ਸੰਜੇ ਮਿਸ਼ਰ, ਨਵੀਂ ਦਿੱਲੀ : ਪੂਰਬੀ ਲੱਦਾਖ 'ਚ ਐੱਲਏਸੀ 'ਤੇ ਤਣਾਅ ਦੂਰ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਚੀਨ ਨੇ ਪੈਂਗੋਂਗ ਤਸੋ ਝੀਲ ਇਲਾਕੇ 'ਚ ਫਿੰਗਰ ਫੋਰ ਤੋਂ ਵੀ ਆਪਣੇ ਫ਼ੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਤਾਜ਼ਾ ਸੈਟੇਲਾਈਟ ਤਸਵੀਰਾਂ ਤੋਂ ਸਾਫ ਹੈ ਕਿ ਚੀਨ ਨੇ ਪੈਂਗੋਂਗ ਤਸੋ ਝੀਲ ਤੋਂ ਆਪਣੇ ਫ਼ੌਜੀਆਂ ਦੀ ਗਿਣਤੀ ਘਟਾਈ ਹੈ। ਉਥੇ ਇਸ ਇਲਾਕੇ 'ਚ ਵਿਵਾਦ ਦੇ ਸਭ ਤੋਂ ਮੁੱਖ ਕੇਂਦਰ ਬਣੇ ਫਿੰਗਰ ਫੋਰ ਇਲਾਕੇ 'ਚੋਂ ਵੀ ਚੀਨੀ ਫ਼ੌਜ ਆਪਣੇ ਸਾਜੋ-ਸਾਮਾਨ ਨਾਲ ਪਿੱਛੇ ਹਟ ਰਹੇ ਹਨ। ਉੱਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ ਆਫ ਡਿਫੈਂਸ ਸਟਾਫ ਤੇ ਤਿੰਨ ਫ਼ੌਜਾਂ ਦੇ ਪ੍ਰਮੁੱਖਾਂ ਨਾਲ ਬੈਠਕ ਕਰ ਕੇ ਲੱਦਾਖ ਦੇ ਅਗਲੇ ਮੋਰਚਿਆਂ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ।

ਭਾਰਤ ਤੇ ਚੀਨ ਦੇ ਵਿਦੇਸ਼ ਮੰਤਰਾਲਿਆਂ ਦੇ ਪੱਧਰ 'ਤੇ ਹੋਈ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ਾਂ ਵੱਲੋਂ ਜਾਰੀ ਵੱਖ-ਵੱਖ ਬਿਆਨਾਂ 'ਚ ਵੀ ਐੱਲਏਸੀ ਫ਼ੌਜੀਆਂ ਨੂੰ ਆਹਮੋ-ਸਾਹਮਣੇ ਟਕਰਾਅ ਦੀ ਸਥਿਤੀ ਤੋਂ ਹਟਾਉਣ ਦੀ ਸ਼ੁਰੂ ਹੋਈ ਪ੍ਰਕਿਰਿਆ ਨੂੰ ਗੰਭੀਰਤਾ ਨਾਲ ਅੱਗੇ ਵਧਾਉਣ ਦੀ ਗੱਲ ਕਹੀ ਗਈ ਹੈ।

ਸੂਤਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪੈਂਗੋਂਗ ਤਸੋ ਝੀਲ ਤੇ ਫਿੰਗਰ ਫੋਰ ਇਲਾਕੇ ਤੋਂ ਚੀਨੀ ਫ਼ੌਜੀ ਪਿੱਛੇ ਪਰਤ ਰਹੇ ਹਨ ਤੇ ਅਗਲੇ ਕੁਝ ਦਿਨ 'ਚ ਇਹ ਇਲਾਕਾ ਖਾਲੀ ਹੋ ਜਾਵੇਗਾ। ਭਾਰਤੀ ਫ਼ੌਜ ਵੀ ਇਸੇ ਅਨੁਪਾਤ 'ਚ ਪਿੱਛੇ ਹਟ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਗੋਗਰਾ ਇਲਾਕੇ ਦੇ ਪੈਟ੍ਰੋਲਿੰਗ ਪੁਆਇੰਟ 17ਏ ਤੋਂ ਵੀ ਚੀਨੀ ਫ਼ੌਜੀ ਹੁਣ ਲਗਪਗ ਪਰਤ ਗਏ ਹਨ। ਇਸ ਇਲਾਕੇ 'ਚ ਦੋਵੇਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਕਰੀਬ ਚਾਰ ਕਿਲੋਮੀਟਰ ਦੀ ਬਫਰ ਜ਼ੋਨ ਬਣ ਗਈ ਹੈ। ਐੱਲਏਸੀ 'ਤੇ ਫ਼ੌਜੀਆਂ ਨੂੰ ਪਿੱਛੇ ਹਟਾਉਣ ਦੀ ਬੀਤੇ ਐਤਵਾਰ ਤੋਂ ਸ਼ੁਰੂ ਹੋਈ ਪ੍ਰਕਿਰਿਆ ਤਹਿਤ ਚੀਨੀ ਫ਼ੌਜ ਗਲਵਾਨ ਵਾਦੀ 'ਚ ਪੈਟ੍ਰੋਲਿੰਗ ਪੁਆਇੰਟ 14 ਤੇ 15 ਨਾਲ ਪੂਰੇ ਹਾਟ ਸਪਿ੍ਰੰਗ ਇਲਾਕੇ ਨੂੰ ਪੂਰਾ ਤਰ੍ਹਾਂ ਖਾਲੀ ਕਰ ਚੁੱਕੀ ਹੈ। ਭਾਰਤੀ ਫ਼ੌਜ ਵੀ ਇਨ੍ਹਾਂ ਇਲਾਕਿਆਂ 'ਚ ਸਮਝੌਤੇ ਦੇ ਹਿਸਾਬ ਨਾਲ ਦੋ ਕਿਲੋਮੀਟਰ ਪਿੱਛੇ ਪਰਤੀ ਹੈ।

