ਜਾਗਰਣ ਬਿਊਰੋ, ਨਵੀਂ ਦਿੱਲੀ : ਨਾਗਰਿਕਤਾ ਸੋਧ ਬਿੱਲ (ਸੀਏਬੀ) 'ਤੇ ਸਰਕਾਰ ਤੇ ਵਿਰੋਧੀ ਧਿਰ ਵਿਚਾਲੇ ਖਿੱਚੀ ਗਈ ਤਲਵਾਰ ਤੋਂ ਸਾਫ਼ ਹੈ ਕਿ ਬੁੱਧਵਾਰ ਨੂੰ ਰਾਜ ਸਭਾ ਵਿਚ ਬਿੱਲ ਦੀ ਅਗਨੀ ਪ੍ਰੀਖਿਆ ਹੋਵੇਗੀ। ਧਾਰਾ 370 ਨੂੰ ਲੈ ਕੇ ਸਦਨ ਵਿਚ ਆਪਣੀ ਧਾਰਦਾਰ ਰਣਨੀਤੀ ਦੀ ਝਲਕ ਦੇ ਚੁੱਕੀ ਸਰਕਾਰ ਰਾਜ ਸਭਾ ਵਿਚ ਅੰਕੜਿਆਂ ਦੇ ਆਪਣੇ ਗਣਿਤ ਨੂੰ ਲਗਪਗ ਚੁਸਤ-ਦਰੁਸਤ ਕਰ ਚੁੱਕੀ ਹੈ। ਹਾਲਾਂਕਿ ਸ਼ਿਵ ਸੈਨਾ ਦੇ ਬਿੱਲ 'ਤੇ ਰੁਖ਼ ਬਦਲਣ ਦੇ ਸਾਫ਼ ਸੰਕੇਤਾਂ ਤੇ ਟੀਆਰਐੱਸ ਨੇ ਇਸ ਵਾਰ ਵਿਰੋਧ ਵਿਚ ਖੜ੍ਹੇ ਹੋਣ ਨਾਲ ਕੁਝ ਦਬਾਅ ਜ਼ਰੂਰ ਵਧਿਆ ਹੈ। ਰਾਜ ਸਭਾ ਵਿਚ ਨੰਬਰ ਗਣਿਤ ਦਾ ਮਾਮਲਾ ਨਜ਼ਦੀਕੀ ਹੋਣ ਦੇ ਚੱਲਦਿਆਂ ਹੀ ਵਿਰੋਧੀ ਖੇਮੇ ਦੀਆਂ ਪਾਰਟੀਆਂ ਨੇ ਆਪਣੇ ਸੰਸਦ ਮੈਂਬਰਾਂ ਨੂੰ ਸਦਨ 'ਚ ਹਾਜ਼ਰ ਰਹਿਣ ਲਈ ਕਿਹਾ ਹੈ। ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਨੇ ਤਾਂ ਨਾਗਰਿਕਤਾ ਬਿੱਲ ਵਿਰੁੱਧ ਵੋਟ ਪਾਉਣ ਲਈ ਆਪਣੇ ਸੰਸਦ ਮੈਂਬਰਾਂ ਨੂੰ ਵ੍ਹਿਪ ਵੀ ਜਾਰੀ ਕਰ ਦਿੱਤਾ ਹੈ।

ਸੋਮਵਾਰ ਨੂੰ ਲੋਕ ਸਭਾ ਵਿਚ 80 ਦੇ ਮੁਕਾਬਲੇ ਸਰਕਾਰ ਨੇ 311 ਵੋਟਾਂ ਨਾਲ ਬਿੱਲ ਪਾਸ ਕਰਵਾ ਲਿਆ ਸੀ। ਪਰ 245 ਮੈਂਬਰਾਂ ਵਾਲੀ ਰਾਜ ਸਭਾ 'ਚ ਫਿਲਹਾਲ 240 ਮੈਂਬਰ ਹਨ ਤੇ ਥੋੜ੍ਹੇ ਹੇਰ-ਫੇਰ ਨਾਲ ਹੀ ਸਥਿਤੀ ਰੌਚਕ ਹੋ ਸਕਦੀ ਹੈ। ਦਰਅਸਲ ਸ਼ਿਵ ਸੈਨਾ ਖੇਮੇ ਤੋਂ ਇਹ ਸੁਰ ਉਭਰ ਰਹੇ ਹਨ ਕਿ ਉਹ ਸਦਨ ਤੋਂ ਵਾਕ ਆਊਟ ਕਰ ਸਕਦੀ ਹੈ। ਹਾਲਾਂਕਿ ਇਸ ਦੀ ਸੰਭਾਵਨਾ ਘੱਟ ਹੈ ਪਰ ਇਹ ਸੰਕੇਤ ਵੀ ਦਿੱਤਾ ਜਾ ਰਿਹਾ ਹੈ ਕਿ ਹਾਲਾਤ ਦੇ ਮੱਦੇਨਜ਼ਰ ਵਿਰੋਧੀ ਖੇਮੇ ਨਾਲ ਵੋਟ ਵੀ ਕਰ ਸਕਦੀ ਹੈ।

