ਏਐਨਆਈ, ਨਵੀਂ ਦਿੱਲੀ :Citizenship Amendment Bill : ਨਾਗਰਿਕਤਾ ਸੋਧ ਬਿੱਲ 'ਤੇ ਲੋਕ ਸਭਾ ਵਿਚ ਚਰਚਾ ਜਾਰੀ ਹੈ।ਇਸ ਦੌਰਾਨ ਓਵੈਸੀ ਨੇ ਲੋਕ ਸਭਾ 'ਚ ਚਰਚਾ ਦੌਰਾਨ ਨਾਗਰਿਕਤਾ ਸੋਧ ਬਿੱਲ ਦੀ ਕਾਪੀ ਪਾੜ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹਿਟਲਰ ਦੇ ਕਾਨੂੰਨ ਤੋਂ ਵੀ ਬਦਤਰ ਕਾਨੂੰਨ ਹੈ। ਇਸ ਨਾਲ ਦੇਸ਼ ਦੀ ਇਕ ਹੋਰ ਵੰਡ ਹੋਣ ਜਾ ਰਹੀ ਹੈ।ਉੱਧਰ, ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਅਸੀਂ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰ ਰਹੇ ਹਾਂ, ਕਿਉਂਕਿ ਇਹ ਭੇਦਭਾਵਪੂਰਨ ਹੈ। ਸਤਾਏ ਗਏ ਸ਼ਰਨਾਰਥੀਆਂ ਦੇ ਤਰਕ ਨੂੰ ਸ਼ਰਨਾਰਥੀ ਨੂੰ ਮਿਲਾਉਣ ਲਈ ਵਰਤਮਾਨ ਕਾਨੂੰਨ 'ਚ ਸੋਧ ਰਾਹੀਂ ਵੱਖਰੀ ਤਜਵੀਜ਼ ਬਣਾ ਕੇ ਨਿਪਟਿਆ ਜਾ ਸਕਦਾ ਹੈ। ਇਸ ਲਈ ਵੱਖਰੇ ਭੇਦਭਾਵਪੂਰਨ ਕਾਨੂੰਨ ਦੀ ਲੋੜ ਨਹੀਂ ਹੈ।

ਇਸ ਤੋਂ ਪਹਿਲਾਂ ਲੋਕ ਸਭਾ ਵਿਚ ਕਾਂਗਰਸ ਨੇਤਾ ਮਨੀਸ਼ ਤਿਵਾੜੀ ਨੇ ਕਿਹਾ ਕਿ ਇਹ ਭਾਰਤੀ ਸੰਵਿਧਾਨ ਦੇ ਅਨੁਛੇਦ14, ਅਨੁਛੇਦ 15, ਅਨੁਛੇਦ21,ਅਨੁਛੇਦ 25 ਅਤੇ 26 ਖ਼ਿਲਾਫ਼ ਹੈ। ਇਹ ਬਿੱਲ ਅਸੰਵਿਧਾਨਕ ਹੈ ਅਤੇ ਸਮਾਨਤਾ ਦੇ ਮੁੱਢਲੇ ਅਧਿਕਾਰ ਦੇ ਖ਼ਿਲਾਫ਼ ਹੈ।

ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ ਪਿਛੇ ਕੋਈ ਰਾਜਨੀਤਿਕ ਏਜੰਡਾ ਨਹੀਂ ਹੈ। ਕਿਸੇ ਦੇ ਨਾਲ ਅਨਿਆਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਬਿੱਲ ਵਿਚ ਕੋਈ ਭੇਦਭਾਵ ਨਹੀਂ ਹੈ। ਇਹ ਅਧਿਕਾਰ ਖੋਹਦਾ ਨਹੀਂ ਹੈ ਬਲਕਿ ਦਿੰਦਾ ਹੈ। ਸ਼ਾਹ ਨੇ ਕਿਹਾ ਕਿ ਦਸਤਾਵੇਜ਼ਾਂ ਤੋਂ ਬਿਨਾਂ ਵੀ ਰਾਸ਼ਨ ਕਾਰਡ ਸਣੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਲੋਕ ਸਭਾ ਵਿਚ ਨਾਗਰਿਕਤਾ ਬਿੱਲ ਪੇਸ਼ ਹੋਇਆ। ਬਿੱਲ ਨੂੰ ਪੇਸ਼ ਹੋਣ ਲਈ ਲੋਕ ਸਭਾ ਵਿਚ ਜੋ ਵੋਟਿੰਗ ਹੋਈ, ਉਸ ਵਿਚ 293 ਹਾਂ ਦੇ ਪੱਖ ਵਿਚ ਅਤੇ 82 ਵਿਰੋਧ ਵਿਚ ਵੋਟ ਪਏ ਹਨ। ਲੋਕ ਸਭਾ ਵਿਚ ਇਸ ਦੌਰਾਨ ਕੁਲ 375 ਸੰਸਦ ਮੈਂਬਰਾਂ ਨੇ ਵੋਟ ਦਿੱਤਾ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਬਿੱਲ 0.001 ਫੀਸਦ ਵੀ ਘੱਟ ਗਿਣਤੀਆਂ ਦੇ ਖ਼ਿਲਾਫ਼ ਨਹੀਂ ਹੈ। ਇਸ ਬਿੱਲ ਨਾਲ ਜੁੜੇ ਵਿਰੋਧੀ ਪਾਰਟੀ ਦੇ ਹਰ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਕਾਂਗਰਸ ਦੀ ਅਗਵਾਈ ਵਿਚ ਜ਼ਿਆਦਾਤਰ ਵਿਰੋਧੀ ਪਾਰਟੀਆਂ ਨੇ ਵੀ ਨਾਗਰਿਕਤਾ ਸੋਧ ਬਿੱਲ ਦੇ ਮੌਜੂਦਾ ਸਰੂਪ ਨੂੰ ਦੇਸ਼ ਲਈ ਖ਼ਤਰਨਾਕ ਦੱਸਦੇ ਹੋਏ ਇਸ ਦੇ ਵਿਰੋਧ ਵਿਚ ਹਾਮੀ ਭਰੀ। ਸ਼ਿਵਸੈਨਾ ਦਾ ਕਹਿਣਾ ਹੈ ਕਿ ਕੇਂਦਰ ਇਸ ਬਿੱਲ ਜ਼ਰੀਏ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਅਦਿੱਖ ਬਟਵਾਰਾ ਕਰ ਰਹੀ ਹੈ।

Posted By: Tejinder Thind