ਜਾਗਰਣ ਬਿਊਰੋ, ਨਵੀਂ ਦਿੱਲੀ : ਲੋਕ ਸਭਾ ਵਿਚ ਸੋਮਵਾਰ ਨੂੰ ਪੇਸ਼ ਹੋਣ ਜਾ ਰਹੇ ਨਾਗਰਿਕਤਾ ਸੋਧ ਬਿੱਲ 'ਤੇ ਸਿਆਸੀ ਖੇਮੇਬੰਦੀ ਦੀ ਤਸਵੀਰ ਸਾਫ਼ ਹੋ ਗਈ ਹੈ।

ਭਾਈਵਾਲ ਅਤੇ ਬੀਜੂ ਜਨਤਾ ਦਲ ਵਰਗੇ ਮਿੱਤਰ ਦਲਾਂ ਦੇ ਸਮਰਥਨ ਦੇ ਬੂਤੇ ਐੱਨਡੀਏ ਸਰਕਾਰ ਨੇ ਬਿੱਲ ਨੂੰ ਪਾਸ ਕਰਵਾਉਣ ਦੀ ਤਿਆਰੀ ਕਰ ਲਈ ਹੈ। ਉਧਰ, ਕਾਂਗਰਸ ਦੀ ਅਗਵਾਈ ਵਿਚ ਜ਼ਿਆਦਾਤਰ ਵਿਰੋਧੀ ਪਾਰਟੀਆਂ ਨੇ ਨਾਗਰਿਕਤਾ ਸੋਧ ਬਿੱਲ ਦੇ ਮੌਜੂਦਾ ਸਰੂਪ ਨੂੰ ਦੇਸ਼ ਲਈ ਖ਼ਤਰਨਾਕ ਦੱਸਦੇ ਹੋਏ ਇਸ ਦਾ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ।

ਪਾਰਟੀ ਰਣਨੀਤੀਕਾਰਾਂ ਨਾਲ ਹੋਈ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੂਰੀ ਤਾਕਤ ਨਾਲ ਸੰਸਦ ਵਿਚ ਇਸ ਬਿੱਲ ਦਾ ਵਿਰੋਧ ਕਰਨ 'ਤੇ ਮੋਹਰ ਲਗਾ ਦਿੱਤੀ ਹੈ। ਦੂਜੇ ਪਾਸੇ ਲੋਕ ਸਭਾ ਦੀ ਸੋਮਵਾਰ ਦੀ ਕਾਰਜ ਸੂਚੀ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿੱਲ ਪੇਸ਼ ਕਰਨ ਦੀ ਤਿਆਰੀ ਦੀ ਜਾਣਕਾਰੀ ਦੇ ਕੇ ਸਰਕਾਰ ਨੇ ਵੀ ਆਪਣੇ ਇਰਾਦੇ ਸਾਫ਼ ਕਰ ਦਿੱਤੇ ਹਨ। ਸਰਕਾਰ ਅਤੇ ਵਿਰੋਧੀ ਧਿਰ ਦੇ ਰੁਖ਼ ਨੂੰ ਦੇਖਦੇ ਹੋਏ ਲੋਕ ਸਭਾ ਵਿਚ ਸੋਮਵਾਰ ਨੂੰ ਸਿਆਸੀ ਸੰਗਰਾਮ ਤੈਅ ਮੰਨਿਆ ਜਾ ਰਿਹਾ ਹੈ।

ਨਾਗਰਿਕਤਾ ਸੋਧ ਬਿੱਲ 'ਤੇ ਕਿਸ ਤਰ੍ਹਾਂ ਆਰ-ਪਾਰ ਹੋਣ ਵਾਲੀ ਹੈ, ਇਸ ਦੀ ਝਲਕ ਐਤਵਾਰ ਨੂੰ ਦੋਨਾਂ ਧਿਰਾਂ ਵੱਲੋਂ ਆਏ ਬਿਆਨਾਂ ਵਿਚ ਦਿਸੀ। ਕਾਂਗਰਸੀ ਐੱਮਪੀ ਸ਼ਸ਼ੀ ਥਰੂਰ ਨੇ ਬਿੱਲ ਦੀਆਂ ਤਜਵੀਜ਼ਾਂ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਮੌਜੂਦਾ ਸਰੂਪ ਵਿਚ ਪਾਸ ਹੋ ਗਿਆ ਤਾਂ ਇਹ ਗਾਂਧੀ ਦੇ ਵਿਚਾਰਾਂ ਅਤੇ ਜਿਨਾਹ ਦੇ ਵਿਚਾਰਾਂ ਦੀ ਜਿੱਤ ਹੋਵੇਗੀ।

