ਸਟੇਟ ਬਿਊਰੋ, ਕੋਲਕਾਤਾ : ਬੰਗਾਲ ਦੇ ਕੂਚਬਿਹਾਰ ਜ਼ਿਲ੍ਹੇ 'ਚ ਸ਼ੀਤਲਕੂਚੀ 'ਚ ਵੋਟਾਂ ਦੌਰਾਨ ਕੇਂਦਰੀ ਬਲ ਦੀ ਫਾਇਰਿੰਗ ਵਿਚ ਚਾਰ ਲੋਕਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਸੀਆਈਡੀ ਕਰ ਰਹੀ ਹੈ। ਇਸ ਮਾਮਲੇ ਵਿਚ ਸੀਆਈਡੀ ਨੇ ਇਕ ਵਾਰ ਫਿਰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ ਛੇ ਜਵਾਨਾਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਸ ਬਾਰੇ ਸੀਆਈਡੀ ਨੇ ਸੀਆਈਐੱਸਐੱਫ ਦੇ ਉਕਤ ਜਵਾਨਾਂ ਨੂੰ ਸੰਮਨ ਭੇਜਿਆ ਹੈ ਜਿਸ ਵਿਚ ਉਨ੍ਹਾਂ ਤੋਂ ਦੋ ਜਾਂ ਤਿੰਨ ਅਗਸਤ ਨੂੰ ਸੀਆਈਡੀ ਮੁੱਖ ਦਫਤਰ ਭਵਾਨੀ ਭਵਨ 'ਚ ਹਾਜ਼ਰ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਵਿਧਾਨ ਸਭਾ ਦੇ ਚੌਥੇ ਦੌਰ ਦੀਆਂ ਵੋਟਾਂ ਦੇ ਦਿਨ ਇਹ ਸਾਰੇ ਜਵਾਨ ਸ਼ੀਤਲਕੂਚੀ ਦੇ ਉਕਤ ਬੂਥ 'ਤੇ ਤਾਇਨਾਤ ਸਨ ਜਿੱਥੇ ਗੋਲੀਆਂ ਚੱਲੀਆਂ ਸਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਹ ਪੁੱਛਗਿੱਛ ਲਈ ਹਾਜ਼ਰ ਹੋਣਗੇ ਜਾਂ ਨਹੀਂ। ਉਨ੍ਹਾਂ ਨੂੰ ਪਹਿਲਾਂ ਵੀ ਤਲਬ ਕੀਤਾ ਸੀ ਪਰ ਉਹ ਹਾਜ਼ਰ ਨਹੀਂ ਹੋਏ ਸਨ।