ਕੋਲਕਾਤਾ, ਏਜੰਸੀ : PM Modi In Kolkata:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ 'ਚ ਸ਼ਨਿਚਰਵਾਰ ਸ਼ਾਮ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਪੀਐੱਮ ਕੋਲਕਾਤਾ ਪੋਰਟ ਟਰੱਸਟ ਦੇ 150ਵੇਂ ਸਾਲਾਨਾ ਸਮਾਰੋਹ 'ਚ ਹਿੱਸਾ ਲੈਣ ਲਈ ਇੱਥੇ ਆਏ ਹੋਏ ਹਨ। ਰਾਜਭਵਨ 'ਚ ਪੀਐੱਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਪੀਐੱਮ ਨੂੰ ਕਿਹਾ ਕਿ ਅਸੀਂ ਸੀਏਏ, ਐੱਨਆਰਸੀ ਅਤੇ ਐੱਨਪੀਆਰ ਦੇ ਖ਼ਿਲਾਫ਼ ਹਾਂ। ਮੈਂ ਪੀਐੱਮ ਨੂੰ ਕਿਹਾ ਕਿ ਉਹ ਸੀਏਏ, ਐੱਨਪੀਆਰ ਅਤੇ ਐੱਨਆਰਸੀ ਵਾਪਸ ਲੈਣ। ਪੱਛਮੀ ਬੰਗਾਲ ਇਸ ਦੇ ਖ਼ਿਲਾਫ਼ ਹੈ। ਇਸ ਦਾ ਜਵਾਬ ਦਿੰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਉਹ ਇੱਥੇ ਕਿਸੇ ਹੋਰ ਪ੍ਰੋਗਰਾਮ 'ਚ ਸ਼ਾਮਲ ਹੋਣ ਆਏ ਹਨ। ਇਸ ਮੁੱਦੇ 'ਤੇ ਦਿੱਲੀ 'ਚ ਗੱਲ ਹੋਵੇਗੀ। ਨਾਲ ਹੀ ਪੀਐੱਮ ਨੇ ਮਮਤਾ ਨੂੰ ਦਿੱਲੀ ਆਉਣ ਲਈ ਵੀ ਕਿਹਾ। ਪੀਐੱਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਮਮਤਾ ਬੈਨਰਜੀ ਨੇ ਸੀਏਏ ਖ਼ਿਲਾਫ਼ ਕੋਲਕਾਤਾ 'ਚ ਈਐੱਮਸੀ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਧਰਨੇ ਪ੍ਰਦਰਸ਼ਨ 'ਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿਚਰਵਾਰ ਨੂੰ ਦੋ ਰੋਜ਼ਾ ਦੌਰੇ 'ਤੇ ਕੋਲਕਾਤਾ ਪਹੁੰਚੇ ਹਨ। ਉਹ ਓਲਡ ਕਰੰਸੀ ਭਵਨ 'ਚ ਪ੍ਰਦਰਸ਼ਨੀ ਅਤੇ ਕਲਾ ਗੈਲਰੀਆਂ ਦਾ ਉਦਘਾਟਨ ਕਰਨਗੇ। ਸ਼ਾਮ ਨੂੰ ਮਿਲੇਨੀਅਮ ਪਾਰਕ 'ਚ ਹਾਵੜਾ ਬ੍ਰਿਜ ਦੇ ਨਾਂ ਨਾਲ ਮਸ਼ਹੂਰ ਰਬਿੰਦਰ ਸੇਤੂ ਦੇ ਇੰਟਰੈਕਟਿਵ ਐਂਡ ਸਾਊਂਡ ਸ਼ੋਅ ਦਾ ਸ਼ੁੱਭ ਆਰੰਭ ਵੀ ਕਰਨਗੇ। ਬਾਅਦ 'ਚ ਉਹ ਰਾਮਕ੍ਰਿਸ਼ਨ ਮਿਸ਼ਨ ਦੇ ਸਕੱਤਰੇਤ ਬੈਲੂਰ ਮੱਠ ਜਾਣਗੇ।

ਵਰਣਨਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨਆਰਸੀ) ਨੂੰ ਲੈ ਕੇ ਜਾਰੀ ਸਿਆਸੀ ਘਮਸਾਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਸ਼ਨਿਚਰਵਾਰ ਨੂੰ ਦੋ ਰੋਜ਼ਾ ਦੌਰੇ 'ਤੇ ਕੋਲਕਾਤਾ ਆਏ ਹਨ। ਇਹ ਉਨ੍ਹਾਂ ਦਾ ਦੂਜੀ ਵਾਰ ਪੀਐੱਮ ਬਣਨ ਤੋਂ ਬਾਅਦ ਪਹਿਲਾ ਕੋਲਕਾਤਾ ਦੌਰਾ ਹੈ।


