ਜਾਗਰਣ ਬਿਊਰੋ, ਨਵੀਂ ਦਿੱਲੀ : ਕਾਂਗਰਸ ਨੇ ਪੂਰਬੀ ਲੱਦਾਖ ਵਿਚ ਐੱਲਏਸੀ 'ਤੇ ਕਬਜ਼ੇ ਤੋਂ ਬਾਅਦ ਚੀਨ ਨੇ ਅਰੁਣਾਚਲ ਪ੍ਰਦੇਸ਼ ਵਿਚ ਸ਼ਰਾਰਤਪੂਰਨ ਇਰਾਦਿਆਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਪਾਰਟੀ ਨੇ ਕਿਹਾ ਹੈ ਕਿ ਚੀਨ ਤਿੱਬਤ ਦੇ ਇਲਾਕੇ ਵਿਚ ਯਾਰਲੂੰਗ ਸ਼ਾਂਗਪੋ ਨਦੀ 'ਤੇ ਕਿ ਬਣਾਉਟੀ ਝੀਲ ਬਣਾ ਰਿਹਾ ਹੈ। ਇਹ ਭਵਿੱਖ ਲਈ ਸਾਡੇ ਲਈ ਵਾਟਰ ਬੰਬ ਹੋ ਸਕਦਾ ਹੈ। ਵਿਸ਼ੇਸ਼ ਕਰ ਕੇ ਅਰੁਣਾਚਲ ਪ੍ਰਦੇਸ਼ ਦੀ ਸੁਰੱਖਿਆ ਦੇ ਲਿਹਾਜ਼ ਨਾਲ ਚੀਨ ਦਾ ਇਹ ਕਦਮ ਚਿੰਤਾਜਨਕ ਹੈ।

ਕਾਂਗਰਸੀ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਸ ਨਦੀ ਦੇ ਹੇਠਾਂ ਇਕ ਪੂਰਾ ਬੇਸਿਨ ਹੈ, ਜਿਸ ਨੂੰ ਅਰੁਣਾਚਲ ਸਿਯਾਂਗ ਬੇਸਿਨ ਕਹਿੰਦਾ ਹੈ। ਇਹ ਨਿਰਮਾਣ ਭਵਿੱਖ 'ਚ ਏਨਾ ਖ਼ਤਰਨਾਕ ਹੋ ਸਕਦਾ ਹੈ ਕਿ ਅਰੁਣਾਚਲ ਦੇ ਸਾਰੇ ਵਿਭਾਗਾਂ ਵਿਚ ਰੈੱਡ ਅਲਰਟ ਕਰ ਦਿੱਤਾ ਗਿਆ ਹੈ। ਸਿੰਘਵੀ ਨੇ ਕਿਹਾ ਕਿ ਇਹ ਬਣਾਉਟੀ ਝੀਲ ਅਚਾਨਕ ਪਾਣੀ ਦਾ ਵਹਾਅ ਛੱਡੇ ਜਾਣ ਦੀ ਸਥਿਤੀ ਵਿਚ ਅਰੁਣਾਚਲ ਲਈ ਵਾਟਰ ਬੰਬ ਸਾਬਤ ਹੋ ਸਕਦੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਭਾਰਤ ਨੇ ਚੀਨ ਦੇ ਸਾਹਮਣੇ ਇਸ ਨਿਰਮਾਣ ਦੇ ਮੁੱਦੇ ਨੂੰ ਉਠਾਇਆ ਹੈ। ਇਹ ਸਾਡੇ ਇਕ ਸੂਬੇ ਦੇ ਵੱਡੇ ਹਿੱਸੇ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਵਾਲਾ ਨਿਰਮਾਣ ਕੰਮ ਹੈ।

ਰਣਨੀਤਕ ਮੋਰਚੇ 'ਤੇ ਚੀਨ ਨਾਲ ਮਜ਼ਬੂਤੀ ਨਾਲ ਨਾ ਡਟੇ ਹੋਣ ਦਾ ਸਰਕਾਰ 'ਤੇ ਦੋਸ਼ ਲਾਉਂਦੇ ਹੋਏ ਕਾਂਗਰਸੀ ਬੁਲਾਰੇ ਨੇ ਕਿਹਾ ਕਿ ਡੇਪਸਾਂਗ ਵਿਚ ਚੀਨੀ ਫ਼ੌਜੀਆਂ ਦੇ ਕਬਜ਼ੇ ਨੂੰ ਲੈ ਕੇ ਇਕ ਪਾਸੇ ਗੱਲ ਚੱਲ ਰਹੀ ਹੈ, ਦੂਜੇ ਪਾਸੇ ਚੀਨ ਨੇ ਆਪਣੀ ਫੋਰਥ ਮੋਟਰਾਈਜ ਇੰਫੈਂਟਰੀ ਡਵੀਜ਼ਨ ਦੇ 17 ਹਜ਼ਾਰ ਫ਼ੌਜੀ ਡੇਪਸਾਂਗ ਵਿਚ ਤਾਇਨਾਤ ਕਰ ਦਿੱਤੇ ਹਨ। ਚੀਨ ਦੇ ਪ੍ਰਭਾਵ ਵਿਚ ਆ ਕੇ ਨੇਪਾਲ ਵੀ ਭਾਰਤ ਪ੍ਰਤੀ ਹਿੰਸਕ ਰਵੱਈਆ ਦਿਖਾ ਰਿਹਾ ਹੈ। ਨੇਪਾਲ ਆਪਣੀ ਫ਼ੌਜ ਨੂੰ ਲਗਾ ਕੇ ਦਾਰਚੁਲਾ-ਟਿੰਕਰ ਰੋਡ ਨੂੰ ਏਨੀ ਤੇਜ਼ੀ ਨਾਲ ਬਣਾ ਰਿਹਾ ਹੈ, ਜਿਵੇਂ ਕੋਈ ਜੰਗ ਹੋਣ ਵਾਲੀ ਹੋਵੇ।