ਸ਼ਿਵ ਸੈਨਾ ਮੁਖੀ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਮੰਗਲਵਾਰ ਨੂੰ ਪਾਰਟੀ ਦੇ ਰੁਖ਼ ਵਿਚ ਤਬਦੀਲੀ ਦਾ ਸੰਕੇਤ ਦਿੰਦਿਆਂ ਕਿਹਾ ਕਿ ਜ਼ਰੂਰੀ ਨਹੀਂ ਕਿ ਲੋਕ ਸਭਾ ਵਾਂਗ ਰਾਜ ਸਭਾ ਵਿਚ ਬਿੱਲ ਦਾ ਸਮਰਥਨ ਕਰੇ। ਸ਼ਿਵ ਸੈਨਾ ਦਾ ਕਹਿਣਾ ਹੈ ਕਿ ਸ੍ਰੀਲੰਕਾਈ ਤਮਿਲ ਭਾਸ਼ੀ ਸ਼ਰਨਾਰਥੀਆਂ ਨੂੰ ਵੀ ਇਸ ਬਿੱਲ ਵਿਚ ਸ਼ਾਮਲ ਕਰਨ ਤੇ ਇਸ ਕਾਨੂੰਨ ਤਹਿਤ ਨਾਗਰਿਕ ਬਣਨ ਵਾਲੇ ਸ਼ਰਨਾਰਥੀਆਂ ਨੂੰ 25 ਸਾਲ ਬਾਅਦ ਹੀ ਮਤਦਾਨ ਦਾ ਅਧਿਕਾਰ ਦੇਣ ਦੀ ਉਸ ਦੀ ਤਜਵੀਜ਼ ਨੂੰ ਸਰਕਾਰ ਮੰਨੇਗੀ ਤਾਂ ਹੀ ਪਾਰਟੀ ਬਿੱਲ ਦਾ ਸਮਰਥਨ ਕਰੇਗੀ।