ਉੱਧਰ, ਪੀਐੱਮ ਦੇ ਦੌਰੇ ਦੌਰਾਨ ਉਨ੍ਹਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੇ ਸ਼ੱਕ ਨੂੰ ਵੇਖਦੇ ਹੋਏ ਸੁਰੱਖਿਆ ਏਜੰਸੀਆਂ ਵੀ ਪੂਰੀ ਤਰ੍ਹਾਂ ਚੌਕਸ ਹਨ। ਸੀਏਏ ਅਤੇ ਐੱਨਆਸੀ ਦੇ ਖ਼ਿਲਾਫ਼ ਮਾਕਪਾ-ਕਾਂਗਰਸ ਸਮਤੇ ਕਈ ਮਨੁੱਖੀ ਅਧਿਕਾਰ ਤੇ ਵਿਦਿਆਰਥੀ ਸੰਗਠਨਾਂ ਨੇ ਪਹਿਲਾਂ ਹੀ ਪੀਐੱਮ ਨੂੰ ਕਾਲੇ ਝੰਡੇ ਵਿਖਾਉਣ ਤੇ 'ਗੋ ਬੈਕ' ਦੇ ਨਾਅਰੇ ਲਗਾਉਣ ਦਾ ਐਲਾਨ ਕਰ ਰੱਖਿਆ ਹੈ। ਅਜਿਹੇ 'ਚ ਪੀਐੱਮ ਦੀ ਸੁਰੱਖਿਆ 'ਚ ਤਾਇਨਾਤ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਵੀ ਪੂਰੀ ਤਰ੍ਹਾਂ ਚੌਕਸ ਹਨ।

ਸੂਤਰਾਂ ਦੀ ਮੰਨੀਏ ਤਾਂ ਐੱਸਪੀਜੀ ਨੇ ਏਅਰਪੋਰਟ ਤੋਂ ਲੈ ਕੇ ਪ੍ਰੋਗਰਾਮ ਸਥਾਨ ਤਕ ਪੀਐੱਮ ਦੇ ਪਹੁੰਚਣ ਲਈ ਕਈ ਬਦਲਵੇਂ ਰਸਤੇ ਵੀ ਤਿਆਰ ਰੱਖੇ ਹਨ। ਐਤਵਾਰ ਸਵੇਰੇ 11 ਵਜੇ ਨੇਤਾਜੀ ਇੰਡੋਰ ਸਟੇਡੀਅਮ 'ਚ ਕੋਲਕਾਤਾ ਪੋਰਟ ਟਰੱਸਟ ਦੇ 150 ਸਾਲ ਪੂਰੇ ਹੋਣ 'ਤੇ ਹੋਣ ਵਾਲੇ ਸਮਾਰੋਹ 'ਚ ਪੀਐੱਮ ਸ਼ਿਰਕਤ ਕਰਨਗੇ।

ਇਸ ਤੋਂ ਬਾਅਦ ਉਹ ਹੈਲੀਕਾਪਟਰ ਰਾਹੀਂ ਏਅਰਪੋਰਟ ਜਾਣਗੇ ਅਤੇ ਉੱਥੋਂ ਦਿੱਲੀ ਲਈ ਰਵਾਨਾ ਹੋਣਗੇ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਰਾਜਭਵਨ 'ਚ ਪ੍ਰਦੇਸ਼ ਭਾਜਪਾ ਦਾ ਇਕ ਵਫ਼ਦ ਵੀ ਪੀਐੱਮ ਨਾਲ ਮੁਲਾਕਾਤ ਕਰੇਗਾ। ਵਫ਼ਦ ਸੀਏਏ-ਐੱਨਆਰਸੀ ਖ਼ਿਲਾਫ਼ ਤ੍ਰਿਣਮੂਲ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੇ ਮੁਕਾਬਲੇ ਨੂੰ ਭਾਜਪਾ ਵੱਲੋਂ ਚਲਾਏ ਜਾ ਰਹੇ ਅਭਿਆਨ ਅਤੇ ਰਾਜ ਦੀ ਵਿਗੜਦੀ ਕਾਨੂੰਨ ਵਿਵਸਥਾ ਬਾਰੇ ਪੀਐੱਮ ਨੂੰ ਜਾਣੂੰ ਕਰਵਾਉਣਗੇ।

Posted By: Jagjit Singh