ਉਧਰ, ਭਾਜਪਾ ਆਗੂ ਰਾਮ ਮਾਧਵ ਨੇ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਦੇ ਸ਼ੋਸ਼ਣ ਦਾ ਸ਼ਿਕਾਰ ਗ਼ੈਰ-ਮੁਸਲਿਮ ਧਰਮਾਂ ਵਾਲਿਆਂ ਨੂੰ ਨਾਗਰਿਕਤਾ ਦੇਣ ਸਬੰਧੀ ਪ੍ਰਸਤਾਵ ਨੂੰ ਜਾਇਜ਼ ਠਹਿਰਾਇਆ। ਉਨ੍ਹਾਂ ਕਿਹਾ ਕਿ ਸ਼ੋਸ਼ਣ ਦਾ ਸ਼ਿਕਾਰ ਘੱਟ ਗਿਣਤੀਆਂ ਲਈ ਭਾਰਤ ਨੇ ਆਪਣਾ ਦਰਵਾਜ਼ਾ ਹਮੇਸ਼ਾ ਖੁੱਲ੍ਹਾ ਰੱਖਿਆ ਹੈ।

ਨਾਗਰਿਕਤਾ ਬਿੱਲ 'ਤੇ ਸਰਕਾਰ ਨੂੰ ਬੈਕਪੁਟ 'ਤੇ ਧੱਕਣ ਲਈ ਸੋਨੀਆ ਗਾਂਧੀ ਨੇ ਐਤਵਾਰ ਨੂੰ 10-ਜਨਪਥ 'ਤੇ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਰਣਨੀਤੀਕਾਰਾਂ ਨਾਲ ਚਰਚਾ ਕੀਤੀ। ਇਸ ਵਿਚ ਤੈਅ ਹੋਇਆ ਕਿ ਪਾਰਟੀ ਸੰਸਦ ਵਿਚ ਸਾਫ਼ ਕਰੇਗੀ ਕਿ ਉਹ ਬਿੱਲ ਦਾ ਨਹੀਂ ਬਲਕਿ ਇਸ ਵਿਚ ਧਾਰਮਿਕ ਆਧਾਰ 'ਤੇ ਭੇਦਭਾਵ ਦੀਆਂ ਤਜਵੀਜ਼ਾਂ ਦੇ ਖ਼ਿਲਾਫ਼ ਹੈ। ਕਾਂਗਰਸ ਵੱਲੋਂ ਬਿੱਲ ਦੀ ਵਿਵਾਦਤ ਤਜਵੀਜ਼ ਵਿਚ ਸੋਧ ਵੀ ਪੇਸ਼ ਕੀਤੀ ਜਾਵੇਗੀ। ਮਾਕਪਾ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਬਿੱਲ ਦੀਆਂ ਧਾਰਮਿਕ ਭੇਦਭਾਵ ਵਾਲੀਆਂ ਤਜਵੀਜ਼ਾਂ ਨੂੰ ਹਟਾਉਣ ਲਈ ਸੋਧ ਪੇਸ਼ ਕੀਤੀ ਜਾਏਗੀ ਅਤੇ ਪਾਰਟੀ ਬਿੱਲ ਦਾ ਵਿਰੋਧ ਕਰੇਗੀ।

ਰਾਜ ਸਭਾ 'ਚ ਰਸਤਾ ਰੋਕਣ ਦੀ ਤਿਆਰੀ

ਲੋਕ ਸਭਾ ਵਿਚ ਐੱਨਡੀਏ ਅਤੇ ਉਸ ਦੀਆਂ ਸਮਰਥਕ ਪਾਰਟੀਆਂ ਕੋਲ ਦੋ-ਤਿਹਾਈ ਬਹੁਮਤ ਨੂੰ ਦੇਖਦੇ ਹੋਏ ਬਿੱਲ ਦਾ ਪਾਸ ਹੋਣਾ ਲਗਪਗ ਤੈਅ ਹੈ। ਇਸ ਲਈ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਰਾਜ ਸਭਾ ਵਿਚ ਵੱਧ ਗਿਣਤੀ ਦੇ ਜ਼ੋਰ 'ਤੇ ਬਿੱਲ ਨੂੰ ਸਿਲੈਕਟ ਕਮੇਟੀ ਵਿਚ ਭੇਜਣ ਦੀਆਂ ਕੋਸ਼ਿਸ਼ਾਂ ਵਿਚ ਲੱਗੀਆਂ ਹਨ।

