ਬੀਜਿੰਗ (ਏਜੰਸੀਆਂ) : ਚੀਨ ਨੂੰ ਪੁਲਾੜ ਦੇ ਖੇਤਰ 'ਚ ਸ਼ਾਨਦਾਰ ਸਫਲਤਾ ਪ੍ਰਰਾਪਤ ਹੋਈ ਹੈ। ਇਸ ਨੇ ਸ਼ਨਿਚਰਵਾਰ ਨੂੰ ਮੰਗਲ ਗ੍ਰਹਿ 'ਤੇ ਆਪਣਾ ਰੋਵਰ ਸਫਲਤਾਪੂਰਵਕ ਉਤਾਰ ਦਿੱਤਾ। ਇਹ ਸਿਰਫ਼ ਦੂਜਾ ਦੇਸ਼ ਹੈ ਜਿਸ ਨੇ ਲਾਲ ਗ੍ਰਹਿ 'ਤੇ ਆਪਣਾ ਰੋਵਰ ਉਤਾਰਿਆ ਹੈ। ਇਸ ਤੋਂ ਪਹਿਲਾਂ ਸਿਰਫ਼ ਅਮਰੀਕਾ ਨੇ ਇਸ ਗ੍ਰਹਿ 'ਤੇ ਆਪਣਾ ਰੋਵਰ ਉਤਾਰਿਆ ਸੀ। ਚੀਨੀ ਮਿੱਥਕ 'ਚ ਅਗਨੀ ਦੇ ਦੇਵਤਾ ਦੇ ਨਾਂ 'ਤੇ ਰੋਵਰ ਦਾ ਨਾਂ ਝੂਰੋਂਗ ਰੱਖਿਆ ਗਿਆ ਹੈ। ਲੈਂਡਰ ਰੋਵਰ ਝੂਰੋਂਗ ਨਾਲ ਪੈਰਾਸ਼ੂਟ ਦੀ ਮਦਦ ਨਾਲ ਹੇਠਾਂ ਉਤਰਿਆ ਅਤੇ ਵਾਯੂਮੰਡਲ ਤੋਂ ਸੱਤ ਮਿੰਟ ਵਿਚ ਲੈਂਡ ਹੋਇਆ।

ਸ਼ਿਨਹੁਆ ਨਿਊਜ਼ ਏਜੰਸੀ ਨੇ ਦੱਸਿਆ ਕਿ ਰੋਵਰ ਨੂੰ ਮੰਗਲ 'ਤੇ ਪਹਿਲਾਂ ਤੋਂ ਨਿਰਧਾਰਤ ਯੂਟੋਪੀਆ ਪਲੇਨਿਸ਼ੀਆ ਇਲਾਕੇ ਵਿਚ ਉਤਾਰਿਆ ਗਿਆ ਹੈ। ਸੂਰਜੀ ਊਰਜਾ ਨਾਲ ਚੱਲਣ ਵਿਚ ਸਮਰੱਥ ਝੂਰੋਂਗ 'ਚ ਛੇ ਪਹੀਏ ਲੱਗੇ ਹਨ। ਇਹ 240 ਕਿਲੋਗ੍ਰਾਮ ਵਜ਼ਨ ਦਾ ਹੈ ਅਤੇ ਆਪਣੇ ਨਾਲ ਛੇ ਵਿਗਿਆਨਕ ਯੰਤਰ ਲੈ ਕੇ ਗਿਆ ਹੈ। ਇਹ ਮੰਗਲ 'ਤੇ ਚੱਟਾਨਾਂ ਦੇ ਸੈਂਪਲ ਇਕੱਠੇ ਕਰੇਗਾ ਅਤੇ ਉਨ੍ਹਾਂ ਦਾ ਅਧਿਐਨ ਕਰੇਗਾ। ਇਹ ਕਰੀਬ ਤਿੰਨ ਮਹੀਨਿਆਂ ਤਕ ਕੰਮ ਕਰੇਗਾ। ਤਿਆਨਵੇਨ-1 ਪੁਲਾੜ ਯਾਨ ਨੂੰ 23 ਜੁਲਾਈ, 2020 ਨੂੰ ਲਾਂਚ ਕੀਤਾ ਗਿਆ ਸੀ। ਇਸ ਵਿਚ ਆਰਬਿਰਟਰ, ਲੈਂਡਰ ਤੇ ਰੋਵਰ ਸ਼ਾਮਲ ਹਨ। ਸੂਰਜੀ ਮੰਡਲ ਦੇ ਕਿਸੇ ਦੂਜੇ ਗ੍ਹਿ ਵੱਲ ਚੀਨ ਦਾ ਇਹ ਪਹਿਲਾ ਕਦਮ ਸੀ। ਇਸ ਮਿਸ਼ਨ ਦਾ ਮਕਸਦ ਆਰਬਿਰਟਰ, ਲੈਂਡਰ ਅਤੇ ਰੋਵਰ ਇਕੱਠੇ ਮੰਗਲ ਗ੍ਹਿ 'ਤੇ ਭੇਜਣਾ ਸੀ। ਚਾਈਨਾ ਨੈਸ਼ਨਲ ਸਪੇਸ ਐਡਮਿਨੀਸਟ੍ਰੇਸ਼ਨ (ਸੀਐੱਨਐੱਸਏ) ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਰੋਵਰ ਸਫਲਤਾ ਪੂਰਵਕ ਮੰਗਲ 'ਤੇ ਉਤਰ ਗਿਆ ਹੈ। ਪਹਿਲਾਂ ਦੀ ਨਿਰਧਾਰਤ ਲੈਂਡਿੰਗ ਲਈ ਗਰਾਊਂਡ ਕੰਟਰੋਲਰ ਨੂੰ ਇਕ ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਾ।