨ। ਜਹਾਜ਼ ਕੰਪਨੀਆਂ ਦੇ ਕੋਲ ਕਾਨੂੰਨ ਤੋਂ ਬਚਣ ਦੇ ਕਈ ਰਸਤੇ ਸਨ। ਉਹ ਬਿਨਾਂ ਕਿਸੇ ਅਧਿਕਾਰ ਦੇ ਜਹਾਜ਼ ਨੂੰ ਰੋਕਣ 'ਤੇ ਤੱਟ ਰੱਖਿਅਕ ਬਲ ਖ਼ਿਲਾਫ਼ ਮਾਮਲਾ ਦਰਜ ਕਰਵਾ ਸਕਦੀ ਸੀ।