ਵਿਰੋਧੀ ਧਿਰ ਦੀ ਤਾਕਤ

ਕਾਂਗਰਸ ਅਤੇ ਖੱਬੇ ਪੱਖੀਆਂ ਦੇ ਇਲਾਵਾ ਤਿ੍ਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਬਸਪਾ, ਰਾਜਦ, ਡੀਐੱਮਕੇ, ਰਾਕਾਂਪਾ ਸਮੇਤ ਕੁਝ ਦੂਜੀਆਂ ਛੋਟੀਆਂ ਪਾਰਟੀਆਂ ਬਿੱਲ ਦੇ ਮੌਜੂਦਾ ਸਰੂਪ ਦਾ ਵਿਰੋਧ ਕਰ ਰਹੀਆਂ ਹਨ।

ਸਰਕਾਰ ਦੇ ਨਾਲ

ਬੀਜਦ, ਅੰਨਾਡੀਐੱਮਕੇ, ਵਾਈਐੱਸਆਰ ਕਾਂਗਰਸ ਅਤੇ ਟੀਆਰਐੱਸ ਹੁਣ ਤਕ ਜਿਸ ਤਰ੍ਹਾਂ ਨਾਲ ਸਰਕਾਰ ਦੇ ਨਾਲ ਰਹੇ ਹਨ ਉਸ ਵਿਚ ਰਾਜ ਸਭਾ ਵਿਚ ਵੀ ਵਿਰੋਧ ਲਈ ਬਿੱਲ ਨੂੰ ਰੋਕਣਾ ਕਠਿਨ ਕੰਮ ਹੈ।

ਸ਼ੋਸ਼ਣ ਦਾ ਸ਼ਿਕਾਰ ਗ਼ੈਰ-ਮੁਸਲਿਮਾਂ ਨੂੰ ਨਾਗਰਿਕਤਾ ਦੀ ਤਜਵੀਜ਼

ਨਾਗਰਿਕਤਾ ਸੋਧ ਬਿੱਲ ਵਿਚ ਸਰਕਾਰ ਨੇ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚ ਧਾਰਮਿਕ ਭੇਦਭਾਵ ਅਤੇ ਸ਼ੋਸ਼ਣ ਦਾ ਸ਼ਿਕਾਰ ਹੋ ਕੇ ਆਉਣ ਵਾਲੇ ਗ਼ੈਰ-ਮੁਸਲਿਮ ਧਰਮਾਂ ਵਾਲਿਆਂ ਹਿੰਦੂ, ਬੁੱਧ, ਜੈਨ, ਸਿੱਖ, ਪਾਰਸੀ ਅਤੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਤਜਵੀਜ਼ ਕੀਤੀ ਹੈ। ਇਸ ਵਿਚ ਮੁਸਲਿਮ ਭਾਈਚਾਰੇ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।

'ਧਰਮ ਦੇ ਆਧਾਰ 'ਤੇ ਨਾਗਰਿਕਤਾ ਦੇਣ ਦਾ ਮਤਲਬ ਹੋਵੇਗਾ ਕਿ ਭਾਰਤ ਪਾਕਿਸਤਾਨ ਦਾ ਹਿੰਦੂਵਾਦੀ ਰੂਪ ਬਣ ਜਾਏਗਾ। ਭਾਜਪਾ ਸਰਕਾਰ ਇਕ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੀ ਹੈ।'

-ਸ਼ਸ਼ੀ ਥਰੂਰ, ਕਾਂਗਰਸ ਐੱਮਪੀ

'ਧਰਮ ਦੇ ਆਧਾਰ 'ਤੇ ਦੇਸ਼ ਦੀ ਵੰਡ ਪਿੱਛੋਂ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਬੰਗਲਾਦੇਸ਼ ਵਿਚ ਸ਼ੋਸ਼ਣ ਦਾ ਸ਼ਿਕਾਰ ਘੱਟ ਗਿਣਤੀਆਂ ਨੂੰ ਸੁਰੱਖਿਆ ਅਤੇ ਨਾਗਰਿਕਤਾ ਦੇਣਾ ਭਾਰਤ ਦਾ ਫ਼ਰਜ਼ ਹੈ।'

-ਰਾਮ ਮਾਧਵ, ਭਾਜਪਾ ਆਗੂ