ਪੈਂਗੋਂਗ ਤਸੋ ਇਲਾਕੇ ਤੇ ਫਿੰਗਰ ਏਰੀਆ 'ਚ ਫੌਜੀਆਂ ਨੂੰ ਪਿੱਛੇ ਹਟਾਉਣ ਦੀ ਇਸ ਪ੍ਰਕਿਰਿਆ ਤੋਂ ਬਾਅਦ ਤਣਾਅ ਘਟਾਉਣ ਦੇ ਦੂਜੇ ਪੜਾਅ ਦੇ ਕਦਮਾਂ ਨੂੰ ਲੈ ਕੇ ਦੋਵੇਂ ਦੇਸ਼ਾਂ ਦੇ ਕੋਰ ਕਮਾਂਡਰਾਂ ਦੀ ਬੈਠਕ ਅਗਲੇ ਹਫ਼ਤੇ ਦੀ ਸ਼ੁਰੂਆਤ 'ਚ ਹੀ ਹੋਵੇਗੀ।

ਫ਼ੌਜ ਵਰਤ ਰਹੀ ਹੈ ਚੌਕਸੀ

ਫਿਲਹਾਲ ਫ਼ੌਜ ਚੌਕਸੀ 'ਚ ਕੋਈ ਕਮੀ ਨਹੀਂ ਛੱਡ ਰਹੀ ਹੈ। ਐੱਲਏਸੀ ਦੇ ਸਾਰੇ ਅਗਲੇ ਮੋਰਚਿਆਂ 'ਤੇ ਫ਼ੌਜ ਤੇ ਹਵਾਈ ਫੌਜ ਅਲਰਟ ਦੀ ਸਥਿਤੀ 'ਚ ਹੈ। ਇਸ ਦੇ ਮੱਦੇਨਜ਼ਰ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੀਡੀਐੱਸ ਜਨਰਲ ਬਿਪਿਨ ਰਾਵਤ, ਫ਼ੌਜ ਪ੍ਰਮੁੱਖ ਐੱਮਐੱਮ ਨਰਵਾਣੇ, ਸਮੁੰਦਰੀ ਫ਼ੌਜ ਪ੍ਰਮੁੱਖ ਐਡਮਿਰਲ ਕਰਮਵੀਰ ਸਿੰਘ ਤੇ ਹਵਾਈ ਫ਼ੌਜ ਪ੍ਰਮੁੱਖ ਏਅਰ ਮਾਰਸ਼ਲ ਆਰਕੇਐੱਸ ਭਦੌੜੀਆ ਤੇ ਹੋਰ ਸਿਖਰਲੇ ਫ਼ੌਜੀ ਅਧਿਕਾਰੀਆਂ ਨਾਲ ਪੂਰਬੀ ਲੱਦਾਖ 'ਚ ਸੁਰੱਖਿਆ ਚੁਣੌਤੀਆਂ ਦੀ ਤਾਜ਼ਾ ਸਥਿਤੀ ਤੇ ਰਣਨੀਤੀ 'ਤੇ ਚਰਚਾ ਕੀਤੀ।

ਫ਼ੌਜ ਪ੍ਰਮੁੱਖ ਨੇ ਰੱਖਿਆ ਮੰਤਰੀ ਨੂੰ ਹਾਲਾਤ ਨਾਲ ਕਰਵਾਇਆ ਰੂਬਰੂ

ਫ਼ੌਜ ਪ੍ਰਮੁੱਖ ਨੇ ਐੱਲਏਸੀ 'ਤੇ ਗਲਵਾਨ ਵਾਦੀ, ਗੋਗਰਾ, ਹਾਟ ਸਪਿ੍ਰੰਗ ਦੇ ਇਲਾਕੇ ਤੋਂ ਚੀਨੀ ਫ਼ੌਜੀਆਂ ਦੇ ਪਿੱਛੇ ਹਟਣ ਦੀ ਤਾਜ਼ਾ ਸਥਿਤੀ ਦੀ ਰੱਖਿਆ ਮੰਤਰੀ ਨੂੰ ਜਾਣਕਾਰੀ ਦਿੱਤੀ। ਫ਼ੌਜ ਪ੍ਰਮੁੱਖ ਨੇ ਇਸ ਦੌਰਾਨ ਐੱਲਏਸੀ 'ਤੇ ਸੰਵੇਦਨਸ਼ੀਲ ਅਗਲੇ ਮੋਰਚਿਆਂ 'ਤੇ ਚੀਨੀਆਂ ਨਾਲ ਮੁਕਾਬਲੇ ਲਈ ਭਾਰਤੀ ਫ਼ੌਜ ਦੀਆਂ ਆਪਰੇਸ਼ਨਲ ਤਿਆਰੀਆਂ ਤੋਂ ਵੀ ਰੱਖਿਆ ਮੰਤਰੀ ਨੂੰ ਰੂਬਰੂ ਕਰਵਾਇਆ। ਲੱਦਾਖ ਤੋਂ ਇਲਾਵਾ ਸਿੱਕਮ, ਅਰੁਨਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਵੀ ਚੀਨ ਨਾਲ ਲੱਗਦੀਆਂ ਹੱਦਾਂ 'ਤੇ ਫ਼ੌਜ ਤੇ ਹਵਾਈ ਫ਼ੌਜ ਦੀ ਚੌਕਸੀ ਦੀ ਸਮੀਖਿਆ ਕੀਤੀ ਗਈ।