ਗੁਹਾਟੀ (ਏਜੰਸੀ) : Citizenship Amendment Bill : ਲੋਕ ਸਭਾ ਤੋਂ ਨਾਗਰਿਕਤਾ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਅਸਾਮ 'ਚ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਹੋਏ ਹੰਗਾਮੇ ਤੋਂ ਬਾਅਦ ਅੱਜ (ਮੰਗਲਵਰਾ) ਆਲ ਅਸਾਮ ਸਟੂਡੈਂਟ ਯੂਨੀਅਨ (AASU) ਤੇ ਨਾਰਥ ਈਸਟ ਸਟੂਡੈਂਟਸ ਆਰਗੇਨਾਈਜ਼ੇਸ਼ਨ (NESO) ਨੇ 12 ਘੰਟਿਆਂ ਦਾ ਬੰਦ ਬੁਲਾਇਆ ਹੈ। ਸੂਬੇ ਦੇ ਲੋਕਾਂ ਦਾ ਕਹਿਣਾ ਹੈ ਕਿ ਬਾਹਰੋਂ ਆਏ ਨਾਗਰਿਕਤਾ ਲੈਣ ਵਾਲੇ ਲੋਕਾਂ ਤੋਂ ਉਨ੍ਹਾਂ ਦੀ ਪਛਾਣ ਤੇ ਰੋਜ਼ੀ-ਰੋਟੀ ਨੂੰ ਖ਼ਤਰਾ ਹੈ। ਆਸੂ ਤੇ ਬਾਕੀ ਸੰਗਠਨ ਬਿੱਲ ਦਾ ਜ਼ਬਰਦਸਤ ਵਿਰੋਧ ਕਰ ਰਹੇ ਹਨ। ਅਸਾਮ ਤੋਂ ਇਲਾਵਾ ਤ੍ਰਿਪੁਰਾ 'ਚ ਵੀ ਜ਼ਬਰਦਸਤ ਹੰਗਾਮਾ ਕੀਤਾ ਜਾ ਰਿਹਾ ਹੈ। ਅਗਰਤਲਾ 'ਚ ਲੋਕ ਇਸ ਬਿੱਲ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।

ਇਕ ਦਿਨ ਪਹਿਲਾਂ ਵੀ ਹੋਇਆ ਵਿਰੋਧ

ਵਿਦਿਆਰਥੀ ਜਥੇਬੰਦੀਆਂ ਵੱਲੋਂ ਬੁਲਾਏ ਗਏ ਬੰਦ ਤੋਂ ਇਕ ਦਿਨ ਪਹਿਲਾਂ ਵੀ ਸੋਮਵਾਰ ਨੂੰ ਪੂਰਬੀ-ਉੱਤਰ 'ਚ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਇਆ ਸੀ। ਇਕ ਦਿਨ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੇਤਰ 'ਚ ਸੰਗਠਨਾਂ ਦੇ ਸਿਖਰਲੇ ਸੰਗਠਨ ਨਾਰਥ ਈਸਟ ਸਟੂਡੈਂਟਸ ਆਰਗੇਨਾਈਜ਼ੇਸ਼ਨ (ਐੱਨਈਐੱਸਓ) ਦੇ ਬਿੱਲ ਸਬੰਧੀ ਖਦਸ਼ਿਆਂ ਨੂੰ ਦੂਰ ਕਰਨ ਦਾ ਯਤਨ ਕੀਤਾ ਸੀ।

ਪੂਰਬੀ-ਉੱਤਰ 'ਚ ਅੱਠ ਸੂਬਿਆਂ ਦੀ ਕੌਮਾਂਤਰੀ ਹੱਦ ਚੀਨ, ਬੰਗਲਾਦੇਸ਼, ਮਿਆਂਮਾਰ ਤੇ ਭੂਟਾਨ ਨਾਲ ਲਗਦੀ ਹੈ। ਸ਼ਾਹ ਦੇ ਇਸ ਦਾਅਵੇ ਦੇ ਬਾਵਜੂਦ ਕਿ ਇਹ ਬਿੱਲ ਮੁਸਲਮਾਨਾਂ ਖ਼ਿਲਾਫ਼ ਨਹੀਂ ਬਲਕਿ ਘੁਸਪੈਠ ਖ਼ਿਲਾਫ਼ ਹੈ, ਪ੍ਰਦਰਸ਼ਨ ਹੋਏ।

ਆਮ ਜਨਜੀਵਨ ਪ੍ਰਭਾਵਿਤ

ਆਲ ਮੋਰਾਨ ਸਟੂਡੈਂਟਸ ਯੂਨੀਅਨ (ਏਐੱਮਐੱਸਯੂ) ਨੇ ਨਾਗਰਿਕਤਾ ਸੋਧ ਬਿੱਲ ਖ਼ਿਲਾਫ਼ ਤੇ ਛੇ ਭਾਈਚਾਰਿਆਂ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਸਬੰਧੀ 48 ਗੰਟੇ ਦੇ ਅਸਾਮ ਬੰਦ ਦਾ ਸੱਦਾ ਦਿੱਤਾ ਹੋਇਆ ਸੀ। ਬੰਦ ਦੇ ਪਹਿਲੇ ਦਿਨ ਸੋਮਵਾਰ ਨੂੰ ਕਈ ਜ਼ਿਲ੍ਹਿਆਂ 'ਚ ਆਮ ਜਨਜੀਵਨ ਪ੍ਰਭਾਵਿਤ ਹੋਇਆ।

ਸੈਂਕੜੇ ਲੋਕ ਸੜਕਾਂ 'ਤੇ

ਸਵੇਰੇ ਪੰਜ ਵਜੇ ਤੋਂ ਲਖੀਮਪੁਰ, ਧੇਮਾਜੀ, ਤਿਨਸੁਕੀਆ, ਡਿਬਰੂਗੜ੍ਹ, ਸ਼ਿਵਸਾਗਰ, ਜੋਰਹਾਟ, ਮਾਜੁਲੀ, ਮੋਰਿਗਾਂਵ, ਬੋਂਗਾਇਗਾਂਵ, ਉਦਲਗੁੜੀ, ਕੋਕਰਾਝਾਰ ਤੇ ਬਕਸਾ ਜ਼ਿਲ੍ਹੇ 'ਚ ਸੈਂਕੜੇ ਲੋਕ ਸੜਕਾਂ 'ਤੇ ਉੱਤਰੇ। ਕਈ ਥਾਈਂ ਪ੍ਰਦਰਸ਼ਨਕਾਰੀਆਂ ਨੇ ਟਾਇਰ ਸਾੜੇ ਤੇ ਨੈਸ਼ਨਲ ਹਾਈਵੇ ਨੂੰ ਪ੍ਰਭਾਵਿਤ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਡਿਬਰੂਗੜ੍ਹ ਤੇ ਗੁਹਾਟੀ 'ਚ ਪੁਲਿਸ ਨੇ ਲਾਠੀਚਾਰਜ ਕੀਤਾ।

Posted By: Seema Anand