ਮਾਲਾ ਦੀਕਸ਼ਤ, ਨਵੀਂ ਦਿੱਲੀ : ਅਯੁੱਧਿਆ ਰਾਮ ਜਨਮਭੂਮੀ ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ ਅਗਲੇ ਹਫ਼ਤੇ ਫ਼ੈਸਲਾ ਸੁਣਾਏਗੀ। ਬਹੁਤ ਉਮੀਦ ਹੈ ਕਿ ਫ਼ੈਸਲਾ ਵੀਰਵਾਰ ਜਾਂ ਸ਼ੁੱਕਰਵਾਰ ਨੂੰ ਆਵੇਗਾ। ਧਾਰਮਿਕ, ਸਿਆਸੀ ਤੇ ਸਮਾਜਿਕ ਰੂਪ ਨਾਲ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਇਸ ਮੁਕੱਦਮੇ 'ਚ ਫ਼ੈਸਲੇ ਤੋਂ ਪਹਿਲਾਂ ਚੀਫ ਜਸਟਿਸ ਰੰਜਨ ਗੋਗੋਈ ਨੇ ਸ਼ੁੱਕਰਵਾਰ ਨੂੰ ਯੂਪੀ ਦੇ ਮੁੱਖ ਸਕੱਤਰ ਤੇ ਡੀਜੀਪੀ ਨਾਲ ਮੀਟਿੰਗ ਕਰਕੇ ਸੂਬੇ ਤੇ ਵਿਸ਼ੇਸ਼ ਕਰ ਕੇ ਅਯੁੱਧਿਆ 'ਚ ਸੁਰੱਖਿਆ ਵਿਵਸਥਾ ਦੀ ਹਾਲਤ ਦੀ ਜਾਣਕਾਰੀ ਲਈ। ਸੂਤਰਾਂ ਨੇ ਦੱਸਿਆ ਕਿ ਮੁੱਖ ਸਕੱਤਰ ਰਾਜੇਂਦਰ ਕੁਮਾਰ ਤਿਵਾੜੀ ਤੇ ਡੀਜੀਪੀ ਓਪੀ ਸਿੰਘ ਨਾਲ ਚੀਫ ਜਸਟਿਸ ਰੰਜਨ ਗੋਗੋਈ ਨੇ ਦੁਪਹਿਰੇ ਕਰੀਬ ਡੇਢ ਘੰਟਾ ਸੁਪਰੀਮ ਕੋਰਟ ਦੇ ਆਪਣੇ ਚੈਂਬਰ ਵਿਚ ਮੁਲਾਕਾਤ ਕੀਤੀ। ਮੀਟਿੰਗ ਵਿਚ ਚੀਫ ਜਸਟਿਸ ਤੋਂ ਇਲਾਵਾ ਅਯੁੱਧਿਆ ਮਾਮਲੇ ਦੀ ਸੁਣਵਾਈ ਕਰਨ ਵਾਲੇ ਬੈਂਚ ਵਿਚ ਸ਼ਾਮਲ ਜਸਟਿਸ ਐੱਸਏ ਬੋਬਡੇ, ਜਸਟਿਸ ਐੱਸ ਅਬਦੁੱਲ ਨਜ਼ੀਰ ਵੀ ਮੌਜੂਦ ਸਨ। ਹਾਲਾਂਕਿ ਮੁਲਾਕਾਤ ਦਾ ਕੋਈ ਰਸਮੀ ਵੇਰਵਾ ਨਹੀਂ ਦਿੱਤਾ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਸੂਬੇ ਦੇ ਦੋਵਾਂ ਆਹਲਾ ਅਧਿਕਾਰੀਆਂ ਨੇ ਚੀਫ ਜਸਟਿਸ ਨੂੰ ਸੂਬੇ ਵਿਚ ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੀਤੇ ਗੇ ਉਪਾਵਾਂ ਦੀ ਜਾਣਕਾਰੀ ਦਿੱਤੀ।