ਰਾਜੀਵ ਕੁਮਾਰ, ਨਵੀਂ ਦਿੱਲੀ : ਚਾਲਬਾਜ਼ ਚੀਨ ਮਾਲ ਭੇਜਣ ਦੀ ਬਿਲਿੰਗ 'ਚ ਹੇਰਾ-ਫੇਰੀ ਕਰ ਕੇ ਭਾਰਤ ਨੂੰ ਲੱਖਾਂ-ਕਰੋੜਾਂ ਦਾ ਚੂਨਾ ਲਾ ਰਿਹਾ ਹੈ। ਇਨ੍ਹੀਂ ਦਿਨੀਂ ਪੋਰਟ 'ਤੇ ਖੁਫੀਆ ਇਨਪੁਟ ਦੇ ਆਧਾਰ 'ਤੇ ਚੀਨ ਤੋਂ ਆਉਣ ਵਾਲੇ ਮਾਲ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਚੀਨੀ ਮਾਲ ਦੀ ਜਾਂਚ ਦੌਰਾਨ ਬਿਲਿੰਗ 'ਚ ਗੜਬੜੀ ਨੂੰ ਵੀ ਧਿਆਨ 'ਚ ਰੱਖਿਆ ਜਾ ਰਿਹਾ ਹੈ। ਇਸ ਜਾਂਚ ਨਾਲ ਦਰਾਮਦ ਦੇ ਨਾਂ 'ਤੇ ਸਰਕਾਰ ਨੂੰ ਚੂਨਾ ਲਾਉਣ ਵਾਲੇ ਦਰਾਮਦਕਾਰਾਂ 'ਤੇ ਵੀ ਨਕੇਲ ਕੱਸਣ ਦੀ ਤਿਆਰੀ ਹੈ।

ਕਿਵੇਂ ਲੱਗ ਰਿਹਾ ਹੈ ਕਿ ਸਰਕਾਰ ਨੂੰ ਚੂਨਾ

ਚੀਨ ਤੋਂ ਮਾਲ ਮੰਗਵਾਉਣ ਵਾਲੇ ਭਾਰਤੀ ਕਾਰੋਬਾਰੀਆਂ ਨੂੰ ਚੀਨ ਨੇ ਦੋ ਨੰਬਰ ਨਾਲ ਭੁਗਤਾਨ ਕਰਨ ਦਾ ਰਾਹ ਦਿਖਾ ਦਿੱਤਾ ਹੈ। ਚੀਨ ਦੇ ਕਾਰੋਬਾਰੀ 100 ਰੁਪਏ ਦੇ ਮਾਲ ਦੀ ਵਿਕਰੀ ਕੀਮਤ 50 ਰੁਪਏ ਦਿਖਾਉਣ ਲਈ ਤਿਆਰ ਰਹਿੰਦੇ ਹਨ। ਬਾਕੀ ਦੇ 50 ਰੁਪਏ ਚੀਨੀ ਕਾਰੋਬਾਰੀ ਭਾਰਤੀ ਵਪਾਰੀ ਤੋਂ ਹਵਾਲੇ ਰਾਹੀਂ ਲੈ ਲੈਂਦੇ ਹਨ। ਮਾਲ ਦੀ ਘੱਟ ਕੀਮਤ ਦਿਖਾਉਣ ਨਾਲ ਚੀਨ ਤੋਂ ਮਾਲ ਮੰਗਵਾਉਣ ਵਾਲੇ ਭਾਰਤੀ ਵਪਾਰੀਆਂ ਨੂੰ ਡਿਊਟੀ ਦੀ ਬਚਤ ਹੋ ਜਾਂਦੀ ਹੈ ਪਰ ਇਸ ਨਾਲ ਸਰਕਾਰ ਨੂੰ ਲੱਖਾਂ-ਕਰੋੜਾਂ ਦਾ ਚੂਨਾ ਲੱਗਦਾ ਹੈ। ਚੀਨ ਨਾਲ ਕਾਰੋਬਾਰ ਕਰਨ ਵਾਲੇ ਭਾਰਤੀ ਕਾਰੋਬਾਰੀਆਂ ਨੇ ਦੱਸਿਆ ਕਿ ਚੀਨ 'ਚ ਥਰਡ ਪਾਰਟੀ ਪੇਮੈਂਟ ਸਿਸਟਮ ਦੀ ਇਜਾਜ਼ਤ ਹੈ। ਥਰਡ ਪਾਰਟੀ ਪੇਮੈਂਟ ਸਿਸਟਮ ਦਾ ਮਤਲਬ ਹੋਇਆ ਕਿ ਰਾਮ ਨੇ ਸ਼ਿਆਮ ਤੋਂ ਮਾਲ ਖ਼ਰੀਦਿਆ ਪਰ ਕੀਮਤ ਦਾ ਭੁਗਤਾਨ ਰਾਮ ਦੀ ਜਗ੍ਹਾ ਮੋਹਨ ਨੇ ਸ਼ਿਆਮ ਨੂੰ ਕੀਤਾ। ਥਰਡ ਪਾਰਟੀ ਪੇਮੈਂਟ ਸਿਸਟਮ ਦੀ ਪ੍ਰਵਾਨਗੀ ਕਾਰਨ ਚੀਨ ਨਾਲ ਹੋਣ ਵਾਲੇ ਕਾਰੋਬਾਰ 'ਚ ਦੋ ਨੰਬਰ 'ਚ ਕਾਫੀ ਭੁਗਤਾਨ ਹੁੰਦਾ ਹੈ। ਕਾਰੋਬਾਰੀਆਂ ਨੇ ਦੱਸਿਆ ਕਿ ਯੂਰਪ ਤੇ ਅਮਰੀਕਾ 'ਚ ਜੋ ਖ਼ਰੀਦਦਾਰ ਹੁੰਦਾ ਹੈ, ਉਸ ਨੂੰ ਭੁਗਤਾਨ ਕਰਨਾ ਪੈਂਦਾ ਹੈ। ਚੀਨੀ ਕਾਰੋਬਾਰੀਆਂ ਨੂੰ ਸਿਰਫ ਭੁਗਤਾਨ ਨਾਲ ਮਤਲਬ ਹੁੰਦਾ ਹੈ। ਕਾਰੋਬਾਰੀਆਂ ਨੇ ਨਾਂ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਚੀਨ ਨਾਲ ਕਾਰੋਬਾਰ ਦੇ ਭੁਗਤਾਨ 'ਚ ਇਹ ਪ੍ਰਰੈਟੀਕਲ ਸਾਲਾਂ ਤੋਂ ਜਾਰੀ ਹੈ।

