ਜੇਐੱਨਐੱਨ, ਨਵੀਂ ਦਿੱਲੀ : ਸਿਟੀ ਗਰੁੱਪ ਭਾਰਤ ਤੇ ਚੀਨ ਸਮੇਤ 13 ਦੇਸ਼ਾਂ ਨਾਲ ਆਪਣਾ ਕੰਜ਼ਿਊਮਰ ਬੈਂਕਿੰਗ ਕਾਰੋਬਾਰ ਖ਼ਤਮ ਕਰਨ ਜਾ ਰਿਹਾ ਹੈ। ਸਮਾਚਾਰ ਏਏਐੱਫਪੀ ਮੁਤਾਬਕ ਅਮਰੀਕਾ ਦੇ ਬਹੁਰਾਸ਼ਟਰੀ ਬੈਂਕਿੰਗ ਤੇ ਵਿੱਤੀ ਸੇਵਾ ਸਮੂਹ ਨੇ ਇਹ ਫੈਸਲਾ ਭਵਿੱਖ ’ਚ ਵੈਲਥ ਮੈਨੇਜਮੈਂਟ ’ਤੇ ਜ਼ਿਆਦਾ ਫੋਕਸ ਕਰਨ ਦੇ ਇਰਾਦੇ ਨਾਲ ਲਿਆ ਹੈ। ਏਜੰਸੀਆਂ ਦੀ ਰਿਪੋਰਟ ਮੁਤਾਬਕ ਗਲੋਬਲ ਕੰਜ਼ਿਊਮਰ ਬੈਂਕਿੰਗ ਬਿਜ਼ਨੈੱਸ ਦੇ ਮਾਮਲੇ ’ਚ ਬੈਂਕ ਹੁਣ ਸਿਰਫ ਚਾਰ ਦੇਸ਼ਾਂ ਸਿੰਗਾਪੁਰ, ਹਾਂਗਕਾਂਗ, ਲੰਡਨ ਤੇ ਸੰਯੁਕਤ ਅਰਬ ਅਮੀਰਾਤ ’ਤੇ ਮੁੱਖ ਰੂਪ ਨਾਲ ਫੋਕਸ ਕਰੇਗਾ।

ਸਿਟੀ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈਨ ਫਰੇਜਰ ਨੇ ਕਿਹਾ ਕਿ ਸਿੱਟੀ ਗਰੁੱਪ ਚੀਨ, ਭਾਰਤ ਤੇ 11 ਹੋਰ ਦੇਸ਼ਾਂ ਨਾਲ ਰਿਟੇਲ ਮਾਰਕੀਟ ਨੂੰ ਛੱਡ ਦੇਵੇਗਾ, ਕਿਉਂਕਿ ਇਨ੍ਹਾਂ ਦੇਸ਼ਾਂ ਦੇ ਬੈਂਕਿੰਗ ਬਿਜ਼ਨੈੱਸ ’ਚ ਬਣੇ ਰਹਿਣ ਲਈ ਉਨ੍ਹਾਂ ਕੋਲ ਕੰਮਕਾਜ ਦਾ ਓਨਾ ਵੱਡਾ ਦਾਇਰਾ ਨਹੀਂ ਹੈ। ਸਿਟੀ ਗਰੁੱਪ ਦੇ ਇਸ ਫੈਸਲੇ ਨਾਲ ਪ੍ਰਭਾਵਿਤ 11 ਦੇਸ਼ ਹਨ- ਆਸਟ੍ਰੇਲੀਆ, ਬਹਿਰੀਨ, ਇੰਡੋਨੇਸ਼ੀਆ, ਦੱਖਣੀ ਕੋਰੀਆ, ਮਲੇਸ਼ੀਆ, ਫਿਲੀਪੀਂਸ, ਪੋਲੈਂਡ, ਰੂਸ, ਤਾਈਵਾਨ, ਥਾਈਲੈਂਡ ਤੇ ਵਿਯਤਨਾਮ। ਮਾਰਚ ’ਚ ਸੀਈਓ ਬਣੇ ਜੈਨ ਫਰੇਜਰ ਨੇ ਕਿਹਾ ਕਿ ਸਮੂਹ ਹੁਣ ਵੈਲਥ ਮੈਨੇਜਮੈਂਟ ’ਤੇ ਜ਼ਿਆਦਾ ਫੋਕਸ ਕਰੇਗਾ, ਜਿਥੇ ਵਿਕਾਸ ਦੀਆਂ ਕਾਫੀ ਸੰਭਾਵਨਾਵਾਂ ਮੌਜੂਦ ਹਨ।

ਫਰੇਜਰ ਨੇ ਕਿਹਾ ਕਿ ਸਮੂਹ ਵੈਲਥ ਮੈਨੇਜਮੈਂਟ ਖੇਤਰ ’ਤੇ ਦੋਗੁਣਾ ਫੋਕਸ ਕਰੇਗਾ। ਸਿਟੀ ਗਰੁੱਪ ਜਿਨ੍ਹਾਂ 13 ਦੇਸ਼ਾਂ ਤੋਂ ਬਾਹਰ ਹੋ ਰਿਹਾ ਹੈ, ਉਨ੍ਹਾਂ ਤੋਂ ਜ਼ਿਆਦਾ ਮੁੱਲ ਏਸ਼ੀਆ ਦੇ ਹਨ। ਇਨ੍ਹਾਂ ਏਸ਼ੀਆਈ ਮੁਲਕਾਂ ’ਚ ਸਿਟੀ ਗਰੁੱਪ ਦਾ ਕਾਰੋਬਾਰ ਸਾਲ 2020 ’ਚ 6.5 ਅਰਬ ਡਾਲਰ ਦਾ ਸੀ। ਸਮਾਚਾਰ ਏਜੰਸੀ ਏਐੱਫਪੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਦੇਸ਼ਾਂ ’ਚ ਇਸ ਸਮੂਹ ਦੇ 224 ਰਿਟੇਲ ਬਰਾਂਚ ਹਨ, ਜਿਨ੍ਹਾਂ ’ਚ 123.9 ਅਰਬ ਡਾਲਰ ਦੇ ਡਿਪੋਜ਼ਿਟਸ ਹਨ।

Posted By: Sunil Thapa