ਸਰਕਾਰ ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਨਹੀਂ ਕਰੇਗੀ ਤਾਂ ਇਹ ਤੈਅ ਹੈ ਕਿ ਅਤੇ ਅਜਿਹੇ ਵਿਚ ਸ਼ਿਵ ਸੈਨਾ ਵੀ ਰਾਜ ਸਭਾ ਵਿਚ ਬਿੱਲ ਦਾ ਸਮਰਥਨ ਕਰਨ ਤੋਂ ਪਰਹੇਜ਼ ਕਰੇਗੀ। ਇਸ ਬਿੱਲ 'ਤੇ ਸਿਆਸੀ ਸਰਗਰਮੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਾਂਗਰਸ ਨੇ ਸ਼ਿਵ ਸੈਨਾ ਦੇ ਰੁਖ਼ ਬਦਲਣ ਦੇ ਸੰਕੇਤਾਂ ਦਾ ਸਵਾਗਤ ਕਰਨ ਵਿਚ ਦੇਰ ਨਹੀਂ ਲਾਈ। ਲੋਕ ਸਭਾ ਵਿਚ ਸ਼ਿਵ ਸੈਨਾ ਨੇ ਸੋਮਵਾਰ ਨੂੰ ਨਾਗਰਿਕਤਾ ਬਿੱਲ ਦੇ ਹੱਕ ਵਿਚ ਵੋਟ ਪਾਈ ਸੀ। ਵਿਰੋਧੀ ਧਿਰ ਸਰਕਾਰ ਦੀ ਸਹਿਯੋਗੀ ਪਾਰਟੀ ਜੇਡੀਯੂ ਦੇ ਕੁਝ ਆਗੂਆਂ ਵੱਲੋਂ ਉਠਾਏ ਗਏ ਸਵਾਲਾਂ ਤੋਂ ਵੀ ਉਤਸ਼ਾਹਿਤ ਹੈ। ਇਹ ਹੋਰ ਗੱਲ ਹੈ ਕਿ ਜੇਡੀਯੂ 'ਚ ਆਵਾਜ਼ ਉਠਾ ਰਹੇ ਪ੍ਰਸ਼ਾਂਤ ਕਿਸ਼ੋਰ ਤੇ ਪਵਨ ਵਰਮਾ ਹਾਸ਼ੀਏ 'ਤੇ ਹਨ ਤੇ ਸੰਗਠਨ ਵਿਚ ਉਨ੍ਹਾਂ ਦੀ ਧਮਕ ਨਹੀਂ ਹੈ। ਜੇਡੀਯੂ ਦੇ ਇਕ ਸੀਨੀਅਰ ਆਗੂ ਨੇ ਹੀ ਇਸ ਦੀ ਪੁਸ਼ਟੀ ਕੀਤੀ ।


ਐੱਨਡੀਏ ਨੂੰ 127 ਮੈਂਬਰਾਂ ਦਾ ਸਮਰਥਨ

ਵਿਰੋਧੀ ਧਿਰ ਦੀ ਕੋਸ਼ਿਸ਼ ਦੇ ਬਾਵਜੂਦ ਰਾਜ ਸਭਾ 'ਚ ਅੰਕੜਿਆਂ ਦਾ ਗਣਿਤ ਐੱਨਡੀਏ ਸਰਕਾਰ ਦੇ ਹੱਕ ਵਿਚ ਦਿਸ ਰਿਹਾ ਹੈ। ਰਾਜ ਸਭਾ ਵਿਚ 240 ਮੈਂਬਰ ਹਨ ਤੇ ਨਾਗਰਿਕਤਾ ਬਿੱਲ 'ਤੇ ਸਰਕਾਰ ਫਿਲਹਾਲ 127 ਮੈਂਬਰਾਂ ਦਾ ਸਮਰਥਨ ਜੁਟਾਉਂਦੀ ਦਿਸ ਰਹੀ ਹੈ। ਜਦਕਿ ਬਿੱਲ ਪਾਸ ਕਰਵਾਉਣ ਲਈ ਐੱਨਡੀਏ ਨੂੰ 121 ਦੇ ਅੰਕੜੇ ਦੀ ਲੋੜ ਹੈ। ਐੱਨਡੀਏ ਕੋਲ ਭਾਜਪਾ ਦੇ 83, ਜੇਡੀਯੂ ਦੇ ਛੇ, ਲੋਕ ਜਨਸ਼ਕਤੀ ਪਾਰਟੀ ਦੇ ਇਕ, ਅਸਮ ਗਣ ਪ੍ਰੀਸ਼ਦ ਦੇ ਇਕ, ਨਾਮਜ਼ਦ ਤਿੰਨ ਸੰਸਦ ਮੈਂਬਰਾਂ ਨਾਲ ਅੰਨਾਡੀਐੱਮਕੇ ਦੇ 11, ਬੀਜੇਡੀ ਦੇ ਸੱਤ, ਵਾਈਐੱਸਆਰ ਕਾਂਗਰਸ ਦੇ ਦੋ ਮੈਂਬਰਾਂ ਤੋਂ ਇਲਾਵਾ ਟੀਡੀਪੀ ਦੇ ਵੀ ਦੋ ਮੈਂਬਰਾਂ ਦਾ ਸਮਰਥਨ ਹੈ। ਇਸ ਹਿਸਾਬ ਨਾਲ ਐੱਨਡੀਏ ਤੋਂ ਇਲਾਵਾ 127 ਤਕ ਪੁੱਜਦਾ ਦਿਸ ਰਿਹਾ ਹੈ।

Posted By: Jagjit Singh