ਛੇਤੀ ਹੀ ਪੋਰਟ ਤੋਂ ਮਾਲ ਕੱਢਣ 'ਚ ਆ ਜਾਵੇਗੀ ਤੇਜ਼ੀ

ਸੂਤਰਾਂ ਮੁਤਾਬਕ ਚੀਨ ਤੋਂ ਆਉਣ ਵਾਲੇ ਮਾਲ ਦੀ ਫਿਜੀਕਲ ਜਾਂਚ ਦੌਰਾਨ ਪੋਰਟ ਤੋਂ ਮਾਲ ਕੱਢਣ 'ਚ ਜੋ ਦੇਰੀ ਹੋ ਰਹੀ ਹੈ, ਉਸ ਨੂੰ ਇਸ ਹਫ਼ਤੇ ਤਕ ਠੀਕ ਕਰ ਦਿੱਤਾ ਜਾਵੇਗਾ। ਦਵਾਈ ਤੋਂ ਲੈ ਕੇ ਫੋਨ ਨਿਰਮਾਣ ਤਕ ਦਾ ਕੱਚਾ ਮਾਲ ਚੀਨ ਤੋਂ ਆਉਂਦਾ ਹੈ ਤੇ ਚੀਨ ਦੇ ਮਾਲ ਨੂੰ ਚੈਕਿੰਗ ਲਈ ਹੋਲਡ 'ਤੇ ਰੱਖਣ ਨਾਲ ਕਈ ਜ਼ਰੂਰੀ ਚੀਜ਼ਾਂ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਹਾਲਾਂਕਿ ਇੰਡੀਅਨ ਫਾਰਮਾਸਿਊਟੀਕਲਜ਼ ਐਸੋਸੀਏਸ਼ਨ (ਆਈਪੀਏ) ਮੁਤਾਬਕ ਦਵਾਈ ਨਿਰਮਾਤਾਵਾਂ ਕੋਲ 2-3 ਹਫ਼ਤੇ ਦੇ ਕੱਚੇ ਮਾਲ ਦਾ ਸਟਾਕ ਹੈ। ਇਸ ਲਈ ਪੋਰਟ 'ਤੇ ਚੀਨ ਤੋਂ ਆਉਣ ਵਾਲੇ ਕੱਚੇ ਮਾਲ ਦੇ ਰੁਕਣ ਨਾਲ ਦਵਾਈ ਨਿਰਮਾਣ ਨੂੰ ਫਿਲਹਾਲ ਕੋਈ ਫਰਕ ਨਹੀਂ ਪੈ ਰਿਹਾ ਹੈ। ਉਥੇ ਦਰਾਮਦਕਾਰਾਂ ਦਾ ਕਹਿਣਾ ਹੈ ਕਿ ਅਗਲੇ 2-3 ਦਿਨਾਂ 'ਚ ਪੋਰਟ 'ਤੇ ਖੜ੍ਹੇ ਚੀਨ ਤੋਂ ਆਏ ਮਾਲ ਨੂੰ ਕਲੀਅਰੈਂਸ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਨੂੰ ਫਿਨਿਸ਼ਡ ਗੁੱਡਸ ਦੇ ਉਤਪਾਦਨ ਲਈ ਕੱਚੇ ਮਾਲ ਦੀ ਕਮੀ ਹੋ ਜਾਵੇਗੀ ਤੇ ਇਸ ਨਾਲ ਬਰਾਮਦ ਪ੍ਰਭਾਵਿਤ ਹੋ ਜਾਵੇਗੀ। ਮੋਬਾਈਲ ਫੋਨ ਨਿਰਮਾਤਾ ਕੰਪਨੀਆਂ ਦਾ ਕਹਿਣਾ ਹੈ ਕਿ ਚੀਨ ਤੋਂ ਆਉਣ ਵਾਲੇ ਮਾਲ ਨੂੰ ਛੇਤੀ ਕਲੀਅਰ ਨਾ ਕੀਤਾ ਗਿਆ ਤਾਂ ਮੰਗ ਮੁਕਾਬਲੇ ਮੋਬਾਈਲ ਫੋਨ ਦੀ ਕਮੀ ਹੋ ਸਕਦੀ ਹੈ।